ਮੀਡੀਏ ਤੇ ਸੋਸ਼ਲ-ਮੀਡੀਏ ਨੂੰ ਦਿੱਤੀ ਜਾ ਰਹੀ ਏ ਪਹਿਲ
ਕੈਲੇਡਨ/ਡਾ. ਝੰਡ : ਮਿਊਂਸਪਲ ਚੋਣਾਂ 24 ਅਕਤੂਬਰ ਨੂੰ ਹੋ ਰਹੀਆਂ ਹਨ। ਬੇਸ਼ਕ, ਇਨ੍ਹਾਂ ਵਿਚ ਅਜੇ ਲੱਗਭੱਗ ਸੱਤ ਹਫ਼ਤੇ ਦਾ ਸਮਾਂ ਬਾਕੀ ਹੈ ਪਰ ਇਨ੍ਹਾਂ ਦੇ ਲਈ ਚੋਣ ਸਰਗ਼ਰਮੀਆਂ ਹੁਣ ਤੋਂ ਹੀ ਕਾਫ਼ੀ ਜ਼ੋਰ ਫੜ ਰਹੀਆਂ ਹਨ। ਵੱਖ-ਵੱਖ ਅਹੁਦਿਆਂ ਲਈ ਇਨ੍ਹਾਂ ਵਿਚ ਹਿੱਸਾ ਲੈਣ ਵਾਲੇ ਉਮੀਦਵਾਰ ਆਪੋ-ਆਪਣੇ ਚੋਣ ਹਲਕੇ ਵਿਚ ਛੋਟੀਆਂ-ਛੋਟੀਆਂ ਨੁੱਕੜ-ਮੀਟਿੰਗਾਂ ਕਰ ਰਹੇ ਹਨ ਅਤੇ ਉਹ ਇਨ੍ਹਾਂ ਮੀਟਿੰਗਾਂ ਵਿਚ ਵੋਟਰਾਂ ਨੂੰ ਆਪਣੇ ਬਾਰੇ ਤੇ ਆਪਣੇ ਸੰਭਾਵੀ ਏਜੰਡੇ ਬਾਰੇ ਦੱਸ ਰਹੇ ਹਨ। ਕਈ ਉਮੀਦਵਾਰਾਂ ਵੱਲੋਂ ਚਾਹ-ਪਾਰਟੀਆਂ ਤੇ ਬਾਰ-ਬੀ-ਕਿਊ ਪਾਰਟੀਆਂ ਵੀ ਆਰੰਭ ਹੋ ਗਈਆਂ ਹਨ।
ਕੁਝ ਇਸ ਤਰ੍ਹਾਂ ਦੀ ਸਰਗਰਮੀ ਬੀਤੇ ਦਿਨੀਂ ਕੈਲੇਡਨ ਦੇ ਵਾਰਡ ਨੰ: 2 ਵਿਚ ਵੀ ਵੇਖਣ ਨੂੰ ਮਿਲੀ। ਕੈਲੇਡਨ ਸਿਟੀ ਕੌਂਸਲਰ ਦੇ ਲਈ ਉਹ ਇੱਥੇ ਇਸ ਵਾਰਡ ਵਿਚ ਹੋਰ ਦੋ-ਤਿੰਨ ਉਮੀਦਵਾਰਾਂ ਸਮੇਤ ਪੰਜਾਬੀ ਉਮੀਦਵਾਰ ਹੁਨਰ ਕਾਹਲੋਂ ਵੀ ਮੈਦਾਨ ਵਿਚ ਹੈ। ਉਹ ਵੀ ਆਪਣੇ ਨੌਜਵਾਨ ਸਾਥੀਆਂ ਦੇ ਸਹਿਯੋਗ ਅਤੇ ਸੀਨੀਅਰ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਆਪਣੀ ਚੋਣ-ਮੁਹਿੰਮ ਨੂੰ ਬੜੀ ਸੂਝ-ਬੂਝ ਨਾਲ ਅੱਗੇ ਵਧਾ ਰਿਹਾ ਹੈ। ਉਸ ਦਾ ਆਪਣਾ ਅਤੇ ਉਸ ਦੇ ਸਮੱਰਥਕਾਂ ਦਾ ਕਹਿਣਾ ਹੈ ਕਿ ਉਸ ਦੀ ਚੋਣ-ਮੁਹਿੰਮ ਨੂੰ ਕੈਲਾਡਨ-ਵਾਸੀਆਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।
ਆਪਣੀ ਇਸ ਚੋਣ-ਮੁਹਿੰਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਹੁਨਰ ਕਾਹਲੋਂ ਵੱਲੋਂ ਲੰਘੇ ਐਤਵਾਰ ਕੈਲੇਡਨ ਦੇ ਵਾਰਡ-2 ਏਰੀਏ ਵਿਚ ਸ਼ਾਨਦਾਰ ‘ਬਾਰ-ਬੀ-ਕਿਊ’ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਿੱਥੇ ਵੱਖ-ਵੱਖ ਕਮਿਊਨਿਟੀਆਂ ਦੇ ਨੌਜਵਾਨ ਕਾਫੀ ਗਿਣਤੀ ਵਿਚ ਸ਼ਾਮਲ ਹੋਏ, ਉੱਥੇ ਸੀਨੀਅਰਜ਼ ਕਲੱਬਾਂ ਦੇ ਪ੍ਰਮੁੱਖ ਅਹੁਦੇਦਾਰ ਅਤੇ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਾਰਿਆਂ ਨੇ ਮਿਲ ਕੇ ਬਾਰ-ਬੀ-ਕਿਊ ਦਾ ਆਨੰਦ ਮਾਣਦਿਆਂ ਹੋਇਆਂ ਇਸ ਦੌਰਾਨ ਚੋਣ ਮੁੰਿਹੰਮ ਨੂੰ ਸਫ਼ਲਤਾ-ਪੂਰਵਕ ਅੱਗੇ ਲਿਜਾਣ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਨੌਜਵਾਨ ਆਗੂ ਸੁਰਿੰਦਰ ਮਾਵੀ ਵੱਲੋਂ ਸਾਰਿਆਂ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਹੁਨਰ ਕਾਹਲੋਂ ਵੱਲੋਂ ਆਪਣੇ ਭਵਿੱਖਮਈ ਚੋਣ-ਏਜੰਡੇ ਬਾਰੇ ਵਿਚਾਰ ਦਰਸਾਏ ਗਏ।
ਇੱਥੇ ਇਹ ਵਰਨਣਯੋਗ ਹੈ ਕਿ ਕਿ ਕੈਲੇਡਨ ਵਾਰਡ ਨੰ: 2 ਵਿਚ ਹੁਨਰ ਕਾਹਲੋਂ ਦੀ ਆਪਣੇ ਸੰਭਾਵੀ ਪ੍ਰਤੀ-ਦਵੰਦਵੀ ਰਹਿਮਤ ਗਿੱਲ ਨਾਲ ਆਪਸੀ ਸਹਿਮਤੀ ਬਣ ਜਾਣ ਤੋਂ ਬਾਅਦ ਉਹ ਹੁਣ ਕੈਲੇਡਨ ਦੇ ਵਾਰਡ ਨੰ: 1, 2 ਅਤੇ 3 ਤੋਂ ਰੀਜਨਲ ਕੌਂਸਲਰ ਵਜੋਂ ਚੋਣ ਲੜ ਰਿਹਾ ਹੈ। ਇਸ ਸਰਗਰਮੀ ਨੂੰ ਕੈੇਲੇਡਨ ਦੇ ਇਸ ਏਰੀਏ ਲਈ ‘ਸ਼ੁਭ-ਸ਼ਗਨ’ ਮੰਨਿਆ ਜਾ ਰਿਹਾ ਹੈ ਅਤੇ ਲੋਕ ਆਸ ਕਰ ਰਹੇ ਹਨ ਕਿ ਇਸ ਨਾਲ ਦੋਹਾਂ ਹੀ ਉਮੀਦਵਾਰਾਂ ਨੂੰ ਫਾਇਦਾ ਹੋਵੇਗਾ, ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੋਹਾਂ ਦੇ ਜਿੱਤਣ ਦੀਆਂ ਵਧੇਰੇ ਸੰਭਾਵਨਾਵਾਂ ਬਣ ਸਕਦੀਆਂ ਹਨ।
ਇਸ ਮੀਟਿੰਗ ਵਿਚ ਜਿੱਥੇ ਸਥਾਨਕ ਕੈਲਾਡਨ-ਵਾਸੀਆਂ ਦੀ ਕਾਫੀ ਭਰਮਾਰ ਸੀ, ਉੱਥੇ ਬਰੈਂਪਟਨ ਤੋਂ ਕਈ ਸੁਹਿਰਦ ਸੱਜਣ ਅਤੇ ਪੰਜਾਬੀ ਮੀਡੀਏ ਦੇ ਰੇਡੀਓ, ਟੀ.ਵੀ. ਅਤੇ ਅਖਬਾਰਾਂ ਦੇ ਨੁਮਾਇੰਦੇ ਵੀ ਕਾਫੀ ਗਿਣਤੀ ਵਿਚ ਪਹੁੰਚੇ ਹੋਏ ਸਨ।
ਇਸ ਦਾ ਮੁੱਖ ਕਾਰਨ ਨੌਜਵਾਨ ਹੁਨਰ ਕਾਹਲੋਂ ਦੀ ਆਪਣੀ ਲੋਕ-ਪੀ੍ਰਅਤਾ, ਉਸ ਦੇ ਪਿਤਾ ਜੀ ਮਲੂਕ ਸਿੰਘ ਕਾਹਲੋਂ ਦੀਆਂ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਖ਼ੇਤਰ ਵਿਚ ਭਰਪੂਰ ਸਰਗਰਮੀਆਂ ਅਤੇ ਉਸ ਦੀ ਸਮੁੱਚੀ ਟੀਮ ਦੇ ਮੈਂਬਰਾਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਪ੍ਰਬਲ ਇੱਛਾ ਹੈ। ਉਸ ਦੀ ਇਸ ਚੋਣ-ਮਹਿੰਮ ਟੀਮ ਵਿਚ ਨੌਜਵਾਨ ਮੈਂਬਰਾਂ ਦੀ ਗਿਣਤੀ ਕਾਫੀ ਹੈ ਜੋ ਇਸ ਚੋਣ-ਮੁਹਿੰਮ ਨੂੰ ਸੋਸ਼ਲ-ਮੀਡੀਏ ਅਤੇ ਹੋਰ ਆਧੁਨਿਕ ਸੰਚਾਰ-ਸਾਧਨਾਂ ਰਾਹੀਂ ਅੱਗੇ ਵਧਾ ਰਹੇ ਹਨ।