6.3 C
Toronto
Friday, October 31, 2025
spot_img
Homeਹਫ਼ਤਾਵਾਰੀ ਫੇਰੀਨਾਗਰਿਕਤਾ ਕਾਨੂੰਨ ਦੇ ਹੱਕ ਲਈ ਵਿਦਿਆਰਥੀਆਂ ਦੀ ਲਈ ਆੜ

ਨਾਗਰਿਕਤਾ ਕਾਨੂੰਨ ਦੇ ਹੱਕ ਲਈ ਵਿਦਿਆਰਥੀਆਂ ਦੀ ਲਈ ਆੜ

ਧਨੌਲਾ ਦੇ ਇਕ ਸਕੂਲ ‘ਚ ਬੱਚਿਆਂ ਕੋਲੋਂ ਸੀਏਏ ਦੇ ਹੱਕ ‘ਚ ਕਰਵਾਏ ਗਏ ਦਸਤਖਤ
ਧਨੌਲਾ/ਬਿਊਰੋ ਨਿਊਜ਼ : ਸੰਗਰੂਰ ਜ਼ਿਲ੍ਹੇ ਵਿਚ ਪੈਂਦੇ ਕਸਬਾ ਧਨੌਲਾ ਦੇ ਇਕ ਸਕੂਲ ਵਿਚ ਬੱਚਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਹੱਕ ਵਿਚ ਦਸਤਖ਼ਤ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਸ਼ੱਕ ਪੁਲਿਸ ਨੇ ਮੁਸਤੈਦੀ ਵਰਤਦਿਆਂ ਮਾਮਲਾ ਸ਼ਾਂਤ ਕਰ ਲਿਆ ਪਰ ਇਕ ਵਾਰ ਮਾਹੌਲ ਤਲਖ਼ ਹੋ ਗਿਆ ਸੀ।
ਜਾਣਕਾਰੀ ਅਨੁਸਾਰ ਧਨੌਲਾ ਦੇ ਲਾਲਾ ਜਗਨ ਨਾਥ ਸਰਬਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਚ ਬੱਚਿਆਂ ਤੋਂ ਇਕ ਕੱਪੜੇ ‘ਤੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਦਸਤਖ਼ਤ ਕਰਵਾ ਲਏ ਗਏ ਅਤੇ ਇਸ ਨਾਲ ਇਕ ਫਾਰਮ ਵੀ ਭਰਵਾਇਆ ਗਿਆ। ਬੱਚਿਆਂ ਵੱਲੋਂ ਆਪਣੇ ਮਾਪਿਆਂ ਨੂੰ ਇਹ ਗੱਲ ਦੱਸੇ ਜਾਣ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਕੂਲ ਪੁੱਜ ਗਏ। ਇਨ੍ਹਾਂ ਨੁਮਾਇੰਦਿਆਂ ਨੇ ਪ੍ਰਿੰਸੀਪਲ ਤੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਇਸ ਗੱਲ ‘ਤੇ ਸਖ਼ਤ ਇਤਰਾਜ਼ ਜਤਾਇਆ। ਬੇਸ਼ੱਕ ਪ੍ਰਿੰਸੀਪਲ ਨੇ ਹਲੀਮੀ ਬਰਕਰਾਰ ਰੱਖੀ ਪਰ ਮਾਹੌਲ ਇਕ ਵਾਰ ਤਲਖ਼ ਹੋ ਗਿਆ। ਨੁਮਾਇੰਦਿਆਂ ਨੇ ਆਖਿਆ ਕਿ ਸਕੂਲ ਵਿਚ ਸਾਰੇ ਧਰਮਾਂ ਦੇ ਬੱਚੇ ਪੜ੍ਹਦੇ ਹਨ, ਜਿਸ ਕਾਰਨ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਹਸਤਾਖ਼ਰ ਕਦੇ ਵੀ ਨਹੀਂ ਕਰਵਾਉਣ ਦਿੱਤੇ ਜਾਣਗੇ। ਸਕੂਲ ਦੇ ਪ੍ਰਧਾਨ ਪ੍ਰਮੋਦ ਕੁਮਾਰ, ਡਾ. ਰੋਹਿਤ ਕੁਮਾਰ ਬਾਂਸਲ, ਡਾ. ਚਿਮਨ ਲਾਲ ਬਾਂਸਲ, ਬਾਬੂ ਬ੍ਰਿਜ ਲਾਲ, ਜੀਵਨ ਕੁਮਾਰ ਤੇ ਕਾਰਜਕਾਰੀ ਮੈਂਬਰ ਰਜਨੀਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਬੱਚਿਆਂ ਦੇ ਦਸਤਖ਼ਤਾਂ ਵਾਲੇ ਦਸਤਾਵੇਜ਼ ਅੱਗੇ ਨਹੀਂ ਭੇਜੇ ਹਨ। ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਫਾਰਮ ਤੇ ਦਸਤਖ਼ਤਾਂ ਵਾਲਾ ਕੱਪੜਾ ਹਾਜ਼ਰ ਨੁਮਾਇੰਦਿਆਂ ਹਵਾਲੇ ਕਰ ਦਿੱਤਾ। ਕੁਝ ਲੋਕਾਂ ਨੇ ਇਸ ਕੱਪੜੇ ਨੂੰ ਅੱਗ ਲਾਉਣ ਦੀ ਗੱਲ ਕੀਤੀ ਤਾਂ ਥਾਣਾ ਮੁਖੀ ਹਾਕਮ ਸਿੰਘ ਨੇ ਇਸ ਕੱਪੜੇ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਸ਼ਾਂਤ ਕੀਤਾ। ਲੋਕਾਂ ਨੇ ਨਾਲ ਹੀ ਮੰਗ ਕੀਤੀ ਕਿ ਸਕੂਲ ਦਾ ਨਾਂ ਸਿਰਫ ਲਾਲਾ ਜਗਨ ਨਾਥ ਰੱਖਿਆ ਜਾਵੇ।
ਪ੍ਰਿੰਸੀਪਲ ਨੇ ਪਿੱਛੋਂ ਫਾਰਮ ਮਿਲਣ ਦੀ ਗੱਲ ਆਖੀ
ਸਕੂਲ ਪ੍ਰਿੰਸੀਪਲ ਵਿਸ਼ਾਲ ਗਰਗ ਨੇ ਦੱਸਿਆ ਕਿ ਉਨ੍ਹਾਂ ਕੋਲ ਸਟੇਟ ਬਾਡੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਦਸਤਖ਼ਤ ਕਰਵਾਉਣ ਲਈ ਫਾਰਮ ਆਏ ਸਨ ਪਰ ਉਨ੍ਹਾਂ ਨੇ ਇਹ ਪੁਲਿਸ ਹਵਾਲੇ ਕਰ ਦਿੱਤੇ ਹਨ। ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਆਖਿਆ ਕਿ ਦੋਵਾਂ ਧਿਰਾਂ ਦੀ ਮੀਟਿੰਗ ਤੋਂ ਬਾਅਦ ਮਾਮਲਾ ਨਿਪਟ ਗਿਆ ਹੈ।

RELATED ARTICLES
POPULAR POSTS