ਸੁਖਬੀਰ ਬਾਦਲ ਨੇ ਪੁੱਛਿਆ, ਸਿੱਧੂ ਦੱਸਣ ਕਿ ਉਨ੍ਹਾਂ ਦੀਆਂ ਕਿੰਨੀਆਂ ਮਾਵਾਂ ਹਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋਏ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਲੰਘੇ ਕੱਲ੍ਹ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ‘ਚ ਹੋ ਗਏ ਸਨ। ਸਿੱਧੂ ਦੇ ਅੰਮ੍ਰਿਤਸਰ (ਪੂਰਬੀ) ਹਲਕੇ ਤੋਂ ਚੋਣ ਲੜਨ ਦੀ ਪੂਰੀ ਸੰਭਾਵਨਾ ਹੈ। ਪ੍ਰੈਸ ਕਾਨਫਰੰਸ ਵਿਚ ਸਿੱਧੂ ਨੇ ਕਿਹਾ ਕਿ ਮੈਂ ਤਾਂ ਪੈਦਾਇਸ਼ੀ ਹੀ ਕਾਂਗਰਸੀ ਹਾਂ ਅਤੇ ਇਹ ਮੇਰੀ ਘਰ ਵਾਪਸੀ ਹੈ। ਸਿੱਧੂ ਨੇ ਕਿਹਾ ਕਿ ਮੇਰੇ ਪਿਤਾ ਨੇ 40 ਸਾਲ ਕਾਂਗਰਸ ਦੀ ਸੇਵਾ ਕੀਤੀ ਹੈ। ਸਿੱਧੂ ਨੇ ਕਿਹਾ ਕਿ ਕਾਂਗਰਸ ਮੇਰੇ ਲਈ ਕੌਸ਼ਲਿਆ ਹੈ।
ਨਸ਼ੇ ਬਾਰੇ ਸਿੱਧੂ ਨੇ ਕਿਹਾ ਕਿ ਨਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਨਿਸ਼ਾਨਾ ਕੱਸਦੇ ਹੋਏ ਉਨ੍ਹਾਂ ਕਿਹਾ ਕਿ, ‘ਭਾਗ ਬਾਦਲ ਭਾਗ, ਜਨਤਾ ਆਤੀ ਹੈ।’ ਅੱਜ ਪੰਜਾਬ ਚਿੱਟੇ ਅਤੇ ਡਰੱਗ ਲਈ ਜਾਣਿਆ ਜਾਂਦਾ ਹੈ, ਅਸੀਂ ਨਸ਼ੇ ਖਿਲਾਫ ਸਖਤ ਕਾਨੂੰਨ ਬਣਾਵਾਂਗੇ ਅਤੇ ਰਾਹੁਲ ਗਾਂਧੀ ਨਾਲ ਇਸ ਬਾਰੇ ਗੱਲਬਾਤ ਹੋ ਗਈ ਹੈ। ਕੈਪਟਨ ਅਮਰਿੰਦਰ ਸਬੰਧੀ ਸਿੱਧੂ ਨੇ ਕਿਹਾ ਕਿ ਜਦ ਲਾਲੂ ਅਤੇ ਨਿਤੀਸ਼ ਇਕ ਹੋ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ, ਸਭ ਕੁਝ ਸੰਭਵ ਹੈ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੂ ਨੂੰ ਦਲਬਦਲੂ ਦੱਸਿਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਧੂ ਬਸ ਲਾਫਟਰ ਵਿਚ ਹੀ ਹੱਸ ਸਕਦੇ ਹਨ, ਉਸ ਨੂੰ ਅਕਾਲੀ-ਭਾਜਪਾ ਸਰਕਾਰ ਨੇ ਪੂਰੀ ਇੱਜ਼ਤ ਦਿੱਤੀ ਪਰ ਸਿੱਧੂ ਹਜ਼ਮ ਨਹੀਂ ਕਰ ਸਕੇ। ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਅਜਿਹੇ ਵਿਅਕਤੀ ਹਨ ਜੋ ਦੋ ਦਿਨ ਬਾਅਦ ਪਾਰਟੀ ਬਦਲਦੇ ਹਨ, ਉਹ ਦੱਸਣ ਕਿ ਉਨ੍ਹਾਂ ਦੀਆਂ ਕਿੰਨੀਆਂ ਮਾਵਾਂ ਹਨ। ਸਿੱਧੂ ਕਦੀ ਭਾਜਪਾ ਨੂੰ ਆਪਣੀ ਮਾਂ ਕਹਿੰਦੇ ਸਨ ਤੇ ਹੁਣ ਕਾਂਗਰਸ ਨੂੰ ਕੌਸ਼ਲਿਆ ਦੱਸ ਰਹੇ ਹਨ।
Check Also
ਗੌਤਮ ਅਡਾਨੀ ‘ਤੇ ਨਿਊਯਾਰਕ ਵਿਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਊਯਾਰਕ ਦੀ ਫੈਡਰਲ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਗੌਤਮ ਅਡਾਨੀ ਸਣੇ …