Breaking News
Home / ਕੈਨੇਡਾ / ਪੀਅਰਸਨ ਏਅਰਪੋਰਟ ਸਪੋਰਟਸ ਐਂਡ ਰਨਰਜ਼ ਕਲੱਬ ਨੇ ਆਯੋਜਿਤ ਕੀਤੀ 10 ਕਿਲੋਮੀਟਰ ਵਾਕ

ਪੀਅਰਸਨ ਏਅਰਪੋਰਟ ਸਪੋਰਟਸ ਐਂਡ ਰਨਰਜ਼ ਕਲੱਬ ਨੇ ਆਯੋਜਿਤ ਕੀਤੀ 10 ਕਿਲੋਮੀਟਰ ਵਾਕ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 9 ਸਤੰਬਰ ਨੂੰ ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਐਂਡ ਰੱਨਰਜ਼ ਕਲੱਬ’ ਦੇ ਮੈਂਬਰਾਂ ਵੱਲੋਂ ਡੈਰੀ ਰੋਡ ਅਤੇ ਗੋਰ ਵੇਅ ਇੰਟਰਸੈੱਕਸ਼ਨ ਨੇੜੇਲੇ ‘ਵਾਈਲਡ ਵੁੱਡ ਪਾਰਕ’ ਜਿਸ ਨੂੰ ਹੁਣ ‘ਪਾਲ ਕੌਫ਼ੇ ਪਾਰਕ’ ਦਾ ਨਵਾਂ ਨਾਮ ਦਿੱਤਾ ਗਿਆ ਹੈ, ਦੇ ਖੇਡ-ਮੈਦਾਨਾਂ ਵਿਚ 10 ਕਿਲੋਮੀਟਰ ‘ਵਾਕ’ ਆਯੋਜਿਤ ਕੀਤੀ ਗਈ ਜਿਸ ਵਿਚ ਇਸ ਕਲੱਬ ਦੇ ਮੈਂਬਰਾਂ ਦੇ ਨਾਲ ਸੈਰ ਦੇ ਕਈ ਹੋਰ ਸ਼ੌਕੀਨਾਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ। ਸਵੇਰੇ ਦਸ ਵਜੇ ਕਲੱਬ ਦੇ ਮੈਂਬਰ ਅਤੇ ਇਸ ‘ਵਾਕ’ ਵਿਚ ਹਿੱਸਾ ਲੈਣ ਵਾਲੇ ਹੋਰ ਸ਼ੋਕੀਨ ਪਾਰਕ ਵਿਚ ਨਿਸਚਿਤ ਥਾਂ ‘ਤੇ ਪਹੁੰਚ ਗਏ। ਉਨ੍ਹਾਂ ਨੂੰ ‘ਜੀਤ ਆਟੋ ਵਰਕਸ’ ਵੱਲੋਂ ਸਪਾਂਸਰ ਕੀਤੀਆਂ ਗਈਆਂ ਗਰੇਅ ਰੰਗ ਦੀਆਂ ਸਪੈਸ਼ਲ ਟੀ-ਸ਼ਰਟਾਂ ਪਹਿਨਣ ਲਈ ਦਿੱਤੀਆਂ ਗਈਆਂ ਜਿਨ੍ਹਾਂ ਉੱਪਰ ਇਸ ਸਪੋਰਟਸ ਕਲੱਬ ਦਾ ਖ਼ੂਬਸੂਰਤ ‘ਲੋਗੋ’ ਅਤੇ ਨਾਂ ਪ੍ਰਿੰਟ ਹੋਇਆ ਸੀ। ਇਸ ਦੇ ਨਾਲ ਹੀ ਪ੍ਰਬੰਧਕਾਂ ਵੱਲੋਂ ਪ੍ਰੋਫ਼ੈਸ਼ਨਲ ਦੌੜਾਂ ਤੇ ਵਾਕ ਮੁਕਾਬਲਿਆਂ ਦੀ ਤਰਜ਼ ‘ਤੇ ਸਾਰਿਆਂ ਨੂੰ ਬਾ-ਕਾਇਦਾ ‘ਚੈੱਸਟ ਨੰਬਰ’ ਅਲਾਟ ਕੀਤੇ ਗਏ। 10.00 ਵਜੇ ਸਾਰੇ ਵਾਕਰ ‘ਸਟਾਰਟ-ਲਾਈਨ’ ‘ਤੇ ਇਕੱਠੇ ਹੋ ਗਏ ਅਤੇ ਰੈਫ਼ਰੀ ਦੀ ਵਿਸਲ ਨਾਲ ਇਸ ਵਾਕ ਦੀ ਸ਼ੁਭ-ਸ਼ੁਰੂਆਤ ਹੋਈ ਅਤੇ ਸਾਰੇ ਮੈਂਬਰ ਆਪੋ ਆਪਣੀ ਚਾਲੇ ਤੁਰਨ ਲੱਗੇ। ਇਸ ਵਾਕ ਲਈ ਲੱਗਭੱਗ ਡੇਢ ਕਿਲੋਮੀਟਰ ਦੇ ਘੇਰੇ ਦੇ ਟਰੈਕ ਦੇ ਸੱਤ ਚੱਕਰ ਲਗਾਉਣੇ ਪ੍ਰਬੰਧਕਾਂ ਵੱਲੋਂ ਨਿਸਚਿਤ ਕੀਤੇ ਗਏ ਸਨ ਅਤੇ ਇਸ ਨਿਸ਼ਾਨੇ ਨੂੰ ਇਕ-ਦੋ ਤੋਂ ਬਿਨਾਂ ਬਾਕੀ ਸਾਰਿਆਂ ਨੇ ਸਫ਼ਲਤਾ-ਪੂਰਵਕ ਹਾਸਲ ਕੀਤਾ। ਉਪਰੰਤ, ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਐਂਡ ਰੱਨਰਜ਼ ਕਲੱਬ’ ਵੱਲੋਂ ਉਚੇਚੇ ਤੌਰ ‘ਤੇ ਤਿਆਰ ਕਰਵਾਏ ਗਏ ਮੈਡਲ ਵਾਰੋ-ਵਾਰੀ ਸਾਰੇ ਵਾਕਰਾਂ ਦੇ ਗਲਾਂ ਵਿਚ ਮੈਡਲ ਪਾ ਕੇ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਇਸ ਦੌਰਾਨ ਕਲੱਬ ਵੱਲੋਂ ਉੱਘੇ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ ਅਤੇ ‘ਚੈਨਲ ਪੰਜਾਬੀ’ ਤੇ ‘ਗਲੋਬਲ ਪੰਜਾਬ’ ਦੇ ਕੈਮਰਾਮੈਨ ਚਮਕੌਰ ਸਿੰਘ ਮਾਛੀਕੇ ਨੂੰ ਕਲੱਬ ਵੱਲੋਂ ਸਪੈਸ਼ਲ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਪੋਰਟਸ ਕਲੱਬ ਦੇ ਸੱਭ ਤੋਂ ਸੀਨੀਅਰ ਡਰਾਈਵਰ ਹਰਬੰਸ ਸਿੰਘ ਸਿਬਲਾ ਨੂੰ ਬਲਕਾਰ ਸਿੰਘ ਖਾਲਸਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਵਾਕ ਵਿਚ ਭਾਗ ਲੈਣ ਵਾਲਿਆਂ ਵਿਚ ਕਲੱਬ ਦੇ ਸਰਗ਼ਰਮ ਮੈਂਬਰਾਂ ਹਰਭਜਨ ਸਿੰਘ, ਸੰਧੂਰਾ ਸਿੰਘ ਬਰਾੜ, ਹਜ਼ੂਰਾ ਸਿੰਘ ਬਰਾੜ, ਬਲਕਾਰ ਸਿੰਘ ਖਾਲਸਾ, ਜਸਵੀਰ ਸਿੰਘ, ਕੇਸਰ ਸਿੰਘ ਬੜੈਚ, ਜੈਪਾਲ ਸਿੰਘ ਸਿੱਧੂ, ਸੁਖਦੇਵ ਸਿੰਘ ਸਿੱਧੂ, ਰਾਕੇਸ਼ ਸ਼ਰਮਾ, ਜਗਦੀਪ ਸਿੰਘ ਆਦਿ ਤੋਂ ਇਲਾਵਾ ਪ੍ਰਿੰ. ਸਰਵਣ ਸਿੰਘ, ਹਰਜੀਤ ਸਿੰਘ ਬੇਦੀ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਅਮਰਜੀਤ ਸਿੰਘ ਸੈਂਪਲੇ, ਬਲਵਿੰਦਰ ਸਿੰਘ ਬਰਾੜ, ਜੀਤ ਸਿੰਘ, ਜਗਦੀਪ ਸਿੰਘ ਸਮੇਤ 50 ਵਾਕਰ ਸ਼ਾਮਲ ਸਨ। ਉਪਰੰਤ, ਸਾਰਿਆਂ ਨੇ ਮਿਲ ਕੇ ਚਾਹ-ਪਾਣੀ, ਬਦਾਨਾ-ਸੇਵੀਆਂ ਅਤੇ ਗਰਮ-ਗਰਮ ਪਕੌੜਿਆਂ ਦਾ ਅਨੰਦ ਲਿਆ।
ਪਿਕਨਿਕ ਵਿਚ ਸ਼ਾਮਲ ਹੋਣ ਵਾਲਿਆਂ ਦਾ ਮੁਹੰਮਦ ਸਦੀਕ ਤੇ ਸੁਖਜੀਤ ਦੀ ਉੱਘੀ ਪੰਜਾਬੀ ਗਾਇਕ-ਜੋੜੀ ਗੋਰਾ ਚੱਕਵਾਲਾ, ਪ੍ਰੀਤ ਲਾਲੀ, ਮਨਜੀਤ ਰੂਪੋਵਾਲੀਆ ਤੇ ਸੁੱਖ ਘੁੰਮਣ ਨੇ ਸਾਂਝਾ ਅਖਾੜਾ ਲਾ ਕੇ ਖ਼ੂਬ ਮਨੋਰੰਜਨ ਕੀਤਾ। ਅਖ਼ੀਰ ਵਿਚ ਪ੍ਰਬੰਧਕਾਂ ਵੱਲੋਂ ਇਸ ਵਾਕ ਅਤੇ ਪਿਕਨਿਕ ਵਿਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੋਂ ਵੀ ਅਜਿਹੇ ਸਮਾਗ਼ਮ ਕਰਨ ਦਾ ਇਕਰਾਰ ਕੀਤਾ ਗਿਆ। ਉਨ੍ਹਾਂ ਨੇ ਇਲੈੱਕਟ੍ਰਾਨਿਕ ਅਤੇ ਪ੍ਰਿੰਟ ਮੀਡੀਏ ਦਾ ਖ਼ਾਸ ਧੰਨਵਾਦ ਕੀਤਾ ਜਿਸ ਨੇ ਇਸ ਸਬੰਧੀ ਸੂਚਨਾ ਰੇਡੀਓ, ਟੀ.ਵੀ.ਅਤੇ ਅਖ਼ਬਾਰਾਂ ਵਿਚ ਲੋਕਾਂ ਤੱਕ ਪਹੁੰਚਾਈ। ਸਮੁੱਚੇ ਪ੍ਰੋਗਰਾਮ ਦੀ ਕੱਵਰੇਜ ‘ਸਿੱਖ ਸਪੋਕਸਮੈਨ’ ਅਤੇ ‘ਚੈਨਲ ਪੰਜਾਬੀ ਤੇ ਗਲੋਬਲ ਪੰਜਾਬ’ ਟੀ.ਵੀ. ਤੇ ‘ਚੜ੍ਹਦੀ ਕਲਾ’ ਟੀ.ਵੀ. ਦੀਆਂ ਟੀਮਾਂ ਵੱਲੋਂ ਕੀਤੀ ਗਈ। ਇਸ ਦੇ ਨਾਲ ਹੀ ਕਲੱਬ ਦੇ ਸੁਹਿਰਦ ਮੈਂਬਰ ਬਲਰਾਜ ਧਾਲੀਵਾਲ ਨੇ ਵਾਕ ਅਤੇ ਪਿਕਨਿਕ ਦੇ ਖ਼ੂਬਸੂਰਤ ਨਜ਼ਾਰਿਆਂ ਨੂੰ ਬੜੇ ਪ੍ਰੋਫ਼ੈਸ਼ਨਲ ਢੰਗ ਨਾਲ ਆਪਣੇ ਕੈਮਰੇ ਵਿਚ ਕੈਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …