16.2 C
Toronto
Sunday, October 5, 2025
spot_img
Homeਭਾਰਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਨਵੀਂ ਸੰਸਦੀ ਇਮਾਰਤ ਦੇਸ਼ ਦੀ ਵਿਕਾਸ ਯਾਤਰਾ ਦਾ ‘ਸਦੀਵੀ’ ਪਲ : ਮੋਦੀ
ਧਾਰਮਿਕ ਰਹੁ-ਰੀਤਾਂ ਨਾਲ ਇਤਿਹਾਸਕ ਰਾਜਦੰਡ ‘ਸੇਂਗੋਲ’ ਲੋਕ ਸਭਾ ‘ਚ ਸਥਾਪਿਤ
140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਤੇ ਸੁਫ਼ਨਿਆਂ ਦਾ ਪ੍ਰਤੀਬਿੰਬ ਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਸਣੇ ਹੋਰਨਾਂ ਵਿਰੋਧੀ ਧਿਰਾਂ ਵੱਲੋਂ ਕੀਤੇ ਬਾਈਕਾਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਧਾਰਮਿਕ ਰਹੁ-ਰੀਤਾਂ ਨਾਲ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਤਾਮਿਲਨਾਡੂ ਤੋਂ ਵਿਸ਼ੇਸ਼ ਤੌਰ ‘ਤੇ ਆਏ ‘ਅਧਿਨਾਮਾਂ’ ਦੇ ਆਸ਼ੀਰਵਾਦ ਨਾਲ ਮੋਦੀ ਨੇ ਇਤਿਹਾਸਕ ਸੇਂਗੋਲ ਨੂੰ ਲੋਕ ਸਭਾ ਚੈਂਬਰ ਵਿੱਚ ਸਪੀਕਰ ਦੇ ਆਸਨ ਨਾਲ ਸਥਾਪਿਤ ਕੀਤਾ।
ਇਸ ਦੌਰਾਨ ਉਦਘਾਟਨ ਸਮਾਗਮ ਦੇ ਦੂਜੇ ਪੜਾਅ ਤਹਿਤ ਨਵੀਂ ਸੰਸਦੀ ਇਮਾਰਤ ਦੇ ਹੇਠਲੇ ਸਦਨ ‘ਚ ਜੁੜੇ ਦੋਵਾਂ ਸਦਨਾਂ ਦੇ ਮੈਂਬਰਾਂ ਤੇ ਹੋਰਨਾਂ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਦੇਸ਼ ਦੀ ਵਿਕਾਸ ਯਾਤਰਾ ਦਾ ‘ਸਦੀਵੀਂ’ ਪਲ ਹੈ। ਉਨ੍ਹਾਂ ਨਵੀਂ ਸੰਸਦ ਨੂੰ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਤੇ ਸੁਫਨਿਆਂ ਦਾ ਪ੍ਰਤੀਬਿੰਬ ਦੱਸਿਆ। ਉਨ੍ਹਾਂ ਕਿਹਾ ਕਿ ਇਹ ਆਤਮ-ਨਿਰਭਰ ਤੇ ਵਿਕਸਤ ਭਾਰਤ ਦਾ ਨਵਾਂ ਸਵੇਰਾ ਹੈ, ਜੋ ਹੋਰਨਾਂ ਮੁਲਕਾਂ ਦੀ ਤਰੱਕੀ ਦਾ ਵੀ ਪ੍ਰੇਰਨਾ ਸਰੋਤ ਬਣੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸੰਸਦ ਤੋਂ ਨਵੇਂ ਟੀਚੇ ਹਾਸਲ ਕਰਨ ਲਈ ‘ਨਵੇਂ ਭਾਰਤ’ ਦੀਆਂ ਇੱਛਾਵਾਂ ਤੇ ਸੰਕਲਪ ਸ਼ਕਤੀ ਝਲਕਦੀ ਹੈ। ਆਉਣ ਵਾਲੇ ਸਮੇਂ ਤੇ 2026 ਮਗਰੋਂ ਕੀਤੀ ਜਾਣ ਵਾਲੀ ਹੱਦਬੰਦੀ ਦੇ ਮੱਦੇਨਜ਼ਰ ਸੰਸਦ ਵਿੱਚ ਮੈਂਬਰਾਂ ਦੀ ਗਿਣਤੀ ਵਧ ਸਕਦੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਯਾਦਗਾਰੀ ਡਾਕ ਟਿਕਟ ਤੇ 75 ਰੁਪਏ ਦਾ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।
