ਬਰਫਬਾਰੀ ਦੇ ਬਾਵਜੂਦ ਵੀ 8 ਹਜ਼ਾਰ ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਦੇਹਰਾਦੂਨ/ਬਿਊਰੋ ਨਿਊਜ਼ : ਉਤਰਾਖੰਡ ਸਥਿਤ ਕੇਦਾਰਨਾਥ ਧਾਮ ਦੇ ਕਪਾਟ ਅੱਜ ਮੰਗਲਵਾਰ ਸਵੇਰੇ ਖੁੱਲ੍ਹ ਗਏ ਹਨ। ਮੰਦਿਰ ਦੇ ਮੁੱਖ ਪੁਜਾਰੀ ਜਗਦਗੁਰੂ ਰਾਵਲ ਭੀਮ ਸ਼ੰਕਰ ਲਿੰਗ ਸ਼ਿਵਾਚਾਰੀਆ ਨੇ ਮੰਦਿਰ ਦੇ ਕਪਾਟ ਖੋਲ੍ਹੇ। ਇਸ ਮੌਕੇ ਮੰਦਿਰ ਨੂੰ 20 ਕੁਇੰਟਲ ਫੁੱਲਾਂ ਨਾਲ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਇਥੇ ਪਿਛਲੇ 72 ਘੰਟਿਆਂ ਤੋਂ ਬਰਫ਼ਬਾਰੀ ਹੋ ਰਹੀ ਹੈ ਅਤੇ ਖਰਾਬ ਮੌਸਮ ਕਾਰਨ ਮੰਦਿਰ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਪੰ੍ਰਤੂ ਇਸ ਦੇ ਬਾਵਜੂਦ ਵੀ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 8 ਹਜ਼ਾਰ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ। ਇਸ ਤੋਂ ਪਹਿਲਾਂ ਅੱਜ ਸਵੇਰੇ 5 ਵਜੇ ਤੋਂ ਹੀ ਕਪਾਟ ਖੁੱਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਧਾਰਮਿਕ ਪਰੰਪਰਾਵਾਂ ਅਨੁਸਾਰ ਬਾਬਾ ਕੇਦਾਰ ਦੀ ਪੰਚਮੁਖੀ ਭੋਗ ਮੂਰਤੀ ਡੋਲੀ ’ਚ ਰਾਵਲ ਨਿਵਾਸ ਤੋਂ ਮੰਦਿਰ ਪਹੁੰਚੀ, ਜਿੱਥੇ ਭਗਤਾਂ ਨੇ ਬਾਬੇ ਦੇ ਜੈਕਾਰੇ ਲਗਾਏ। ਇਥੇ ਤਾਪਮਾਨ ਮਾਈਨਸ 6 ਡਿਗਰੀ ਹੈ ਪ੍ਰੰਤੂ ਫਿਰ ਵੀ ਸਵੇਰੇ 4 ਵਜੇ ਤੋਂ ਹੀ ਮੰਦਿਰ ਦੇ ਬਾਹਰ ਦਰਸ਼ਨਾਂ ਦੇ ਲਈ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਅਗਲੇ 5 ਦਿਨਾਂ ’ਚ ਹਿੰਦੂ ਤੀਰਥ ਯਾਤਰੀ ਬਦਰੀਨਾਥ, ਕੇਦਾਰਨਾਥ, ਯਮੁਨੋਤਰੀ ਅਤੇ ਗੰਗੋਤਰੀ ਦੇ ਦਰਸ਼ਨ ਕਰ ਸਕਣਗੇ। ਯਮੋਨਤਰੀ ਅਤੇ ਗੰਗੋਤਰੀ ਦੇ ਕਪਾਟ 22 ਅਪ੍ਰੈਲ ਨੂੰ ਖੁੱਲ੍ਹ ਗਏ ਸਨ ਜਦਕਿ ਬਦਰੀਨਾਥ ਧਾਮ ਦੇ ਕਪਾਟ 27 ਅਪ੍ਰੈਲ ਨੂੰ ਖੁੱਲ੍ਹਣਗੇ। ਉਧਰ ਉਤਰਖੰਡ ਸਰਕਾਰ ਨੇ ਖਰਾਬ ਮੌਸਮ ਦੇ ਚਲਦਿਆਂ ਕੇਦਾਰਨਾਥ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ’ਤੇ 30 ਅਪ੍ਰੈਲ ਤੱਕ ਰੋਕ ਲਗਾ ਦਿੱਤੀ ਹੈ।