‘ਪਰਵਾਸੀ ਰੇਡੀਓ ‘ਤੇ ਬੋਲੇ ਕੁਮਾਰ ਵਿਸ਼ਵਾਸ
ਟੋਰਾਂਟੋ/ਪਰਵਾਸੀ ਬਿਊਰੋ
ਆਮ ਆਦਮੀ ਪਾਰਟੀ ਦੇ ਲੀਡਰ ਅਤੇ ਭਾਰਤ ਦੇ ਪ੍ਰਸਿੱਧ ਹਿੰਦੀ ਕਵੀ, ਕੁਮਾਰ ਵਿਸ਼ਵਾਸ ਨੇ ਪੰਜਾਬ ਵਿੱਚ ਨਸ਼ਿਆਂ ਦੀ ਚਿੰਤਾਜਨਕ ਹਾਲਤ ਨੂੰ ਬਿਆਨ ਕਰਦਿਆਂ ‘ਇਕ ਨਸ਼ਾ’ ਨਾਮਕ ਜਿਹੜਾ ਪੰਜਾਬੀ ਗੀਤ ਲਿਖਿਆ ਹੈ, ਉਸ ਨੂੰ 8 ਮਈ ਨੂੰ ਦਿੱਲੀ ਦੇ ਸ਼੍ਰੀ ਫੋਰਟ ਸਟੇਡੀਅਮ ਵਿੱਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਹਾਲਾਂਕਿ ਇਸ ਗੀਤ ਦੀਆਂ ਅਜੇ ਚਾਰ ਲਈਨਾਂ ਹੀ ਰਿਲੀਜ਼ ਕੀਤੀਆਂ ਗਈਆਂ ਹਨ। ਪਰੰਤੂ ਇਹ ਗੀਤ ਸੰਸਾਰ ਭਰ ਵਿੱਚ ਬੇਹੱਦ ਚਰਚਾ ਵਿੱਚ ਆ ਗਿਆ ਹੈ।
ਵੀਰਵਾਰ ਨੂੰ ਪਰਵਾਸੀ ਰੇਡਿਓ ‘ਤੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕੁਮਾਰ ਵਿਸ਼ਵਾਸ ਹੋਰਾਂ ਇਸ ਗੀਤ ਦੀਆਂ ਇਹ ਚਾਰ ਲਾਈਨਾਂ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਅਤੇ ਪੰਜਾਬ ਦੀ ਨਸ਼ਿਆਂ ਕਾਰਨ ਤਬਾਹ ਹੋ ਰਹੀ ਨੌਜਵਾਨ ਪੀੜ੍ਹੀ ਬਾਰੇ ਵਿਸਥਾਰ ਵਿੱਚ ਆਪਣੇ ਮਨ ਦੇ ਭਾਵ ਵੀ ਸਾਂਝੇ ਕੀਤੇ।
ਜਿਹੜੀ ਕਵਿਤਾ ਉਨ੍ਹਾਂ ਨੇ 8 ਮਈ ਨੂੰ ਸੁਣਾਉਣੀ ਹੈ, ਉਸ ਦੇ ਕੁਝ ਬੋਲ ਉਨ੍ਹਾਂ ਨੇ ਪਰਵਾਸੀ ਦੇ ਸਰੋਤਿਆਂ ਨਾਲ ਖਾਸ ਤੌਰ ‘ਤੇ ਸਾਂਝੇ ਵੀ ਕੀਤੇ, ਜੋ ਇਸ ਪ੍ਰਕਾਰ ਹਨ:
”ਸਾਡੀ ਵੱਟ ਖਾ ਗਏ, ਫਸਲ ਖਾ ਗਏ, ਖੇਤ ਖਾ ਗਏ ਬਾਦਲ।
ਸਾਡੀ ਸੜਕ ਖਾ ਗਏ, ਨਹਿਰ ਖਾ ਗਏ, ਰੇਤ ਖਾ ਗਏ ਬਾਦਲ।
ਜਦ ਨਸ਼ੇ ਦੇ ਕਾਰੋਬਾਰ ਹੋਏ, ਗਭਰੂ ਜਵਾਨ ਮੁਰਦਾਰ ਹੋਏ
ਹੋਰਾਂ ਨੂੰ ਕਰਜ਼ਾ ਦੇਣ ਵਾਲੇ, ਆਪੇ ਹੀ ਕਰਜ਼ੇਦਾਰ ਹੋਏ
ਚਿੱਟੇ ਵਿੱਚ ਤਿਜਾਰਤ ਕਰਦੀ ਹੈ, ਖਸਮਾਖਾਣੀ ਸਰਕਾਰ
ਓਏ ਛੱਡ ਦੇ ਪੁੜੀਆਂ ਜੱਟਾਂ, ਤੇਰੀ ਗੁੜੀਆ ਕਰੇ ਪੁਕਾਰ।”
ਕੁਮਾਰ ਵਿਸ਼ਵਾਸ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੈਲਗਰੀ ਵਿੱਚ ਰਹਿੰਦੇ ਆਪਣੇ ਇਕ ਪੰਜਾਬੀ ਦੋਸਤ ਦੀ ਮਦਦ ਨਾਲ ਇਹ ਕਵਿਤਾ ਪੰਜਾਬੀ ਵਿੱਚ ਲਿਖੀ ਹੈ, ਜਦਕਿ ਉਹ ਆਪ ਹਿੰਦੀ ਕਵੀ ਹਨ। ਉਨ੍ਹਾਂ ਨੇ ਬਿਨ੍ਹਾਂ ਕਿਸੇ ਦਾ ਨਾਂਅ ਲਿਆਂ ਕਿਹਾ ਕਿ ਭਾਵੇਂ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਕਵਿਤਾ ਕਾਰਨ ਉਨ੍ਹਾਂ ਨੂੰ ਮੁਸਕਲਾਂ ਪੇਸ਼ ਆ ਸਕਦੀਆਂ ਹਨ। ਪਰੰਤੂ ਉਹ ਇਸ ਲਈ ਵੀ ਤਿਆਰ ਹਨ।
ਕੁਮਾਰ ਵਿਸ਼ਵਾਸ ਦਾ ਮੰਨਣਾ ਹੈ ਕਿ ਚੰਗੀਆਂ ਖੁਰਾਕਾਂ ਖਾਣ ਵਾਲੇ ਅਤੇ ਸਾਰੀ ਦੁਨੀਆ ਦਾ ਅਨਾਜ ਨਾਲ ਢਿੱਡ ਭਰਨ ਵਾਲਾ ਕਿਸਾਨ ਅੱਜ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਉਸਦੇ ਬੱਚੇ ਨਸ਼ਿਆਂ ਦੇ ਸ਼ਿਕਾਰ ਹਨ।
ਉਨ੍ਹਾਂ ਨਾਲ ਹੀ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ‘ਚੋਂ ਨਸ਼ੇ ਖਤਮ ਕਰਨ ਲਈ ਅਤੇ ਨਸ਼ਿਆਂ ਦੇ ਵਪਾਰ ਨੂੰ ਰਾਜਨੀਤਕ ਤਾਕਤ ਦੇਣ ਵਾਲਿਆਂ ਦੇ ਖਿਲਾਫ ਕਾਰਵਾਈ ਜ਼ਰੂਰ ਕਰੇਗੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …