ਦਿੱਲੀ ਦੇ ਸਕੂਲਾਂ ’ਚ ਫੋਨ ਨਹੀਂ ਚਲਾ ਸਕਣਗੇ ਬੱਚੇ
ਐਮਰਜੈਂਸੀ ਲਈ ਹੈਲਪ ਲਾਈਨ ਨੰਬਰ ਹੋਣਗੇ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਰਕਾਰ ਨੇ ਸਕੂਲਾਂ ਵਿਚ ਮੋਬਾਇਲ ਫੋਨ ਦੇ ਇਸਤੇਮਾਲ ’ਤੇ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਸਰਕਾਰ ਨੇ ਇਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਮਾਪੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਬੱਚੇ ਸਕੂਲ ਵਿਚ ਮੋਬਾਇਲ ਫੋਨ ਨਾ ਲੈ ਕੇ ਆਉਣ। ਕਿਹਾ ਗਿਆ ਕਿ ਜੇਕਰ ਬੱਚੇ ਸਕੂਲ ਵਿਚ ਮੋਬਾਇਲ ਫੋਨ ਲੈ ਕੇ ਆਉਂਦੇ ਹਨ ਤਾਂ ਇਹ ਸਕੂਲ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਮੋਬਾਇਲ ਫੋਨਾਂ ਨੂੰ ਸੁਰੱਖਿਅਤ ਢੰਗ ਨਾਲ ਲੌਕਰ ਵਿਚ ਰਖਵਾਇਆ ਜਾਏ। ਇਸ ਤੋਂ ਇਲਾਵਾ ਸਕੂਲਾਂ ਨੂੰ ਇਕ ਐਮਰਜੈਂਸੀ ਹੈਲਪ ਲਾਈਨ ਨੰਬਰ ਵੀ ਜਾਰੀ ਕਰਨਾ ਹੋਵੇਗਾ, ਜਿਸ ਵਿਚ ਐਮਰਜੈਂਸੀ ਦੀ ਸਥਿਤੀ ਵਿਚ ਵਿਦਿਆਰਥੀ ਆਪਣੇ ਮਾਪਿਆਂ ਨਾਲ ਗੱਲ ਕਰ ਸਕਣ। ਐਡਵਾਈਜ਼ਰੀ ’ਚ ਸਕੂਲ ਸਟਾਫ ਅਤੇ ਅਧਿਆਪਕਾਂ ਨੂੰ ਵੀ ਕਲਾਸ, ਲਾਇਬ੍ਰੇਰੀ, ਖੇਡ ਮੈਦਾਨ ਅਤੇ ਸਾਇੰਸ ਲੈਬ ਜਿਹੀਆਂ ਥਾਵਾਂ ’ਤੇ ਮੋਬਾਇਲ ਫੋਨ ਦਾ ਇਸਤੇਮਾਲ ਨਾ ਕਰਨ ਲਈ ਕਿਹਾ ਗਿਆ ਹੈ। ਦਿੱਲੀ ਦੇ ਸਿੱਖਿਆ ਨਿਰਦੇਸ਼ਕ ਹਿਮਾਂਸੂ ਗੁਪਤਾ ਵਲੋਂ ਦਿੱਲੀ ਸਕੂਲ ਸਿੱਖਿਆ ਨਿਯਮ 1973 ਦੇ ਤਹਿਤ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।