Breaking News
Home / ਪੰਜਾਬ / ‘ਲੋਕਾਂ ਦਾ ਮਹਾਰਾਜਾ’ ਕਿਤਾਬ ਲੰਡਨ ‘ਚ ਰਿਲੀਜ਼

‘ਲੋਕਾਂ ਦਾ ਮਹਾਰਾਜਾ’ ਕਿਤਾਬ ਲੰਡਨ ‘ਚ ਰਿਲੀਜ਼

ਇੰਦਰਾ ਗਾਂਧੀ ਨੂੰ ਹਮਲਾ ਕਰਨ ਤੋਂ ਰੋਕਿਆ ਸੀ : ਕੈਪਟਨ ਅਮਰਿੰਦਰ
ਲੰਡਨ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ‘ਤੇ ਅਧਾਰਿਤ ਕਿਤਾਬ ‘ਲੋਕਾਂ ਦਾ ਮਹਾਰਾਜਾ’ ਲੰਡਨ ਵਿਚ ਰਿਲੀਜ਼ ਕੀਤੀ ਗਈ। ਇਸ ਮੌਕੇ ਕਿਤਾਬ ਦੇ ਲੇਖਕ ਖੁਸ਼ਵੰਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਪ੍ਰਸਿੱਧ ਪੱਤਰਕਾਰ ਸੁਹੇਲ ਸੇਠ ਅਤੇ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਲੇਖਕ ਤੋਂ ਵੱਖ-ਵੱਖ ਸਵਾਲ ਪੁੱਛੇ। ਜਿਨ੍ਹਾਂ ਦੇ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ‘ਸਾਕਾ ਨੀਲਾ ਤਾਰਾ’ ਬਾਰੇ ਕਿਹਾ ਕਿ ਉਨ੍ਹਾਂ ਕੇਂਦਰ ਸਰਕਾਰ, ਸੰਤ ਲੌਂਗੋਵਾਲ ਅਤੇ ਸੰਤ ਭਿੰਡਰਾਂਵਾਲਿਆਂ ਵਿਚਕਾਰ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਨਾਲ ਸਵਰਨ ਸਿੰਘ, ਹਰਕਿਸ਼ਨ ਸਿੰਘ ਸੁਰਜੀਤ, ਬਲਵੰਤ ਸਿੰਘ ਅਕਾਲੀ ਦਲ ਵਲੋਂ ਵੀ ਇਸ ਵਿਚ ਸ਼ਾਮਿਲ ਸਨ। ਫਰਵਰੀ 1984 ਵਿਚ ਉਨ੍ਹਾਂ ਇਸ ਗੱਲਬਾਤ ਤੋਂ ਜਵਾਬ ਦੇ ਦਿੱਤਾ ਸੀ, ਕਿ ਉਹ ਵਾਰਤਾਲਾਪ ਨੂੰ ਅੱਗੇ ਜਾਰੀ ਨਹੀਂ ਰੱਖ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੁਆਲੇ ਫੌਜ ਦੇ ਵਧਦੇ ਘੇਰੇ ਨੂੰ ਵੇਖ ਕੇ ਉਨ੍ਹਾਂ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਉਹ ਅਜਿਹਾ ਕੁਝ ਨਾ ਕਰੇ, ਜਿਸ ਦੇ ਜਵਾਬ ਵਿਚ ਇੰਦਰਾ ਗਾਂਧੀ ਹਮੇਸ਼ਾ ਕਹਿੰਦੀ ਰਹੀ ਕਿ ਉਹ ਕੁਝ ਨਹੀਂ ਕਰ ਰਹੀ ਪਰ ਜਦੋਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਹੋਇਆ, ਮੈਂ ਸਭ ਤੋਂ ਪਹਿਲਾਂ ਅਸਤੀਫ਼ਾ ਦਿੱਤਾ। ਇਸ ਘਟਨਾ ਨੇ ਮੇਰੇ ਸਿਆਸੀ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਕਹਿਣ ‘ਤੇ ਪੰਜਾਬ ਨੂੰ ਰਾਜੀਵ ਗਾਂਧੀ ਨੇ ਪੈਪਸੀ ਉਦਯੋਗ ਦਿੱਤਾ। ਲੇਖਕ ਖੁਸ਼ਵੰਤ ਸਿੰਘ ਨੇ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਬਹੁਤ ਸਮਾਂ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਅਤੇ ਤਜਿੰਦਰ ਸਿੰਘ ਸ਼ੇਰਗਿੱਲ ਨਾਲ ਵੀ ਲੰਮਾ ਸਮਾਂ ਬਿਤਾਇਆ। ਵੱਖ-ਵੱਖ ਅਖਬਾਰਾਂ ਦੀਆਂ ਖ਼ਬਰਾਂ ਵੀ ਇਕੱਠੀਆਂ ਕੀਤੀਆਂ। ਸਟੇਜ ਦੀ ਕਾਰਵਾਈ ਹਰਵਿੰਦਰ ਸਿੰਘ ਰਾਣਾ ਨੇ ਨਿਭਾਈ ਅਤੇ ਕਿਤਾਬ ਦੀ ਪਹਿਲੀ ਕਾਪੀ ਇੰਦਰਨੀਲ ਸਿੰਘ ਅਤੇ ਬਾਬਾ ਫੌਜਾ ਸਿੰਘ ਨੂੰ ਸੌਂਪੀ ਗਈ।
ਪਰਵਾਸੀ ਭਾਰਤੀਆਂ ਨੂੰ ਪੰਜਾਬ ‘ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ
ਲੰਡਨ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਿਵੇਸ਼ ਲਈ ਪਰਵਾਸੀ ਭਾਰਤੀਆਂ ਦਾ ਸਵਾਗਤ ਹੈ ਅਤੇ ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਅੜਚਣ ਮੁਕਤ ਕਾਰੋਬਾਰ ਵਾਲਾ ਮਾਹੌਲ ਯਕੀਨੀ ਬਣਾਵੇਗੀ ਅਤੇ ਨਿਵੇਸ਼ ਲਈ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਅਰਜ਼ੀ ਦੇਣ ਤੋਂ ਇਕ ਹਫਤੇ ਦੇ ਅੰਦਰ ਦੇ ਦਿੱਤੀਆਂ ਜਾਣਗੀਆਂ। ਸਤਲੁਜ-ਯਮੁਨਾ ਸੰਪਰਕ ਨਹਿਰ ਮੁੱਦੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮੁੱਦੇ ‘ਤੇ ਸੁਪਰੀਮ ਕੋਰਟ ਦੇ ਅੰਤਿਮ ਫ਼ੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਇਸ ਗੱਲ ਨੂੰ ਮੁੜ ਦੁਹਰਾਇਆ ਕਿ ਦੂਸਰੇ ਰਾਜਾਂ ਨੂੰ ਪਾਣੀ ਦੇਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਪੰਜਾਬ ਦੇ ਦਰਿਆਵਾਂ ਵਿਚ ਪਾਣੀ ਦੀ ਉਪਲਭਧਤਾ ਦਾ ਪਤਾ ਲਾਉਣ ਦੀ ਲੋੜ ਹੈ।
ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਕੈਪਟਨ ਦੀ ਕਿਤਾਬ ਰਿਲੀਜ਼
ਚੰਡੀਗੜ੍ਹ : ਲੰਡਨ ਦੇ ਨੈਸ਼ਨਲ ਰਾਇਲ ਮਿਊਜ਼ੀਅਮ ਵਿੱਚ ਸਾਰਾਗੜ੍ਹੀ ਜੰਗ ਦੀ 120ਵੀਂ ਵਰ੍ਹੇਗੰਢ ਸਬੰਧੀ ਹੋਏ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਰਿਲੀਜ਼ ਕੀਤੀ ਗਈ। ਮੁੱਖ ਮੰਤਰੀ ਨੇ ਹਾਜ਼ਰੀਨਾਂ ਨਾਲ ਸਾਰਾਗੜ੍ਹੀ ਦੀ ਜੰਗ ਦੇ ਅੰਤਿਮ ਕੁਝ ਘੰਟਿਆਂ ਦੇ ਉਨ੍ਹਾਂ ਪਲਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚੋਂ 22 ਸੈਨਿਕਾਂ ਨੂੰ ਲੰਘਣਾ ਪਿਆ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਨ੍ਹਾਂ ਸੂਰਬੀਰਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਜੰਗ ਦੇ ਨਤੀਜੇ ਤੋਂ ਜਾਣੂ ਹੁੰਦਿਆਂ ਵੀ ਪਿੱਛੇ ਹਟਣ ਦੀ ਥਾਂ ਆਪਣੇ ਸੈਨਿਕਾਂ ਦੀ ਸ਼ਹਾਦਤ ਤੱਕ ਸੰਜਮ ਨਾਲ ਜੰਗ ਦੀ ਅਗਵਾਈ ਕੀਤੀ। ‘ਦਿ ਸਾਰਾਗੜ੍ਹੀ ਫਾਊਂਡੇਸ਼ਨ’ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਕੈਪਟਨ ਨੇ ‘ਬਹਾਦਰੀ ਦੀਆਂ ਮੂਰਤਾਂ’ ਸਿਰਲੇਖ ਹੇਠ ਸਾਰਾਗੜ੍ਹੀ ਯਾਦਗਾਰੀ ਭਾਸ਼ਣ ਦਿੱਤਾ। ਇਸ ਮੌਕੇ ਮੁੱਖ ਮੰਤਰੀ ਦੀ ਕਿਤਾਬ ‘ਦਿ 36ਵੀਂ ਸਿੱਖਜ਼ ਇਨ ਦਿ ਤਿਰਾਹ ਕੰਪੇਨ 1897-98-ਸਾਰਾਗੜ੍ਹੀ ਐਂਡ ਦਿ ਡਿਫੈਂਸ ਆਫ਼ ਦਿ ਸਮਾਣਾ ਫੋਰਟ’ ਲਾਂਚ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਬਰਤਾਨੀਆ ਤੇ ਕੈਨੇਡਾ ਦੀ ਫ਼ੌਜ ਵਿੱਚ ਸਿੱਖਾਂ ਦੀ ਸ਼ਮੂਲੀਅਤ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਸਿੱਖਾਂ ਨੂੰ ਉਨ੍ਹਾਂ ਦੀ ਬਹਾਦਰੀ ਕਰਕੇ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ ਅਤੇ ਸਿੱਖ ਸੈਨਿਕਾਂ ਨੇ ਹਮੇਸ਼ਾ ਭਾਈਚਾਰੇ ਦੀ ਸ਼ਾਨ ਵਿੱਚ ਵਾਧਾ ਕੀਤਾ ਹੈ। ਮੁੱਖ ਮੰਤਰੀ ਨੇ ਸਾਰਾਗੜ੍ਹੀ ਦਿਵਸ ‘ਤੇ ਆਪਣੀ ਕਿਤਾਬ ਰਿਲੀਜ਼ ਹੋਣ ਨੂੰ ਇਸ ਜੰਗ ਦੇ ਸ਼ਹੀਦਾਂ ਨੂੰ ਨਿਮਾਣੀ ਸ਼ਰਧਾਂਜਲੀ ਦੱਸਿਆ।

Check Also

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਪੁੱਤਰ ਵਿਆਹ ਬੰਧਨ ’ਚ ਬੱਝਾ

ਮੁੱਖ ਮੰਤਰੀ ਭਗਵੰਤ ਮਾਨ ਸਮੇਤ ‘ਆਪ’ ਦੀ ਸਮੁੱਚੀ ਲੀਡਰਸ਼ਿਪ ਨੇ ਦਿੱਤਾ ਅਸ਼ੀਰਵਾਦ ਬਠਿੰਡਾ/ਬਿਊਰੋ ਨਿਊਜ਼ : …