ਬਰੈਂਪਟਨ/ਡਾ. ਝੰਡ : ਲੰਘੀ ਪਹਿਲੀ ਸਤੰਬਰ ਨੂੰ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਵੱਲੋਂ ਕਰਵਾਏ ਗਏ ਮਾਸਿਕ ਕਵੀ ਦਰਬਾਰ ਵਿਚ ਬਰੈਂਪਟਨ ਦੇ ਕਵੀਆਂ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸਮੇਤ ਵਾਰਡ ਨੰ: 3-4 ਤੋਂ ਸਿਟੀ ਕਾਊਂਸਲਰ ਲਈ ਚੋਣ ਲੜ ਰਹੀ ਉਮੀਦਵਾਰ ਨਿਸ਼ੀ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਆਰ.ਐੱਫ਼.ਐੱਸ.ਓ. ਦੇ ਪ੍ਰਧਾਨ ਜਸਬੀਰ ਸਿੰਘ ਸੈਂਹਭੀ, ਸਮਾਜ-ਸੇਵੀ ਪਿਆਰਾ ਸਿੰਘ ਤੂਰ, ਕਵੀ ਅਵਤਾਰ ਸਿੰਘ ਅਰਸ਼ੀ ਅਤੇ ਉੱਘੇ ਗਾਇਕ-ਕਲਾਕਾਰ ਇਕਬਾਲ ਬਰਾੜ ਸ਼ਾਮਲ ਸਨ।
ਸ਼ਾਮ 3.30 ਵਜੇ ਸ਼ੁਰੂ ਹੋਏ ਇਸ ਕਵੀ-ਦਰਬਾਰ ਵਿਚ ਬਹੁਤ ਸਾਰੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਨਾਲ ਆਪਣੀ ਭਰਪੂਰ ਹਾਜ਼ਰੀ ਲਵਾਈ ਅਤੇ ਖ਼ੂਬ ਕਾਵਿ-ਰੰਗ ਬੰਨ੍ਹਿਆ। ਇਨ੍ਹਾਂ ਵਿਚ ਬਾਬੂ ਸਿੰਘ ਕਲਸੀ, ਕੇਹਰ ਸਿੰਘ ਮਠਾੜੂ, ਪ੍ਰੋ. ਜਗੀਰ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਮੰਡ, ਜਗਮੋਹਨ ਸੰਘਾ, ਮਹਿੰਦਰ ਪਾਲ, ਪ੍ਰਿੰ. ਗਿਆਨ ਸਿੰਘ ਘਈ, ਸੁਖਿੰਦਰ, ਕੁਲਵੰਤ ਕੌਰ, ਭੁਪਿੰਦਰ ਸਿੰਘ ਰਤਨ ਤੇ ਕਈ ਹੋਰ ਸ਼ਾਮਲ ਸਨ। ਮੰਚ ਦਾ ਸੰਚਾਲਨ ਹਰਦਿਆਲ ਸਿੰਘ ਝੀਤਾ ਵੱਲੋਂ ਬਾਖ਼ੂਬੀ ਨਿਭਾਇਆ ਗਿਆ।
ਇਸ ਕਵੀ-ਦਰਬਾਰ ਦੌਰਾਨ ਆਪਣੀ ਵਿਸ਼ੇਸ਼ ਹਾਜ਼ਰੀ ਲਵਾਉਂਦਿਆਂ ਬਰੈਂਪਟਨ ਦੇ ਵਾਰਡ ਨੰ: 3-4 ਤੋਂ ਸਿਟੀ ਕਾਊਂਸਲਰ ਉਮੀਦਵਾਰ ਨਿਸ਼ੀ ਸਿੱਧੂ ਨੇ ਕਿਹਾ ਕਿ ਉਹ ਬਰੈਂਪਟਨ ਸਿਟੀ ਕਾਊਂਸਲ ਲਈ ਚੋਣ ਲੜਨ ਲਈ ਇਕੱਲੀ ਪੰਜਾਬੀ ਔਰਤ ਉਮੀਦਵਾਰ ਹੈ ਅਤੇ ਉਹ ਬਰੈਂਪਟਨ-ਵਾਸੀਆਂ ਦੀ ਸਹੀ ਆਵਾਜ਼ ਬਣਨ ਲਈ ਲੋਕਾਂ ਦੇ ਸਨਮੁਖ ਆਈ ਹੈ। ਉਨ੍ਹਾਂ ਵਾਰਡ ਨੰਬਰ 3-4 ਦੇ ਸਮੂਹ ਵੋਟਰਾਂ ਅਤੇ ਪੰਜਾਬੀਆਂ ਨੂੰ ਵਿਸ਼ੇਸ਼ ਕਰਕੇ ਆਪਣੇ ਹੱਕ ਵਿਚ ਵੋਟ ਪਾਉਣ ਲਈ ਬੇਨਤੀ ਕੀਤੀ ਜਿਸ ਦੇ ਲਈ ਬਹੁਤ ਸਾਰੇ ਬੁਲਾਰਿਆਂ ਅਤੇ ਹਾਜ਼ਰ ਲੋਕਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ। ਸਮਾਗ਼ਮ ਦੇ ਅਖ਼ੀਰ ਵਿਚ ਆਰ.ਐੱਫ਼.ਐੱਸ.ਓ. ਦੇ ਸਰਪ੍ਰਸਤ ਦਲਜੀਤ ਸਿੰਘ ਗੈਦੂ ਅਤੇ ਪ੍ਰਧਾਨ ਜਸਬੀਰ ਸਿੰਘ ਸੈਂਹਬੀ ਵੱਲੋਂ ਨਿਸ਼ੀ ਸਿੱਧੂ ਅਤੇ ਇਸ ਸਮਾਗ਼ਮ ਵਿਚ ਆਉਣ ਵਾਲੇ ਸਮੂਹ ਸੱਜਣਾਂ ਦਾ ਧੰਨਵਾਦ ਕੀਤਾ ਗਿਆ।
ਇਸ ਤੋਂ ਪਹਿਲਾਂ ਨਿਸ਼ੀ ਸਿੱਧੂ ਨੇ ਓਸੇ ਦਿਨ ਸਵੇਰੇ 11.30 ਵਜੇ ਹਾਰਟ ਲੇਕ ਕਨਜ਼ਰਵੇਸ਼ਨ ਏਰੀਆ ਵਿਖੇ ਲੁਬਾਣਾ ਪਿਕਨਿਕ ਵਿਚ ਵੀ ਸ਼ਮੂਲੀਅਤ ਕੀਤੀ ਅਤੇ ਉੱਥੇ ਹਾਜ਼ਰ ਲੋਕਾਂ ਨੂੰ ਆਪਣੇ ਹੱਕ ਵਿਚ ਵੋਟਾਂ ਪਾਉਣ ਲਈ ਬੇਨਤੀ ਕੀਤੀ। 22 ਅਕਤੂਬਰ ਨੂੰ ਹੋਣ ਵਾਲੀ ਚੋਣ ਵਿਚ ਡੇਢ ਕੁ ਮਹੀਨਾ ਹੀ ਬਾਕੀ ਰਹਿਣ ਕਾਰਨ ਉਹ ਵੀ ਬਾਕੀ ਉਮੀਦਵਾਰਾਂ ਵਾਂਗ ਲੋਕਾਂ ਨਾਲ ਲਗਾਤਾਰ ਸੰਪਰਕ ਬਣਾ ਰਹੇ ਹਨ ਅਤੇ ਏਸੇ ਸਿਲਸਿਲੇ ਵਿਚ ਹੀ ਉਹ ਪਿਛਲੇ ਹਫ਼ਤੇ ਸੰਗਰੂਰ ਏਰੀਏ ਅਤੇ ਕੁੱਪ ਕਲਾਂ ਦੇ ਲੋਕਾਂ ਦੀ ਪਿਕਨਿਕ ਵਿਚ ਵੀ ਹਾਜ਼ਰੀ ਭਰੀ ਅਤੇ ਲੋਕਾਂ ਨੂੰ ਆਪਣੇ ਲਈ ਵੋਟ ਕਰਨ ਲਈ ਪ੍ਰੇਰਿਆ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …