ਸੂਬਾ ਸਰਕਾਰ ਨੂੰ ਸਾਲਾਨਾ 600 ਕਰੋੜ ਰੁਪਏ ਦਾ ਵਾਧੂ ਮਾਲੀਆ ਆਉਣ ਦੀ ਉਮੀਦ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਪ੍ਰਚੂਨ ਖਪਤਕਾਰਾਂ ਲਈ ਪੈਟਰੋਲ ਦੀ ਕੀਮਤ ਵਿੱਚ 92 ਪੈਸੇ ਤੇ ਡੀਜ਼ਲ ਵਿੱਚ 88 ਪੈਸੇ ਪ੍ਰਤੀ ਲਿਟਰ ਇਜ਼ਾਫੇ ਦਾ ਐਲਾਨ ਕੀਤਾ ਹੈ। ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ ਤੇਲ ਕੀਮਤਾਂ ’ਚ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ‘ਆਪ’ ਸਰਕਾਰ ਨੇ ਮੌਜੂਦਾ ਸਾਲ ਵਿੱਚ ਦੂਜੀ ਵਾਰ ਤੇਲ ਕੀਮਤਾਂ ਵਧਾਈਆਂ ਹਨ। ਇਸ ਵਾਧੇ ਨਾਲ ਸੂਬਾ ਸਰਕਾਰ ਨੂੰ ਖਜ਼ਾਨੇ ਵਿੱਚ ਸਾਲਾਨਾ 600 ਕਰੋੜ ਰੁਪਏ ਦਾ ਵਾਧੂ ਮਾਲੀਆ ਆਉਣ ਦੀ ਉਮੀਦ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਵਿੱਤ ਵਿਭਾਗ ਵਿਚਲੇ ਸੂਤਰਾਂ ਨੇ ਦੱਸਿਆ ਕਿ ਤੇਲ ਕੀਮਤਾਂ ਵਿੱਚ ਅੱਜ ਦੇ ਵਾਧੇ ਦੇ ਬਾਵਜੂਦ ਗੁਆਂਢੀ ਸੂਬੇ ਹਰਿਆਣਾ ਦੀ ਨਿਸਬਤ ਪੰਜਾਬ ਵਿੱਚ ਡੀਜ਼ਲ ਅਜੇ ਵੀ ਸਸਤਾ ਹੈ। ਰਾਜਸਥਾਨ ਦੇ ਮੁਕਾਬਲੇ ਵੀ ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ ਅਜੇ ਸਸਤਾ ਹੈ।