ਇਸ ਤੋਂ ਪਹਿਲਾਂ ਮੰਤਰਾਂ ਦੇ ਉਚਾਰਣ ਦਰਮਿਆਨ ਹੇਠਲੇ ਸਦਨ ਵਿੱਚ ਸੇਂਗੋਲ ਸਥਾਪਿਤ ਕਰਨ ਦੀ ਰਸਮ ਮੌਕੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਐੱਸ.ਜੈਸ਼ੰਕਰ, ਅਸ਼ਵਨੀ ਵੈਸ਼ਨਵ, ਮਨਸੁਖ ਮਾਂਡਵੀਆ ਤੇ ਜੀਤੇਂਦਰ ਸਿੰਘ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਅਸਾਮ ਦੇ ਉਨ੍ਹਾਂ ਦੇ ਹਮਰੁਤਬਾ ਹਿਮੰਤ ਬਿਸਵਾ ਸਰਮਾ ਤੇ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਸਣੇ ਹੋਰ ਆਗੂ ਮੌਜੂਦ ਸਨ। ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ‘ਚ ਅਹਿਮ ਯੋਗਦਾਨ ਪਾਉਣ ਵਾਲੇ ਕੁਝ ਵਰਕਰਾਂ ਨੂੰ ਸ਼ਾਲ ਤੇ ਸੋਵੀਨਾਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਵੱਖ ਵੱਖ ਧਰਮਾਂ ਦੀ ਪ੍ਰਾਰਥਨਾ ਸਭਾ ਵੀ ਕਰਵਾਈ ਗਈ। ਨਰਿੰਦਰ ਮੋਦੀ ਨੇ ਸੇਂਗੋਲ ਨੂੰ ਲੇਟ ਕੇ ਪ੍ਰਣਾਮ ਕੀਤਾ। ਮਗਰੋਂ ਮੰਤਰਾਂ ਦੇ ਉਚਾਰਨ ਦਰਮਿਆਨ ਮੋਦੀ ‘ਸੇਂਗੋਲ’ ਹੱਥ ਵਿੱਚ ਫੜ੍ਹ ਕੇ ਨਵੀਂ ਲੋਕ ਸਭਾ ਪਹੁੰਚੇ, ਜਿੱਥੇ ਅਧਿਨਾਮਾਂ ਦੀ ਹਾਜ਼ਰੀ ਵਿੱਚ ਸੇਂਗੋਲ ਨੂੰ ਸਪੀਕਰ ਦੀ ਚੇਅਰ ਨੇੜੇ ਸਥਾਪਿਤ ਕੀਤਾ। ਇਹ ਰਸਮ ਨਿਭਾਉਣ ਮੌਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਨਵੇਂ ਸੰਸਦ ਭਵਨ ਦੇ ਰਸਮੀ ਉਦਘਾਟਨ ਮਗਰੋਂ ਮੈਂਬਰਾਂ ਤੇ ਹੋਰਨਾਂ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ”ਨਵੀਂ ਸੰਸਦ ਵਿੱਚ ਲਿਆ ਜਾਣ ਵਾਲਾ ਹਰੇਕ ਫੈਸਲਾ ਭਾਰਤ ਦੇ ਸ਼ਾਨਦਾਰ ਭਵਿੱਖ ਦੀ ਨੀਂਹ ਰੱਖੇਗਾ…ਗਰੀਬਾਂ, ਦਲਿਤਾਂ, ਪੱਛੜਿਆਂ, ਆਦਿਵਾਸੀਆਂ, ਦਿਵਿਆਂਗਾਂ ਤੇ ਹਾਸ਼ੀਏ ‘ਤੇ ਧੱਕੇ ਹੋਰਨਾਂ ਵਰਗਾਂ ਨੂੰ ਸਸ਼ਕਤ ਬਣਾਉਣ ਦਾ ਰਾਹ ਇਥੋਂ ਹੋ ਕੇ ਜਾਂਦਾ ਹੈ।” ਉਨ੍ਹਾਂ ਕਿਹਾ, ”ਇਸ ਸੰਸਦੀ ਇਮਾਰਤ ਦੀ ਹਰੇਕ ਇੱਟ ਤੇ ਕੰਧ ਗਰੀਬਾਂ ਦੀ ਭਲਾਈ ਨੂੰ ਸਮਰਪਿਤ ਹੋਣੀ ਚਾਹੀਦੀ ਹੈ।”
ਮੋਦੀ ਨੇ ਕਿਹਾ ਕਿ ਨਵਾਂ ਸੰਸਦ ਭਵਨ, ਜਿਸ ਲਈ ਪੱਥਰ ਤੋਂ ਲੈ ਕੇ ਲੱਕੜ, ਕਾਲੀਨ ਨੇ ਹੋਰ ਸਾਮਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਲਿਆਂਦਾ ਗਿਆ, ‘ਇਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਪ੍ਰਤੀਕ ਹੈ। ਮੋਦੀ ਨੇ ਕਿਹਾ ਕਿ ਪੁਰਾਣੇ ਸੰਸਦ ਭਵਨ ਵਿੱਚ ਵੱਖ ਵੱਖ ਤਕਨੀਕੀ ਤੇ ਥਾਂ ਨਾਲ ਜੁੜੀਆਂ ਬੰਦਸ਼ਾਂ ਕਰਕੇ ਸਾਰਿਆਂ ਲਈ ਕੰਮ ਕਰਨਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਲਗਪਗ ਇਕ ਦਹਾਕੇ ਤੋਂ ਨਵੀਂ ਸੰਸਦੀ ਇਮਾਰਤ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਮੋਦੀ ਨੇ ਸੇਂਗੋਲ ਬਾਰੇ ਵੀ ਗੱਲ ਕੀਤੀ ਤੇ ਇਸ ਨੂੰ ਕਰਤੱਵਯ ਪਥ, ਸੇਵਾ ਪਥ ਤੇ ਰਾਸ਼ਟਰ ਪਥ ਦਾ ਪ੍ਰਤੀਕ ਦੱਸਿਆ। ਮੋਦੀ ਦੇ ਰਸਮੀ ਸੰਬੋਧਨ ਤੋਂ ਪਹਿਲਾਂ ਰਾਜ ਸਭਾ ਵਿੱਚ ਉਪ ਚੇਅਰਮੈਨ ਹਰਿਵੰਸ਼ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਭੇਜੇ ਸੰਦੇਸ਼ ਪੜ੍ਹ ਕੇ ਸੁਣਾਏ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਵੀਂ ਲੋਕ ਸਭਾ ਵਿੱਚ ਦੋਵਾਂ ਸਦਨਾਂ ਦੇ ਮੈਂਬਰਾਂ ਤੋਂ ਇਲਾਵਾ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ.ਦੇਵੇਗੌੜਾ, ਸਾਬਕਾ ਸਪੀਕਰ ਸੁਮਿੱਤਰਾ ਮਹਾਜਨ, ਭਾਰਤੀ ਜੁਡੀਸ਼ਰੀ ਦੇ ਮੈਂਬਰ, ਵੱਖ ਵੱਖ ਦੇਸ਼ਾਂ ਦੇ ਰਾਜਦੂਤ ਤੇ ਹੋਰ ਮਹਿਮਾਨ ਮੌਜੂਦ ਸਨ।
ਰਾਸ਼ਟਰਪਤੀ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਸਵਾਗਤ
ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਦੇਸ਼ ਲਈ ਮਾਣ ਤੇ ਬਹੁਤ ਖੁਸ਼ੀ ਦੀ ਗੱਲ ਹੈ।
ਉਦਘਾਟਨ ਮੌਕੇ ਆਪਣੇ ਸੰਦੇਸ਼ ‘ਚ ਰਾਸ਼ਟਰਪਤੀ ਨੇ ਕਿਹਾ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਦੇਸ਼ ਦੇ ਇਤਿਹਾਸ ‘ਚ ਸੁਨਹਿਰੀ ਸ਼ਬਦਾਂ ‘ਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਦ ਭਵਨ ਦਾ ਉਦਘਾਟਨ ਭਾਰਤ ਦੇ ਸਾਰੇ ਲੋਕਾਂ ਲਈ ਮਾਣ ਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਦਾ ਸੰਦੇਸ਼ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਪੜ੍ਹ ਕੇ ਸੁਣਾਇਆ।
ਰਾਸ਼ਟਰੀ ਜਨਤਾ ਦਲ ਨੇ ਨਵੇਂ ਸੰਸਦ ਭਵਨ ਦੀ ਤੁਲਨਾ ‘ਤਾਬੂਤ’ ਨਾਲ ਕੀਤੀ
ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਨਵੇਂ ਸੰਸਦ ਭਵਨ ਦੀ ਤੁਲਨਾ ‘ਤਾਬੂਤ’ ਨਾਲ ਕੀਤੀ ਹੈ। ਆਰ.ਜੇ.ਡੀ. ਵਲੋਂ ਨਵੇਂ ਸੰਸਦ ਭਵਨ ਦੀ ਨਿਰਮਾਣ ਸ਼ੈਲੀ (ਆਰਕੀਟੈਕਚਰ) ਨੂੰ ਇਕ ‘ਤਾਬੂਤ’ ਵਾਂਗ ਦੱਸਣ ‘ਤੇ ਭਾਜਪਾ ਨੇ ਇਸ ਦੀ ਨਿੰਦਾ ਕੀਤੀ ਹੈ ਅਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ‘ਚ ਬਿਹਾਰ ਦੀ ਇਹ ਪਾਰਟੀ ਅਜਿਹੇ ਤਾਬੂਤ ‘ਚ ਦੱਬੀ ਜਾਵੇਗੀ।

 

RELATED ARTICLES
POPULAR POSTS