Breaking News
Home / ਹਫ਼ਤਾਵਾਰੀ ਫੇਰੀ / ਕੈਪਟਨ ਅਮਰਿੰਦਰ ਲਈ ਪਰਖ ਦੀ ਘੜੀ ਬਣੇਗਾ 2022

ਕੈਪਟਨ ਅਮਰਿੰਦਰ ਲਈ ਪਰਖ ਦੀ ਘੜੀ ਬਣੇਗਾ 2022

ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵਧਿਆ, ਚੰਨੀ ਦੇ ਘਰ ਫਿਰ ਇਕੱਠੇ ਹੋਏ ਨਰਾਜ਼ ਮੰਤਰੀ ਤੇ ਵਿਧਾਇਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਅਗਲੇ ਸਾਲ 2022 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਉਂਦੀ ਜਾ ਰਹੀ ਹੈ। ਇਸ ਗਰਮਾ ਰਹੀ ਸਿਆਸਤ ਦਾ ਪੰਜਾਬ ਕਾਂਗਰਸ ਵਿਚ ਜ਼ਿਆਦਾ ਅਸਰ ਦੇਖਿਆ ਜਾ ਰਿਹਾ ਹੈ। ਜਿਸ ਤਰ੍ਹਾਂ ਕਾਂਗਰਸ ਵਿਚ ਖਿੱਚੋਤਾਣ ਚੱਲ ਰਹੀ ਹੈ, ਉਸ ਤੋਂ ਲੱਗਦਾ ਹੈ ਕਿ 2022 ਕੈਪਟਨ ਅਮਰਿੰਦਰ ਸਿੰਘ ਲਈ ਪਰਖ ਦੀ ਘੜੀ ਬਣੇਗਾ।
ਵਿਧਾਇਕ ਪਰਗਟ ਸਿੰਘ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਲਾਹਕਾਰ ਸੰਦੀਪ ਸੰਧੂ ‘ਤੇ ਧਮਕਾਊਣ ਦੇ ਆਰੋਪ ਲਗਾਉਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਪਰਗਟ ਸਿੰਘ ਨੇ ਧਮਕੀ ਦੇਣ ਦੀ ਘਟਨਾ ਨੂੰ ਪੂਰੀ ਜ਼ਿੰਦਗੀ ਨਾ ਭੁੱਲਣ ਵਾਲੀ ਦੱਸਿਆ ਅਤੇ ਕਿਹਾ ਕਿ ਜੇਕਰ ਉਲੰਪਿਕ ਅਤੇ ਪਦਮਸ੍ਰੀ ਐਵਾਰਡੀ ਨੂੰ ਧਮਕੀ ਦਿੱਤੀ ਜਾ ਸਕਦੀ ਹੈ ਤਾਂ ਆਮ ਆਦਮੀ ਦਾ ਕੀ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਕ ਮੀਟਿੰਗ ਕਰਕੇ ਪਾਰਟੀ ਵਿਚ ਇਕਜੁੱਟਤਾ ਦੀ ਗੱਲ ਕਹਿੰਦੇ ਹੋਏ ਵਿਧਾਇਕਾਂ ਤੇ ਮੰਤਰੀਆਂ ਨੂੰ ਵੱਖ ਵੱਖ ਬੈਠਕਾਂ ਨਾ ਕਰਨ ਦੀ ਅਪੀਲ ਕੀਤੀ ਸੀ। ਪਰ ਫਿਰ ਵੀ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਘਰ ‘ਤੇ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਮੀਟਿੰਗ ‘ਚ ਸ਼ਾਮਲ ਹੋਏ। ਚੰਨੀ ਦੇ ਘਰ ਪਹੁੰਚੇ ਬਾਜਵਾ ਸਮੇਤ ਕਈ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੇ ਮਹਿਲਾ ਕਮਿਸ਼ਨ ਅਤੇ ਧਮਕੀ ਦੇ ਮਾਮਲੇ ਵਿਚ ਕੈਪਟਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਪਰਗਟ ਸਿੰਘ ਦੇ ਸਮਰਥਨ ਵਿਚ ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ‘ਤੇ ਕਾਰਵਾਈ ਕਰਨ ਦੀ ਬਜਾਏ ਆਪਣੇ ਹੀ ਆਗੂਆਂ ਅਤੇ ਵਰਕਰਾਂ ਖਿਲਾਫ ਵਿਜੀਲੈਂਸ ਦਾ ਗੈਰਕਾਨੂੰਨੀ ਇਸਤੇਮਾਲ ਕੀਤਾ ਜਾ ਰਿਹਾ ਹੈ। ਉਧਰ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਦਾ ਨਾਮ ਲਏ ਬਿਨਾ ਸੋਸ਼ਲ ਮੀਡੀਆ ‘ਤੇ ਤਨਜ਼ ਕਸਿਆ। ਸਾਰਿਆਂ ਨੇ ਇਕ ਸੁਰ ਵਿਚ ਕਿਹਾ ਕਿ ਮੰਤਰੀਆਂ ਤੇ ਵਿਧਾਇਕਾਂ ਵਲੋਂ ਉਠਾਏ ਜਾ ਰਹੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਚੰਨੀ ਬਾਰੇ ਮਾਮਲਾ ਜਾਣਬੁੱਝ ਕੇ ਉਠਾਇਆ ਜਾ ਰਿਹਾ ਹੈ।
ਸਾਡੀ ਲੜਾਈ ਬੇਅਦਬੀ ਮਾਮਲਿਆਂ ਨੂੰ ਲੈ ਕੇ : ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡੀ ਲੜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਆਰੋਪੀਆਂ ਨੂੰ ਸਜ਼ਾ ਦਿਵਾਉਣ ਨੂੰ ਲੈ ਕੇ ਹੈ। ਪਤਾ ਨਹੀਂ ਕੌਣ ਇਸ ਮਾਮਲੇ ਨੂੰ ਦਬਾਉਣਾ ਚਾਹੁੰਦਾ ਹੈ। ਚੰਨੀ ਬਾਰੇ ਮਹਿਲਾ ਕਮਿਸ਼ਨ ਨੂੰ ਤਿੰਨ ਸਾਲ ਬਾਅਦ ਮਾਮਲਾ ਕਿਉਂ ਯਾਦ ਆਇਆ।
ਮੇਰੇ ਬਾਰੇ ਸੀਐਮ ਸਥਿਤੀ ਸਪੱਸ਼ਟ ਕਰਨ : ਚੰਨੀ
ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਬਿਆਨ ਨੂੰ ਲੈ ਕੇ ਅਸੀਂ ਸਾਰੇ ਇਕੱਠੇ ਹੋਏ ਹਾਂ। ਮੇਰੇ ਉਪਰ ਇਕ ਸਾਜਿਸ਼ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਕਿਸੇ ਨੇ ਸ਼ਿਕਾਇਤ ਤੱਕ ਨਹੀਂ ਕੀਤੀ ਹੈ। ਸਾਰਿਆਂ ਨੇ ਸੀਐਮ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ।
ਕੈਪਟਨ ਗਲਤ ਟੀਮ ਦੇ ਨਾਲ : ਬਾਜਵਾ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਰਗਟ ਸਿੰਘ ਨੂੰ ਵਿਜੀਲੈਂਸ ਦੀ ਧਮਕੀ ਅਤੇ ਨਵਜੋਤ ਸਿੱਧੂ ਦੇ ਖਿਲਾਫ ਵਿਜੀਲੈਂਸ ਦੀ ਕਾਰਵਾਈ ਗੈਰਕਾਨੂੰਨੀ ਹੈ। ਕੈਪਟਨ ਗਲਤ ਟੀਮ ਦੇ ਨਾਲ ਕੰਮ ਕਰ ਰਹੇ ਹਨ।
ਸੱਚ ਬੋਲਣ ਵਾਲਾ ਮੁੱਖ ਮੰਤਰੀ ਦਾ ਦੁਸ਼ਮਣ : ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਜੋ ਵੀ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ, ਉਹ ਤੁਹਾਡਾ (ਮੁੱਖ ਮੰਤਰੀ) ਦੁਸ਼ਮਣ ਬਣ ਜਾਂਦਾ ਹੈ। ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ ਜਨਤਾ ਦੀ ਆਵਾਜ਼ ਉਠਾ ਰਹੇ ਹਨ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …