Breaking News
Home / ਪੰਜਾਬ / ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਸੁਖਬੀਰ ਦੀ ਜਿੱਦ ਪੁਗਾਉਣ ਲਈ 8.62 ਕਰੋੜ ਰੁਪਏ ਪਾਣੀ ‘ਚ ਰੋੜ੍ਹੇ : ਸਿੂੱਧ

ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਸੁਖਬੀਰ ਦੀ ਜਿੱਦ ਪੁਗਾਉਣ ਲਈ 8.62 ਕਰੋੜ ਰੁਪਏ ਪਾਣੀ ‘ਚ ਰੋੜ੍ਹੇ : ਸਿੂੱਧ

ਸੁਖਬੀਰ ਬਾਦਲ ਦੇ ‘ਸੁਪਨਿਆਂ ਵਾਲੀ ਬੱਸ’ ਹੋਵੇਗੀ ਨਿਲਾਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਪ੍ਰਾਜੈਕਟ ਨੂੰ ਪੱਕੇ ਤੌਰ ‘ਤੇ ਠੱਪ ਕਰਦਿਆਂ ‘ਪਾਣੀ ਵਾਲੀ ਬੱਸ’ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਕੰਪਟਰੋਲਰ ਜਨਰਲ (ਕੈਗ) ਦੀ ਤਾਜ਼ਾ ਰਿਪੋਰਟ ਮੁਤਾਬਕ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਘਾਟੇ ਦਾ ਸੌਦਾ ਹੈ ਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਮਹਿਜ਼ ਸੁਖਬੀਰ ਸਿੰਘ ਬਾਦਲ ਦੀ ਜ਼ਿੱਦ ਪੁਗਾਉਣ ਲਈ 8.62 ਕਰੋੜ ਰੁਪਏ ਪਾਣੀ ਵਿਚ ਰੋੜ੍ਹ ਦਿੱਤੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਰਿਪੋਰਟ ਨਹੀਂ ਲਈ ਗਈ, ਅਧਿਐਨ ਨਹੀਂ ਕੀਤਾ ਗਿਆ ਤੇ ਘਾਟੇ ਵਾਧੇ ਦਾ ਵੀ ਹਿਸਾਬ ਨਹੀਂ ਲਾਇਆ ਗਿਆ। ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਦਰਅਸਲ ਸਾਲ 2015 ਦੇ ਆਰੰਭ ਵਿੱਚ ਜਦੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਬਠਿੰਡਾ ਵਿਖੇ ਸੜਕੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਰੈਲੀ ਕੀਤੀ ਗਈ, ਇਸ ਮੌਕੇ ਕੇਂਦਰੀ ਮੰਤਰੀ ਨੇ ਪਾਣੀ ਰਾਹੀਂ ਟਰਾਂਸਪੋਰਟ ਸੇਵਾਵਾਂ ਦੀ ਗੱਲ ਕੀਤੀ ਸੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਿਨਾ ਸੋਚੇ ਸਮਝੇ ਹੀ ਐਲਾਨ ਕਰ ਦਿੱਤਾ ਕਿ ਪੰਜਾਬ ਵਿੱਚ ਵੀ ਪਾਣੀ ਵਾਲੀਆਂ ਬੱਸਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਲੋਟ ਤੋਂ ਬੱਸ ਪਾਣੀ ਰਾਹੀਂ ਕੋਟਕਪੂਰੇ ਆਵੇਗੀ ਅਤੇ ਇਥੋਂ ਸੜਕ ‘ਤੇ ਚੱਲ ਪਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਇਸ ਐਲਾਨ ਨੂੰ ਪੂਰਾ ਕਰਨ ਲਈ ਦੋ ਸਾਲ ਬਾਅਦ ਹਰੀਕੇ ਪੱਤਣ ਵਿਖੇ ਪਾਣੀ ਵਾਲੀ ਬੱਸ ਚਲਾਉਣ ਦਾ ਫੈਸਲਾ ਕੀਤਾ ਗਿਆ। ਸਿੱਧੂ ਨੇ ਦੱਸਿਆ ਕਿ ਕੈਗ ਦੇ ਸੀਨੀਅਰ ਆਡੀਟਰ ਜਨਰਲ ਦੀ ਰਿਪੋਰਟ ਅਨੁਸਾਰ ਹਰੀਕੇ ਪੱਤਣ ਵਿਖੇ ਪ੍ਰਾਜੈਕਟ ਸ਼ੁਰੂ ਕਰਨ ਲਈ ਨਾ ਤਾਂ ਅਮਲੀ ਤੌਰ ਉੱਤੇ ਇਸ ਨੂੰ ਚਲਾਉਣ ਬਾਰੇ ਪੜਤਾਲ ਕੀਤੀ ਅਤੇ ਨਾ ਹੀ ਡਿਟੇਲ ਪ੍ਰਾਜੈਕਟ ਰਿਪੋਰਟ (ਡੀਪੀਆਰ) ਤਿਆਰ ਕੀਤੀ ਅਤੇ ਨਾ ਹੀ ਲੋਕਾਂ ਦੇ ਹਿੱਤ ਦੇਖੇ ਗਏ। ਉਨ੍ਹਾਂ ਕਿਹਾ ਕਿ ਮਹਿਜ਼ ਸਿਆਸੀ ਲਾਹਾ ਲੈਣ ਲਈ ਸਰਕਾਰੀ ਖ਼ਜ਼ਾਨੇ ਨੂੰ ਬੇਦਰਦੀ ਨਾਲ ਚੂਨਾ ਲਾਇਆ ਗਿਆ ਤੇ ਯੂਰੋਪ ਤੋਂ ਬੱਸ ਖ਼ਰੀਦ ਕੇ ਹਰੀਕੇ ਪੱਤਣ ਲਿਆਂਦੀ। ਮੰਤਰੀ ਨੇ ਦੱਸਿਆ ਕਿ ਦਸੰਬਰ 2016 ਦੇ ਦੂਜੇ ਹਫ਼ਤੇ ਜਦੋਂ ਬੱਸ ਦਾ ਟਰਾਇਲ ਹੋਇਆ ਤਾਂ ਪਾਣੀ ਘੱਟ ਹੋਣ ਕਾਰਨ ਬੱਸ ਫਸ ਗਈ। ਫਿਰ ਬੱਸ ਚਲਾਉਣ ਲਈ ਭਾਖੜਾ ਡੈਮ ਤੋਂ ਸਤਲੁਜ ਨਹਿਰ ਵਿੱਚ ਪਾਣੀ ਛੱਡਿਆ ਗਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਤਲੁਜ ਵਿੱਚ ਪਾਣੀ ਛੱਡਣ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਦੀ ਦਰਿਆ ਨਾਲ ਲੱਗਦੀ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਹਰੀਕੇ ਵਿਖੇ ਪਾਣੀ ਵਾਲੀ ਬੱਸ ਚਲਾਉਣ ਨਾਲ ਹਰੀਕੇ ਵੈਟਲੈਂਡ ਵਿੱਚ ਆਉਣ ਵਾਲੇ ਪਰਵਾਸੀ ਪੰਛੀਆਂ ਨੂੰ ਵੀ ਨੁਕਸਾਨ ਪੁੱਜਾ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਬੱਸ ਚਲਾਉਣ ਦੇ ਡਰਾਈਵਰ ਕੋਲ ‘ਇਨਲੈਂਡ ਵਾਟਰਵੇਅਜ਼ ਅਥਾਰਟੀ ਆਫ ਇੰਡੀਆ’ ਦਾ ਬੱਸ ਚਲਾਉਣ ਦਾ ਲਾਇਸੈਂਸ ਵੀ ਨਹੀਂ ਸੀ। ਇਸ ਪ੍ਰਾਜੈਕਟ ਉਪਰ ਸਰਕਾਰ ਵੱਲੋਂ 8.62 ਕਰੋੜ ਰੁਪਏ ਖਰਚੇ ਗਏ ਅਤੇ ਕਮਾਈ ਸਿਰਫ 70 ਹਜ਼ਾਰ ਰੁਪਏ ਹੋਈ। ਉਨ੍ਹਾਂ ਕਿਹਾ ਕਿ ਤੱਥਾਂ ਨੂੰ ਘੋਖਣ ਤੋਂ ਬਾਅਦ ਵਿਭਾਗ ਨੇ ਇਸ ਘਾਟੇ ਦੇ ਪ੍ਰਾਜੈਕਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਬੱਸ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਲਈ ਉਸਾਰੇ ਗਏ ਇਨਫਰਾਸਟੱਕਚਰ ਨੂੰ ਇਥੇ ਪੈਡਲ ਬੋਟ ਅਤੇ ਸ਼ਿਕਾਰੇ ਚਲਾਉਣ ਲਈ ਵਰਤਿਆ ਜਾਵੇਗਾ।

Check Also

ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ 

ਮੋਰਿੰਡਾ : ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਆਪਣੀ ਚੋਣ ਮੁਹਿੰਮ …