Breaking News
Home / ਭਾਰਤ / ਲੋਕ ਸਭਾ ‘ਚ ਗੂੰਜਣਗੇ ਕਿਸਾਨੀ ਕਰਜ਼ੇ ਤੇ ਪੰਥਕ ਮੁੱਦੇ

ਲੋਕ ਸਭਾ ‘ਚ ਗੂੰਜਣਗੇ ਕਿਸਾਨੀ ਕਰਜ਼ੇ ਤੇ ਪੰਥਕ ਮੁੱਦੇ

ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀਆਂ ਨੇ ਬਣਾਈ ਰਣਨੀਤੀ
ਅਕਾਲੀ ਉਠਾਉਣਗੇ ਸਿੱਖਾਂ ਦੀ ਵੱਖਰੀ ਪਛਾਣ ਦਾ ਏਜੰਡਾ
ਚੰਡੀਗੜ੍ਹ/ਬਿਊਰੋ ਨਿਊਜ਼ : ਕਰਜ਼ੇ ਦੀ ਦਲਦਲ ਵਿਚੋਂ ਕੱਢਣ ਲਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਇਸ ਵਾਰ ਲੋਕ ਸਭਾ ਸੈਸ਼ਨ ਵਿਚ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਦੀ ਰਣਨੀਤੀ ਬਣਾਈ ਹੈ। ਸੂਬੇ ਵਿਚ ਕਰਜ਼ਾ ਮੁਆਫੀ ਸਕੀਮ ਨੂੰ ਲੈ ਕੇ ਵਿਵਾਦਾਂ ਵਿਚ ਘਿਰੀ ਸੱਤਾ ਧਿਰ ਕਾਂਗਰਸ, ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਇਥੋਂ ਤੱਕ ਕਿ ਕੇਂਦਰ ਦੀ ਮੋਦੀ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਸਾਨੀ ਮੁੱਦੇ ਲੋਕ ਸਭਾ ਵਿਚ ਉਠਾਉਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਇਲਾਵਾ ਅਕਾਲੀ ਦਲ ਆਪਣੇ ਪੰਥਕ ਏਜੰਡੇ ਤਹਿਤ ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਵੀ ਪਾਰਲੀਮੈਂਟ ਵਿਚ ਸ਼ੋਰ-ਸ਼ੋਰ ਨਾਲ ਮੋਦੀ ਸਰਕਾਰ ਸਾਹਮਣੇ ਚੁੱਕੇਗਾ। ਅਕਾਲੀ ਦਲ ਵਲੋਂ ਮੰਗ ਚੁੱਕੀ ਜਾਵੇਗੀ ਕਿ ਧਾਰਾ 25 ਦੇ ਸੈਕਸ਼ਨ -2 ਦੀ ਕਲਾਜ਼-2 ਵਿਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਮਾਨਤਾ ਦੇ ਕੇ ਵੱਖਰੀ ਪਛਾਣ ਦਿੱਤੀ ਜਾਵੇ। ਇਸ ਸਬੰਧੀ ਉਕਤ ਪਾਰਟੀਆਂ ਦੇ ਐਮਪੀਜ਼ ਤੇ ਰਾਜ ਸਭਾ ਮੈਂਬਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਲਗਭਗ ਸਾਰਿਆਂ ਨੇ ਹੀ ਇਕਜੁਟਤਾ ਪ੍ਰਗਟਾਉਂਦੇ ਹੋਏ ਸੂਬੇ ਦੇ ਕਿਸਾਨਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ। ਕਾਂਗਰਸ ਪਾਰਟੀ ਦੇ ਐਮ ਪੀਜ਼ ਲੋਕ ਸਭਾ ਵਿਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੇ ਪੰਜਾਬ ਸਰਕਾਰ ਨੂੰ ਕਰਜ਼ਾ ਮੁਆਫੀ ਸਕੀਮ ਤਹਿਤ ਮਾਲੀ ਮੱਦਦ ਦੇਣ ਲਈ ਵਿਸ਼ੇਸ਼ ਪੈਕੇਜ ਦੀ ਮੋਦੀ ਸਰਕਾਰ ਤੋਂ ਮੰਗ ਕਰਨਗੇ। ‘ਆਪ’ ਕਿਸਾਨੀ ਮੁੱਦੇ ‘ਤੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ਤਹਿਤ ਕੈਪਟਨ ਸਰਕਾਰ ਨੂੰ ਰਗੜੇ ਲਗਾਏਗੀ।
ਕਿਹੜੇ ਮੁੱਦੇ ਉਠਾਏਗੀ ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੂੰ ਆਰਥਿਕ ਮੱਦਦ ਦੇਣੀ ਚਾਹੀਦੀ ਹੈ। ਉਹ ਮੋਦੀ ਸਰਕਾਰ ਨੂੰ ਜਗਾਉਣ ਲਈ ਮੰਗ ਉਠਾਉਣਗੇ ਕਿ ਖੇਤੀਬਾੜੀ ਨੂੰ ਇੰਡਸਟਰੀ ਘੋਸ਼ਿਤ ਕੀਤਾ ਜਾਵੇ ਤੇ ਇੰਡਸਕਟਰੀ ਦੀ ਤਰਜ਼ ‘ਤੇ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾਣ। ਦੱਸਣਯੋਗ ਹੈ ਕਿ ਲੋਕ ਸਭਾ ਵਿਚ ਉਨ੍ਹਾਂ ਵਲੋਂ ਇਕ ਵਾਰ ਕਿਸਾਨੀ ਕਰਜ਼ਿਆਂ, ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਐਸਸੀ ਵਜ਼ੀਫਿਆਂ ਦੇ ਫੰਡ ਨਾ ਦਿੱਤੇ ਜਾਣ ਕਾਰਨ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਤੇ ਕਾਲਜ ਬੰਦ ਹੋਣ ਕਿਨਾਰੇ, ਪੰਜਾਬ ਵਿਚ ਚਿੱਟ ਫੰਡ ਕੰਪਨੀਆਂ ਵਲੋਂ ਪੀੜਤ ਕਿਸਾਨਾਂ ਦੇ ਪੈਸੇ ਵਾਪਸ ਦਿਵਾਉਣ, ਵਿਦੇਸ਼ੀ ਲਾੜੇ ਤੇ ਲਾੜੀਆਂ ਤੋਂ ਪੀੜਤਾਂ ਦਾ ਮੁੱਦਾ, ਰਾਜਪੁਰਾ ਤੋਂ ਮੋਹਾਲੀ ਰੇਲਵੇ ਨੈਟਵਰਕ ਵਿਛਾਉਣ ਦੀ ਮੰਗ ਸਮੇਤ ਰਾਜਸਥਾਨ ਸੂਬੇ ਵਿਚ ਪੰਜਾਬ ਦੇ ਕਿਸਾਨਾਂ ਉਤੇ ਜ਼ਮੀਨਾਂ ਖਰੀਦਣ ਉਤੇ ਲਗਾਈ ਰੋਕ ਹਟਾਉਣ ਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਮੁੱਦੇ ਚੁੱਕੇ ਜਾਣਗੇ।
ਅਸੀਂ ਚੁੱਕਾਂਗੇ ਕਿਸਾਨੀ ਮੁੱਦੇ
ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਲੋਕ ਸਭਾ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਕੇਂਦਰ ਵਲੋਂ ਉਲੀਕੇ ਗਏ ਪ੍ਰੋਗਰਾਮ ਲਾਗੂ ਕਰਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਐਮਐਸਪੀ ਦੇ ਘੇਰੇ ਵਿਚ ਹੋਰ ਫਸਲਾਂ ਬਾਸਮਤੀ ਤੇ ਆਲੂ ਲਿਆਉਣ ਦਾ ਮੁੱਦਾ ਵੀ ਚੁੱਕਿਆ ਜਾਵੇਗਾ। ਕੈਪਟਨ ਸਰਕਾਰ ਨੇ ਤਾਂ ਸੂਬੇ ਦੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ, ਪਰੰਤੂ ਹੁਣ ਕੇਂਦਰ ਸਰਕਾਰ ਨੂੰ ਹੀ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਦੇ ਹੋਏ ਰਾਹਤ ਦੇਣੀ ਪਵੇਗੀ। ਕਿਸਾਨੀ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਦਾ ਮੁੱਦਾ, ਸਿੱਖਾਂ ਦੀ ਵੱਖਰੀ ਪਹਿਚਾਣ ਦਾ ਮੁੱਦਾ, ਬਾਰਡਰ ਸਟੇਟ ਲਈ ਹੋਰ ਫੰਡ ਜਾਰੀ ਕਰਨ ਅਤੇ ਸਕਿੱਲਡ ਡਿਵੈਲਪਮੈਂਟ ਐਜੂਕੇਸ਼ਨ ਸਕੀਮ ਦਾ ਘੇਰਾ ਵਧਾਉਣ ਆਦਿ ਦੇ ਮੁੱਦੇ ਅਕਾਲੀ ਦਲ ਵਲੋਂ ਉਠਾਏ ਜਾਣਗੇ।
ਕਾਂਗਰਸ ਦੀ ਰਣਨੀਤੀ
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਅੱਜ ਪੰਜਾਬ ਦਾ ਕਿਸਾਨ ਕਰਜ਼ੇ ‘ਚ ਡੁੱਬਾ ਹੋਇਆ ਹੈ ਅਤੇ ਇਸ ਨੂੰ ਕੱਢਣ ਦੀ ਸ਼ੁਰੂਆਤ ਸਿਰਫ ਤੇ ਸਿਰਫ ਕੈਪਟਨ ਸਰਕਾਰ ਨੇ ਕੀਤੀ ਹੈ, ਪਰੰਤੂ ਮੋਦੀ ਸਰਕਾਰ ਨੂੰ ਵੀ ਕਿਸਾਨਾਂ ਨਾਲ ਕੀਤੇ ਵਾਅਦੇ ਤਹਿਤ ਪੰਜਾਬ ਸਰਕਾਰ ਨੂੰ ਸਕੀਮ ਤਹਿਤ ਮੱਦਦ ਦੇਣੀ ਚਾਹੀਦੀ ਹੈ। ਸਵਾਮੀਨਾਥਨ ਸਕੀਮ ਲਾਗੂ ਕਰਨ ਦਾ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ, ਉਸ ਤੋਂ ਵੀ ਭੱਜ ਗਈ ਹੈ। ਪੰਜਾਬ ਨੂੰ ਇੰਡਸਟ੍ਰੀਅਲ ਪੈਕੇਜ ਦੀ ਮੰਗ ਵੀ ਚੁੱਕੀ ਜਾਵੇਗੀ, ਬਾਰਡਰ ਏਰੀਏ ਨੂੰ ਦਿੱਤੀਆਂ ਜਾਂਦੀਆਂ ਗਰਾਂਟਾਂ ਵਿਚ ਕੇਂਦਰ ਦਾ ਸ਼ੇਅਰ 90 ਫੀਸਦੀ ਕਰਨ ਅਤੇ ਸੂਬੇ ਦਾ ਸ਼ੇਅਰ 10 ਫੀਸਦੀ ਕਰਨ ਦੀ ਵੀ ਗੱਲ ਕੀਤੀ ਜਾਵੇਗੀ।

Check Also

ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ-ਯੂਜੀ 2024 ਦੇ ਨਤੀਜੇ ਐਲਾਨੇ

ਨਵੀਂ ਦਿੱਲੀ/ਬਿਊਰੋ ਨਿਊਜ਼ :ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ਦੇ ਸੈਂਟਰ ਵਾਰ …