ਅਸ਼ਲੀਲ ਫਿਲਮਾਂ ਦੇ ਮਾਮਲੇ ’ਚ ਕੁੰਦਰਾ ਦੀ ਗਿ੍ਰਫਤਾਰੀ ’ਤੇ ਲਗਾਈ ਰੋਕ
ਨਵੀਂ ਦਿੱਲੀ/ਬਿਊਰੋ ਨਿਊਜ਼
ਅਸ਼ਲੀਲ ਫਿਲਮਾਂ ਬਣਾਉਣ ਅਤੇ ਪ੍ਰਸਾਰਿਤ ਕਰਨ ਦੇ ਆਰੋਪ ਵਿਚ ਗਿ੍ਰਫਤਾਰ ਅਤੇ ਜ਼ਮਾਨਤ ’ਤੇ ਬਾਹਰ ਆਏ ਰਾਜ ਕੁੰਦਰਾ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਧਿਆਨ ਰਹੇ ਕਿ ਰਾਜ ਕੁੰਦਰਾ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦਾ ਪਤੀ ਹੈ। ਸੁਪਰੀਮ ਕੋਰਟ ਨੇ ਚਾਰ ਹਫਤਿਆਂ ਤੱਕ ਰਾਜ ਕੁੰਦਰਾ ਦੀ ਗਿ੍ਰਫਤਾਰੀ ’ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਹ ਫੈਸਲਾ ਅਸ਼ਲੀਲ ਫਿਲਮਾਂ ਨਾਲ ਜੁੜੇ ਇਕ ਹੋਰ ਮਾਮਲੇ ਵਿਚ ਸੁਣਾਇਆ ਹੈ। ਸੁਪਰੀਮ ਕੋਰਟ ਨੇ ਇਸਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਨੂੰ ਇਕ ਨੋਟਿਸ ਵੀ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੰਬੇ ਹਾਈਕੋਰਟ ਨੇ ਅਸ਼ਲੀਲ ਫਿਲਮਾਂ ਦੇ ਮਾਮਲੇ ਵਿਚ ਰਾਜ ਕੁੰਦਰਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਲੰਘੇ ਨਵੰਬਰ ਮਹੀਨੇ ਖਾਰਜ ਕਰ ਦਿੱਤੀ ਸੀ। ਬੰਬੇ ਹਾਈਕੋਰਟ ਵਲੋਂ ਉਸਦੀ ਜ਼ਮਾਨਤ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਕੁੰਦਰਾ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਰਾਜ ਕੁੰਦਰਾ ਨੇ ਅਦਾਲਤ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਕਿ ਉਹ ਅਸ਼ਲੀਲ ਵੀਡੀਓਜ਼ ਬਣਾਉਣ ਜਾਂ ਪ੍ਰਸਾਰਿਤ ਕਰਨ ਵਿਚ ਸ਼ਾਮਲ ਨਹੀ ਹੈ। ਰਾਜ ਕੁੰਦਰਾ ਨੇ ਦਾਅਵਾ ਕੀਤਾ ਕਿ ਉਸ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਜਾ ਰਿਹਾ ਹੈ।