Breaking News
Home / ਕੈਨੇਡਾ / ਹਾਊਸ ਆਫ਼ ਕਾਮਨਜ਼ ‘ਚ ਪਾਸ ਹੋਇਆ ਬਿਲ ਸੀ-20

ਹਾਊਸ ਆਫ਼ ਕਾਮਨਜ਼ ‘ਚ ਪਾਸ ਹੋਇਆ ਬਿਲ ਸੀ-20

ਕਾਰੋਬਾਰਾਂ, ਪਰਿਵਾਰਾਂ ਅਤੇ ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਨੂੰ ਮਿਲੇਗੀ ਵੱਡੀ ਰਾਹਤਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਰਾਹੀਂ ਕਾਮਿਆਂ ਨੂੰ ਨੌਕਰੀ ‘ਤੇ ਬਣਾਈ ਰੱਖਣ ਅਤੇ ਆਰਥਿਕਤਾ ਨੂੰ ਸੁਰੱਖਿਅਤ ਢੰਗ ਨਾਲ ਮੁੜ ਤੋਂ ਸ਼ੁਰੂ ਹੋਣ ‘ਚ ਮਿਲੇਗੀ ਮਦਦ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਫੈੱਡਰਲ ਸਰਕਾਰ ਵੱਲੋਂ ਵੇਜ ਸਬਸਿਡੀ ਦੇ ਵਾਧੇ ਅਤੇ ਅਪਾਹਜ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਲਿਬਰਲ ਸਰਕਾਰ ਦੁਆਰਾ ਪੇਸ਼ ਗਿਆ ਬਿਲ ਸੀ-20 ਹਾਊਸ ਆਫ਼ ਕਾਮਨਜ਼ ਵਿਚ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ।
ਇਸਦੇ ਪਾਸ ਹੋਣ ਨਾਲ ਕੈਨੇਡੀਅਨਜ਼ ਨੂੰ ਕੋਵਿਡ-19 ਦੌਰਾਨ ਵੱਡੀ ਰਾਹਤ ਮਿਲੇਗੀ।
ਕੈਨੇਡਾ ਦੀ ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਦੌਰਾਨ ਕੈਨੇਡੀਅਨਾਂ ਦੀ ਮਦਦ ਲਈ ਵੱਖੋ-ਵੱਖ ਵਰਗਾਂ ਤਹਿਤ ਕਈ ਵਿੱਤੀ ਸਹਾਇਤਾ ਪ੍ਰੋਗਰਾਮ ਲਾਂਚ ਕੀਤੇ ਗਏ ਸਨ। ਇਹਨਾਂ ਵਿਚੋਂ ਹੀ ਇੱਕ ਪ੍ਰੋਗਰਾਮ ਕੈਨੇਡਾ ਦੇ ਕਾਰੋਬਾਰਾਂ ਲਈ ਵੀ ਚਲਾਇਆ ਗਿਆ ਸੀ, ਜਿਸ ਤਹਿਤ ਕਰਮਚਾਰੀਆਂ ਦੀ 75 ਫੀਸਦੀ ਤੱਕ ਦੀਆਂ ਤਨਖਾਹਾਂ ਲਈ ਫੈੱਡਰਲ ਸਰਕਾਰ ਵੱਲੋਂ ਕਾਰੋਬਾਰਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ, ਜਿਵੇਂ ਆਰਥਿਕਤਾ ਹੌਲੀ-ਹੌਲੀ ਅਤੇ ਸੁਰੱਖਿਅਤ ਢੰਗ ਨਾਲ ਮੁੜ ਤੋਂ ਚਾਲੂ ਹੋ ਰਹੀ ਹੈ ਤਾਂ ਫੈਡਰਲ ਸਰਕਾਰ ਵੱਲੋਂ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ (ਸੀ.ਈ.ਡਬਲਯੂ) ਕਾਰੋਬਾਰਾਂ ਨੂੰ ਦਸੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਵਿੱਤ ਮੰਤਰੀ ਮੋਰਨੋ ਨੇ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਨੂੰ ਕੁਝ ਸਮਾਂ ਹੋਰ ਵਧਾਉਣ ਲਈ ਕਈ ਐਲਾਨ ਕੀਤੇ, ਜੋ ਪ੍ਰੋਗਰਾਮ ਦੀ ਪਹੁੰਚ ਨੂੰ ਵਧਾਏਗੀ ਅਤੇ ਸਹਾਇਤਾ ਪ੍ਰਦਾਨ ਕਰੇਗੀ ਤਾਂ ਜੋ ਆਰਥਿਕਤਾ ਮੁੜ ਚਾਲੂ ਹੋਣ ‘ਤੇ ਵਧੇਰੇ ਕਾਮੇ ਜਲਦੀ ਆਪਣੀਆਂ ਨੌਕਰੀਆਂ ਉਤੇ ਵਾਪਸ ਆ ਸਕਣ। ਇਹ ਸਹਾਇਤਾ ਉਹਨਾਂ ਨੌਕਰੀਆਂ ਦੀ ਰੱਖਿਆ ਕਰਨਾ ਅਤੇ ਕੈਨੇਡੀਅਨ ਕਾਰੋਬਾਰਾਂ ਦੀ ਸਹਾਇਤਾ ਕਰਨਾ ਜਾਰੀ ਰੱਖੇਗੀ ਜੋ ਇਸ ਮਹਾਂਮਾਰੀ ਦੌਰਾਨ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ। ਇਨ੍ਹਾਂ ਪ੍ਰਸਤਾਵਾਂ ਵਾਲੇ ਬਿਲ ‘ਤੇ ਮੰਗਲਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਬਹਿਸ ਹੋਈ, ਜਿਸ ਤੋਂ ਬਾਅਦ ਇਸਨੂੰ ਪਾਸ ਕਰ ਦਿੱਤਾ ਗਿਆ ਹੈ।
ਇਸ ਤਹਿਤ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਨੂੰ 21 ਦਸੰਬਰ, 2020 ਤੱਕ ਵਧਾਇਆ ਜਾਵੇਗਾ। ਇਸਦੇ ਇਲਾਵਾ ਉਹਨਾਂ ਸਬਸਿਡੀਆਂ ਨੂੰ ਲਾਗੂ ਕਰਨ ਦੀ ਆਗਿਆ ਦਿੱਤੀ ਜਾਵੇਗੀ, ਜਿਨ੍ਹਾਂ ਨੂੰ 30 ਫੀਸਦੀ ਤੋਂ ਘੱਟ ਮਾਲੀ ਨੁਕਸਾਨ ਹੋਇਆ ਹੈ। ਜਿਨ੍ਹਾਂ ਨੇ ਰਿਕਵਰ ਕਰ ਲਿਆ ਹੈ ਅਤੇ 30 ਫੀਸਦੀ ਦੀ ਸ਼ਰਤ ਨੂੰ ਪੂਰਾ ਨਹੀਂ ਕਰਦੇ, ਉਹਨਾਂ ਲਈ ਵੀ ਸਹਾਇਤਾ ਦੇ ਬਦਲ ਦਿੱਤੇ ਜਾਣਗੇ।
ਇਸ ਬਿਲ ਦੇ ਪਾਸ ਹੋਣ ਨਾਲ ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਨੂੰ ਵੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਦੀ ਆਰਥਿਕਤਾ ਸੁਰੱਖਿਅਤ ਢੰਗ ਨਾਲ ਸ਼ੁਰੂ ਹੋ ਰਹੀ ਹੈ, ਪਰ ਅਜੇ ਵੀ ਬਹੁਤ ਸਾਰੇ ਕੈਨੇਡੀਅਨ ਕਾਰੋਬਾਰ ਅਤੇ ਕਾਮੇ ਕਈ ਚੁਣੌਤੀਆਂ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਇਹੀ ਕਾਰਨ ਹੈ ਕਿ ਸਾਡੀ ਫੈੱਡਰਲ ਸਰਕਾਰ ਨੇ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਵਿੱਚ ਬਦਲਾਅ ਪੇਸ਼ ਕੀਤੇ ਹਨ ਤਾਂ ਜੋ ਕਾਰੋਬਾਰਾਂ ਨੂੰ ਕਰਮਚਾਰੀਆਂ ਨੂੰ ਨੌਕਰੀ ‘ਤੇ ਬਣਾਈ ਰੱਖਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਕਾਮੇ ਜਲਦੀ ਆਪਣੇ ਕੰਮਾਂ ਤੇ ਵਾਪਸ ਆ ਸਕਣ।
ਇਸ ਤੋਂ ਇਲਾਵਾ ਫੈੱਡਰਲ ਸਰਕਾਰ ਵੱਲੋਂ ਟੈਕਸ ਮੁਕਤ ਕੈਨੇਡਾ ਚਾਈਲਡ ਬੈਨੀਫਿਟ ਵਿਚ ਦੂਜੀ ਵਾਰ ਵਾਧਾ ਕੀਤਾ ਗਿਆ, ਜੋ ਕਿ 10 ਵਿਚੋਂ 9 ਕੈਨੇਡੀਅਨ ਪਰਿਵਾਰਾਂ ਦੇ ਵਧ ਰਹੇ ਖਰਚਿਆਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰਨ ਯੋਗ ਹੋਵੇਗਾ। ਫੈੱਡਰਲ ਲਿਬਰਲ ਸਰਕਾਰ ਮੁਤਾਬਕ, ਉਹਨਾਂ ਨੇ ਇਹ ਵਾਧਾ ਮਿਡਲ ਕਲਾਸ ਅਤੇ ਸਖ਼ਤ ਮਿਹਨਤ ਕਰ ਰਹੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਵਧੇਰੇ ਕਿਫਾਇਤੀ ਬਣਾਉਣ ਅਤੇ ਬੱਚਿਆਂ ਦੇ ਵਧੀਆ ਪਾਲਣ-ਪੋਸ਼ਣ ਦੀ ਸੁਨਿਸ਼ਚਤਤਾ ਦੇ ਮੱਦੇਨਜ਼ਰ ਕੀਤਾ ਹੈ।
ਇਸ ਸਬੰਧੀ ਗੱਲ ਕਰਦਿਆਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ 10 ਵਿੱਚੋਂ 9 ਕੈਨੇਡੀਅਨ ਪਰਿਵਾਰਾਂ ਕੋਲ ਹੁਣ ਬੱਚਿਆਂ ਲਈ ਸਿਹਤਮੰਦ ਭੋਜਨ, ਖੇਡ ਪ੍ਰੋਗਰਾਮਾਂ ਅਤੇ ਹੋਰ ਚੀਜ਼ਾਂ ਦੀ ਅਦਾਇਗੀ ਵਿੱਚ ਸਹਾਇਤਾ ਲਈ ਵਧੇਰੇ ਪੈਸੇ ਹਨ।
ਸੀ ਸੀ ਬੀ ਵਿਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ ਤਾਂ ਜੋ ਮਾਪੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਵੱਧ ਰਹੇ ਖਰਚਿਆਂ ਨੂੰ ਪੂਰਾ ਕਰ ਸਕਣ।

Check Also

551ਵੇਂ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਹੋਵੇਗਾ ਸਿੱਧਾ ਪ੍ਰਸਾਰਣ   

ਪਾਕਿਸਤਾਨ ਤੋਂ ਗੁਰਪੁਰਬ ਮੌਕੇ ਤਿੰਨ ਦਿਨਾਂ ਦੇ ਸਿੱਧੇ ਪ੍ਰਸਾਰਣ ਨੂੰ ਕੈਨੇਡਾ, ਅਮਰੀਕਾ ਤੇ ਭਾਰਤ ਸਣੇ …