ਡਾ. ਪਰਮਜੀਤ ਸਿੰਘ ਢਿੱਲੋਂ ਚੇਅਰਮੈਨ, ਇੰਜੀ. ਬਲਦੇਵ ਸਿੰਘ ਪ੍ਰਧਾਨ
ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਜਨਰਲ ਸਕੱਤਰ ਚੁਣੇ ਗਏ
ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਓਨਟਾਰੀਓ ਦੀ ਸਲਾਨਾ ਜਨਰਲ ਬਾਡੀ ਦੀ ਇਕੱਤਰਤਾ ਲੰਘੇ ਐਤਵਾਰ 11 ਸਤੰਬਰ ਨੂੰ ਬਰੈਂਪਟਨ ਦੇ ਗੋਰਮੀਡੋ ਕਮਿਊਨਿਟੀ ਸੈਂਟਰ ਵਿਚ ਹੋਈ। ਮੀਟਿੰਗ ਦੇ ਆਰੰਭ ਵਿਚ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਐਸੋਸੀਏਸ਼ਨ ਦੀਆਂ ਸਰਗ਼ਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿਚ ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਪਿਛਲੀ ਮੀਟਿੰਗ 25 ਸਤੰਬਰ 2019 ਨੂੰ ਹੋਈ ਸੀ ਅਤੇ ਕੋਵਿਡ-19 ਦੇ ਸਾਰੇ ਸੰਸਾਰ ਵਿਚ ਫ਼ੈਲੇ ਪ੍ਰਕੋਪ ਦੇ ਕਾਰਨ ਸਾਲ 2020 ਅਤੇ 2021 ਵਿਚ ਜਨਰਲ ਬਾਡੀ ਦੀ ਮੀਟਿੰਗ ਨਾ ਹੋ ਸਕੀ। ਸਾਲ 2021 ਦੀ ਕੈਨੇਡਾ ਫ਼ੈੱਡਰਲ ਚੋਣ ਸਮੇਂ ਐਸੋਸੀਏਸ਼ਨ ਦੇ ਵਫ਼ਦ ਲਿਬਰਲ ਪਾਰਟੀ, ਪੀ.ਸੀ. ਪਾਰਟੀ ਤੇ ਐੱਨ.ਡੀ.ਪੀ. ਦੇ ਉਮੀਦਵਾਰਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਪੈੱਨਸ਼ਨਰਾਂ ਦੀਆਂ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਜਿਨ੍ਹਾਂ ਵਿਚ ਸਿਹਤ ਸਬੰਧਿਤ ਦੰਦਾਂ ਅਤੇ ਅੱਖਾਂ ਦੇ ਇਲਾਜ ਦੀ ਕੱਵਰੇਜ ਅਤੇ ਸੀਨੀਅਰਜ਼ ਦੇ ਓ.ਏ.ਐੱਸ.ਅਤੇ ਜੀ.ਆਈ.ਐੱਸ. ਵਿਚ ਵਾਧੇ ਦੀਆਂ ਮੰਗਾਂ ਮੁੱਖ ਤੌਰ ‘ਤੇ ਸ਼ਾਮਲ ਸਨ।
ਜੂਨ 2022 ਵਿਚ ਬਰੈਂਪਟਨ ਵਿਚ ਆਮ ਆਦਮੀ ਪਾਰਟੀ ਦੇ ਸਰਗ਼ਰਮ ਵਾਲੰਟੀਅਰ ਸੰਦੀਪ ਸਿੰਗਲਾ ਰਾਹੀਂ ਐਸੋਸੀਏਸ਼ਨ ਦਾ ਇਕ ਮੰਗ-ਪੱਤਰ ਭੇਜ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੱਕ ਪਹੁੰਚ ਕੀਤੀ ਗਈ ਜਿਸ ਵਿਚ ਪੰਜਾਬ ਦੇ ਪੈੱਨਸ਼ਨਰਾਂ ਨੂੰ ਸੋਧੀ ਹੋਈ ਨਵੀਂ ਪੈੱਨਸ਼ਨ ਲਾਗੂ ਕਰਨ ਲਈ 2.59 ਦੇ ਗੁਣਕ ਵਾਲਾ ਸੂਤਰ ਅਪਨਾਉਣ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦੇਣ ਲਈ ਬੇਨਤੀ ਕੀਤੀ ਗਈ ਸੀ।
ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜਦੋਂ ਬਰੈਂਪਟਨ ਆਏ ਤਾਂ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਉਨ੍ਹਾਂ ਦੇ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਕੋਲ ਉਠਾਈਆਂ ਗਈਆਂ ਆਪਣੀਆਂ ਮੰਗਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਜਿਸ ਨੂੰ ਉਨ੍ਹਾਂ ਬੜੇ ਧਿਆਨ ਨਾਲ ਸੁਣਿਆਂ ਅਤੇ ਇਹ ਮੁੱਖ ਮੰਤਰੀ ਤੇ ਵਿੱਤ ਮੰਤਰੀ ਨਾਲ ਸਾਂਝੀਆਂ ਕਰਨ ਦਾ ਵਿਸ਼ਵਾਸ ਦਿਵਾਇਆ। ਰਿਪੋਰਟ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਯੂ.ਜੀ.ਸੀ. ਦੀਆਂ ਸ਼੍ਰੇਣੀਆਂ ਦੇ ਨਵੇਂ ਸਕੇਲ ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਅਕਤੂਬਰ 2022 ਤੋਂ ਲਾਗੂ ਕਰਨ ਦਾ ਬਹੁਤ ਵਧੀਆ ਫ਼ੈਸਲਾ ਕੀਤਾ ਹੈ ਅਤੇ ਇਸ ਦੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਸਰਕਾਰ ਨੂੰ ਡੀ.ਏ. ਸਬੰਧੀ ਮੰਗ ਮੰਨਣ ਦੀ ਵੀ ਅਪੀਲ ਕੀਤੀ ਗਈ।
ਰਿਪੋਰਟ ਸਬੰਧੀ ਹੋਈ ਬਹਿਸ ਵਿਚ ਸ਼ਿਵ ਸ਼ਰਮਾ, ਪ੍ਰੀਤਮ ਸਿੰਘ ਢੀਂਡਸਾ, ਇੰਦਰਦੀਪ ਸਿੰਘ, ਵੀਰ ਕੌਰ, ਸੁਖਵੰਤ ਕੌਰ, ਬਲਵਿੰਦਰ ਸਿੰਘ ਬਰਾੜ, ਸੁਖਦੇਵ ਸਿੰਘ ਪੰਜਾਬ ਰਾਜ ਬਿਜਲੀ ਬੋਰਡ, ਲਾਲ ਸਿੰਘ ਢਿੱਲੋਂ, ਪਰਮਜੀਤ ਸਿੰਘ ਬੜਿੰਗ, ਮੱਲ ਸਿੰਘ ਬਾਸੀ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੀਫ਼ ਇੰਜੀਨੀਅਰ ਏ.ਪੀ. ਸਿੰਘ ਨੇ ਭਾਗ ਲਿਆ। ਜਨਰਲ ਸਕੱਤਰ ਦੀ ਰਿਪੋਰਟ ਤੋਂ ਬਾਅਦ ਵਿੱਤ ਸਕੱਤਰ ਮੁਹਿੰਦਰ ਸਿੰਘ ਮੋਹੀ ਵੱਲੋਂ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਦੋਵੇਂ ਰਿਪੋਰਟਾਂ ਜਨਰਲ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤੀਆਂ ਗਈਆਂ।
ਉਪਰੰਤ, ਜਨਰਲ ਸਕੱਤਰ ਦੀ ਬੇਨਤੀ ‘ਤੇ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਨੇ ਵਰਤਮਾਨ ਕਾਰਜਕਾਰਨੀ ਨੂੰ ਭੰਗ ਕਰਨ ਅਤੇ ਕਾਰਜਕਾਰਨੀ ਦੀ ਨਵੀਂ ਚੋਣ ਕਰਵਾਉਣ ਦਾ ਐਲਾਨ ਕੀਤਾ। ਇਸ ਮੰਤਵ ਲਈ ਐਸੋਸੀਏਸ਼ਨ ਵੱਲੋਂ ਨਿਯੁੱਕਤ ਕੀਤੇ ਗਏ ਰਿਟਰਨਿੰਗ ਅਫ਼ਸਰ ਪ੍ਰਿਤਪਾਲ ਸਿੰਘ ਸਚਦੇਵਾ ਨੇ ਚੋਣ-ਪ੍ਰਕਿਰਿਆ ਆਰੰਭ ਕਰਦਿਆਂ ਹੋਇਆਂ ਐਸੋਸੀਏਸ਼ਨ ਦੇ ਤਿੰਨ ਅਹੁਦਿਆਂ ਚੇਅਰਪਰਸਨ, ਪ੍ਰਧਾਨ ਅਤੇ ਜਨਰਲ ਸਕੱਤਰ ਲਈ ਨਾਮਜ਼ਦਗੀ-ਪੱਤਰ ਭਰਨ ਲਈ ਸੱਦਾ ਦਿੱਤਾ। ਇਸ ਚੋਣ-ਪ੍ਰਕਿਰਿਆ ਦੌਰਾਨ ਇਨ੍ਹਾਂ ਤਿੰਨਾਂ ਅਹੁਦਿਆਂ ਲਈ ਕੇਵਲ ਇਕ-ਇਕ ਨਾਮਜ਼ਦਗੀ ਹੀ ਦਾਖ਼ਲ ਹੋਈ। ਇਸ ਲਈ ਰਿਟਰਨਿੰਗ ਅਫ਼ਸਰ ਵੱਲੋਂ ਤਿੰਨਾਂ ਹੀ ਅਹੁਦਿਆਂ ਲਈ ਚੋਣ ਨਿਰਵਿਰੋਧ ਹੋਣ ਦਾ ਐਲਾਨ ਕਰ ਦਿੱਤਾ ਗਿਆ ਜਿਸ ਅਨੁਸਾਰ ਡਾ. ਪਰਮਜੀਤ ਸਿੰਘ ਢਿੱਲੋਂ ਨੂੰ ਚੇਅਰਮੈਨ, ਇੰਜੀ. ਬਲਦੇਵ ਸਿੰਘ ਬਰਾੜ ਨੂੰ ਪ੍ਰਧਾਨ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਵੱਲੋਂ ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ ਨੇ ਸੱਭਨਾਂ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਨਵੀਂ ਟੀਮ ਵੱਲੋਂ ਪੂਰੀ ਤਨਦੇਹੀ ਨਾਲ ਨਾਲ ਕੰਮ ਕਰਨ ਦਾ ਅਹਿਦ ਕੀਤਾ। ਨਵੀਂ ਟੀਮ ਦੇ ਇਨ੍ਹਾਂ ਅਹੁਦੇਦਾਰਾਂ ਨੂੰ ਉਨ੍ਹਾਂ ਦੇ ਨਾਂਵਾਂ ਨਾਲ ਦਿੱਤੇ ਗਏ ਸੈੱਲ ਫ਼ੋਨਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ, ਡਾ. ਪਰਮਜੀਤ ਸਿੰਘ ਢਿੱਲੋਂ (416-527-1040), ਇੰਜੀ. ਬਲਦੇਵ ਸਿੰਘ ਬਰਾੜ (437-982-5202), ਪ੍ਰੋ. ਜਗੀਰ ਸਿੰਘ ਕਾਹਲੋਂ (647-533-8297)।
ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਦੇ ਸੰਵਿਧਾਨ ਅਨੁਸਾਰ ਹੁਣ ਇਹ ਤਿੰਨੇ ਅਹੁਦੇਦਾਰ ਆਪਸੀ ਸਲਾਹ-ਮਸ਼ਵਰੇ ਤੋਂ ਬਾਅਦ ਬਾਕੀ ਰਹਿੰਦੇ ਅਹੁਦੇਦਾਰਾਂ ਤੇ ਡਾਇਰੈੱਕਟਰਾਂ ਦੀ ਨਾਮਜ਼ਦਗੀ ਕਰਨਗੇ।
ਇਸ ਸਬੰਧੀ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਤੋਂ ਪੇਸ਼ਕਸ਼ ਦੀ ਬੇਨਤੀ ਵੀ ਕੀਤੀ ਗਈ। ਬੇਸ਼ਕ, ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦੀ ਇਹ ਐਸੋਸੀਏਸ਼ਨ ਕੋਈ ਸਿਆਸੀ ਜੱਥੇਬੰਦੀ ਨਹੀਂ ਹੈ ਪਰ ਫਿਰ ਵੀ ਅੱਜਕੱਲ੍ਹ ਮਿਉਂਨਿਸਿਪੈਲਿਟੀ ਚੋਣਾਂ ਦੇ ਚੱਲ ਰਹੇ ਮੌਸਮ ਕਰਕੇ ਬਰੈਂਪਟਨ ਦੇ ਮੇਅਰ ਦੀ ਚੋਣ ਲੜ ਰਹੀ ਉਮੀਦਵਾਰ ਨਿੱਕੀ ਕੌਰ ਨੇ ਇਸ ਮੀਟਿੰਗ ਵਿਚ ਹਾਜ਼ਰੀ ਭਰਦਿਆਂ ਹੋਇਆਂ ਆਪਣੇ ਲਈ ਵੋਟਾਂ ਪਾਉਣ ਦੀ ਵੀ ਅਪੀਲ ਕੀਤੀ। ਇਸ ਅਪੀਲ ਦਾ ਵੋਟਰਾਂ ਉੱਪਰ ਕਿੰਨਾ ਕੁ ਅਸਰ ਹੁੰਦਾ ਹੈ, ਇਸ ਦਾ ਪਤਾ ਤਾਂ 24 ਅਕਤੂਬਰ ਦੀ ਰਾਤ ਨੂੰ ਹੀ ਲੱਗੇਗਾ।
Home / ਕੈਨੇਡਾ / ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਸਲਾਨਾ ਜਨਰਲ ਬਾਡੀ ਮੀਟਿੰਗ ਵਿਚ ਹੋਈ ਤਿੰਨ ਮੁੱਖ ਅਹੁਦੇਦਾਰਾਂ ਦੀ ਚੋਣ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …