ਧਿਆਨ ਸਿੰਘ ਸੋਹਲ, ਸਵਰਨ ਸਿੰਘ, ਕੋਚ ਕਰਮਜੀਤ ਸਿੰਘ ਫੁੱਲ-ਮੈਰਾਥਨ ਤੇ ਕੁਲਦੀਪ ਗਰੇਵਾਲ ਹਾਫ਼-ਮੈਰਾਥਨ ਦੌੜੇ
ਜੌਰਜਿਨਾ/ਡਾ. ਝੰਡ : ਲੰਘੇ ਐਤਵਾਰ 11 ਸਤੰਬਰ ਨੂੰ ਸਿਮਕੋ ਲੇਕ ਦੇ ਕੰਢੇ ਵੱਸੇ ਸ਼ਹਿਰ ਜੌਰਜਿਨਾ ਦੀ ਬੀਚ ਦੇ ਨਾਲ ਨਾਲ ਜਾਂਦੀ ਸੜਕ ਲੇਕ ਡਰਾਈਵ ਈਸਟ ‘ਤੇ ਪ੍ਰਬੰਧਕਾਂ ਵੱਲੋਂ ਮੈਰਾਥਨ ਦੌੜ ਦਾ ਸਫ਼ਲ ਆਯੋਜਨ ਕੀਤਾ ਗਿਆ। ਬਰੈਂਪਟਨ ਵਿਚ ਪਿਛਲੇ 10 ਸਾਲਾਂ ਤੋਂ ਸਰਗ਼ਰਮ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ 48 ਮੈਂਬਰਾਂ ਨੇ ਇਸ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੇ ਮੈਂਬਰਾਂ ਧਿਆਨ ਸਿੰਘ ਸੋਹਲ, ਸਵਰਨ ਸਿੰਘ ਤੇ ਕੋਚ ਕਰਮਜੀਤ ਸਿੰਘ ਖੰਗੂਰਾ ਨੇ ਫੁੱਲ ਮੈਰਾਥਨ ਅਤੇ ਕੁਲਦੀਪ ਸਿੰਘ ਗਰੇਵਾਲ ਨੇ ਹਾਫ਼-ਮੈਰਾਥਨ ਸਫ਼ਲਤਾ ਪੂਰਵਕ ਸੰਪੰਨ ਕੀਤੀਆਂ, ਜਦ ਕਿ ਕਲੱਬ ਦੇ ਬਾਕੀ ਮੈਂਬਰਾਂ ਨੇ 5 ਕਿਲੋਮੀਟਰ ਦੌੜ ਕੇ ਇਸ ਵਿਚ ਆਪਣੀ ਭਰਵੀਂ ਹਾਜ਼ਰੀ ਲੁਆਈ। ਕਲੱਬ ਦੀਆਂ ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਵਿਚ ਉਨ੍ਹਾਂ ਦਾ ਵੱਡਾ ਗਰੁੱਪ ਦੂਰੋਂ ਹੀ ਸਾਰੇ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕਾਰਨ ਬਣਿਆ ਹੋਇਆ ਸੀ। ਕਲੱਬ ਦੇ ਮੈਂਬਰ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਹੇਠ ਸਵੇਰੇ 5.45 ਵਜੇ ਇਕ ਸਕੂਲ ਬੱਸ ਵਿਚ ਸਵਾਰ ਹੋ ਕੇ ਲੱਗਭੱਗ ਸਵਾ ਸੱਤ ਵਜੇ ਜੌਰਜਿਨਾ ਬੀਚ ਦੇ ਕੰਢੇ ਹਰੇ-ਭਰੇ ਰੁੱਖਾਂ ਨਾਲ ਘਿਰੇ ਦੌੜ ਦੇ ਆਰੰਭ ਹੋਣ ਵਾਲੇ ਰਮਣੀਕ ਸਥਾਨ ‘ਤੇ ਪਹੁੰਚੇ। ਫੁੱਲ-ਮੈਰਾਥਨ ਸਵੇਰੇ ਸੱਤ ਵਜੇ ਅਤੇ ਹਾਫ਼-ਮੈਰਾਥਨ ਦੌੜ ਸਵਾ ਸੱਤ ਵਜੇ ਸ਼ੁਰੂ ਹੋਣੀ ਸੀ। ਇਨ੍ਹਾਂ ਵਿਚ ਭਾਗ ਲੈਣ ਵਾਲੇ ਦੌੜਾਕ ਧਿਆਨ ਸਿੰਘ ਸੋਹਲ, ਸਵਰਨ ਸਿੰਘ, ਕੋਚ ਕਰਮਜੀਤ ਸਿੰਘ ਖੰਗੂਰਾ ਅਤੇ ਕੁਲਦੀਪ ਸਿੰਘ ਗਰੇਵਾਲ ਕਾਰਾਂ ਵਿਚ ਸੱਤ ਵਜੇ ਤੋਂ ਪਹਿਲਾਂ ਹੀ ਉੱਥੇ ਪਹੁੰਚੇ ਹੋਏ ਸਨ। ਪੰਜ ਕਿਲੋਮੀਟਰ ਦੌੜ ਜਿਸ ਵਿਚ ਕਲੱਬ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ, ਸਵੇਰੇ ਅੱਠ ਵਜੇ ਆਰੰਭ ਹੋਈ। ਪ੍ਰਾਪਤ ਨਤੀਜਿਆਂ ਅਨੁਸਾਰ ਸਵਰਨ ਸਿੰਘ ਨੇ 42 ਕਿਲੋਮੀਟਰ ਫੁੱਲ-ਮੈਰਾਥਨ ਮੈਰਾਥਨ 4 ਘੰਟੇ, 3 ਮਿੰਟ ਤੇ 43 ਸਕਿੰਟ ਵਿਚ, ਕੋਚ ਕਰਮਜੀਤ ਖੰਗੂਰਾ ਨੇ 4 ਘੰਟੇ 7 ਮਿੰਟ 50 ਸਕਿੰਟ ਅਤੇ ਧਿਆਨ ਸਿੰਘ ਸੋਹਲ ਨੇ 4 ਘੰਟੇ 36 ਮਿੰਟ 46 ਸਕਿੰਟ ਵਿਚ ਪੂਰੀ ਕੀਤੀ, ਜਦਕਿ ਕੁਲਦੀਪ ਗਰੇਵਾਲ ਨੇ 21 ਕਿਲੋਮੀਟਰ ਹਾਫ਼-ਮੈਰਾਥਨ ਦੌੜਨ ਲਈ 2 ਘੰਟੇ 19 ਮਿੰਟ 46 ਸਕਿੰਟ ਦਾ ਸਮਾਂ ਲਿਆ। ਪੰਜ ਕਿਲੋਮੀਟਰ ਦੌੜ ਧਰਮ ਰੰਧਾਵਾ ਨੇ 24 ਮਿੰਟ 36 ਸਕਿੰਟ, ਨਿਰਮਲ ਗਿੱਲ ਨੇ 25 ਮਿੰਟ 10 ਸਕਿੰਟ, ਗੁਰਜੀਤ ਲੋਟੇ ਨੇ 29 ਮਿੰਟ 50 ਸਕਿੰਟ ਅਤੇ ਲਖਵੀਰ ਸਵੈਚ ਨੇ 33 ਮਿੰਟ 27 ਸਕਿੰਟ ਵਿਚ ਪੂਰੀ ਕੀਤੀ। ਪੰਜ ਕਿਲੋਮੀਟਰ ਦੌੜਨ ਵਾਲਿਆਂ ਵਿਚ ਕਲੱਬ ਦੇ ਸੀਨੀਅਰ ਮੈਂਬਰ ਇੰਜੀ. ਈਸ਼ਰ ਸਿੰਘ (78), ਐਸੋਸੀਏਸ਼ਨ ਆਫ਼ ਸੀਨੀਅਰ ਕਲੱਬਜ਼ ਆਫ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ (75), ਕੇਸਰ ਸਿੰਘ ਬੜੈਚ (75), ਨਵੇਂ ਸ਼ਾਮਲ ਹੋਏ ਮੈਂਬਰ ਹਰਚੰਦ ਸਿੰਘ ਬਾਸੀ (79), ਹਜ਼ੂਰਾ ਸਿੰਘ (72) ਅਤੇ ਇਨ੍ਹਾਂ ਸਤਰਾਂ ਦੇ ਲੇਖਕ ਸੁਖਦੇਵ ਸਿੰਘ ਝੰਡ (72) ਵੀ ਸ਼ਾਮਲ ਸਨ।