13 C
Toronto
Wednesday, March 11, 2026
spot_img
Homeਭਾਰਤਗੰਨੇ ਦੇ ਭਾਅ 'ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਗੰਨੇ ਦੇ ਭਾਅ ‘ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਲਿਆ ਫੈਸਲਾ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਗੰਨੇ ਦੇ ਭਾਅ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਐਲਾਨ ਕੀਤਾ ਹੈ। ਇਸ ਵਾਧੇ ਨਾਲ ਖੰਡ ਮਿੱਲਾਂ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪਿੜਾਈ ਸੀਜ਼ਨ ਲਈ ਗੰਨਾ ਕਾਸ਼ਤਕਾਰਾਂ ਨੂੰ ਘੱਟੋ-ਘੱਟ 315 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਅਦਾਇਗੀ ਕਰਨਗੀਆਂ। ਗੰਨੇ ਦੇ ਭਾਅ ਵਿੱਚ ਵਾਧੇ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਇਹ ਵਾਧਾ ਮੌਜੂਦਾ 2022-23 ਮਾਰਕੀਟਿੰਗ ਸਾਲ (ਅਕਤੂਬਰ-ਸਤੰਬਰ) ਨਾਲੋਂ 3.28 ਫੀਸਦ ਵੱਧ ਹੈ। ਇਹ ਫੈਸਲਾ ਖੇਤੀ ਲਾਗਤ ਤੇ ਕੀਮਤ ਆਯੋਗ ਦੀਆਂ ਸਿਫਾਰਸ਼ਾਂ ਅਤੇ ਰਾਜ ਸਰਕਾਰਾਂ ਤੇ ਹੋਰਨਾਂ ਸਬੰਧਤ ਭਾਈਵਾਲਾਂ ਨਾਲ ਕੀਤੇ ਸਲਾਹ ਮਸ਼ਵਰੇ ਮਗਰੋਂ ਲਿਆ ਗਿਆ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਮੀਟਿੰਗ ਮਗਰੋਂ ਮੀਡੀਆ ਨੂੰ ਦੱਸਿਆ, ”ਕੈਬਨਿਟ ਨੇ ਮਾਰਕੀਟਿੰਗ ਸਾਲ 2023-24 ਲਈ ਗੰਨੇ ਦਾ ਭਾਅ ਵਧਾ ਕੇ 315 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪਿਛਲੇ ਸਾਲ ਗੰਨੇ ਦੀ ਐੱਫਆਰਪੀ 305 ਰੁਪਏ ਪ੍ਰਤੀ ਕੁਇੰਟਲ ਸੀ।” ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮੇਸ਼ਾ ‘ਅੰਨਦਾਤੇ’ ਦੀ ਬਾਂਹ ਫੜੀ ਹੈ ਤੇ ਸਰਕਾਰ ਨੇ ਖੇਤੀ ਤੇ ਕਿਸਾਨਾਂ ਨੂੰ ਤਰਜੀਹ ਦਿੱਤੀ ਹੈ। ਮੰਤਰੀ ਨੇ ਕਿਹਾ ਕਿ 2014-15 ਸੀਜ਼ਨ ਵਿੱਚ ਗੰਨੇ ਦਾ ਭਾਅ 210 ਰੁਪਏ ਪ੍ਰਤੀ ਕੁਇੰਟਲ ਸੀ, ਜਿਸ ਨੂੰ ਹੁਣ 2023-24 ਸੀਜ਼ਨ ਲਈ ਵਧਾ ਕੇ 315 ਰੁਪਏ ਕਰ ਦਿੱਤਾ ਹੈ। ਮੌਜੂਦਾ 2022-23 ਮਾਰਕੀਟਿੰਗ ਸਾਲ ਵਿਚ ਖੰਡ ਮਿੱਲਾਂ ਨੇ 1,11,366 ਕਰੋੜ ਰੁਪਏ ਮੁੱਲ ਦੇ 3353 ਲੱਖ ਟਨ ਗੰਨੇ ਦੀ ਖਰੀਦ ਕੀਤੀ ਹੈ। ਸਾਲ 2013-14 ਵਿਚ ਮਿੱਲਾਂ ਨੇ 57,104 ਕਰੋੜ ਰੁਪਏ ਮੁੱਲ ਦਾ ਗੰਨਾ ਖਰੀਦਿਆ ਸੀ। ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਗੰਨਾ ਕਾਸ਼ਤਕਾਰਾਂ ਵੱਲੋਂ ਬਕਾਇਆਂ ਦੀ ਅਦਾਇਗੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ। ਅਧਿਕਾਰਤ ਬਿਆਨ ਮੁਤਾਬਕ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2023-24 ਲਈ ਗੰਨੇ ਦੀ ਐੱਫਆਰਪੀ ਨੂੰ 10.25 ਫੀਸਦ ਦੀ ਮੁੱਢਲੀ ਰਿਕਵਰੀ ਦਰ ਲਈ 315 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਨਜ਼ੂਰੀ ਦਿੱਤੀ ਹੈ।

 

RELATED ARTICLES
POPULAR POSTS