
ਰਾਹੁਲ ਨੇ ਸਾਈਕਲ ’ਤੇ ਕੋਲਾ ਲਿਜਾ ਰਹੇ ਨੌਜਵਾਨਾਂ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਝਾਰਖੰਡ ਵਿਚ ਕਾਂਗਰਸ ਪਾਰਟੀ ਦੀ ਭਾਰਤ ਜੋੜੇ ਨਿਆਂ ਯਾਤਰਾ ਦਾ ਅੱਜ ਸੋਮਵਾਰ ਨੂੰ ਚੌਥਾ ਦਿਨ ਸੀ। ਇਸ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਆਪਣੀ ਯਾਤਰਾ ਦੀ ਸ਼ੁਰੂਆਤ ਰਾਮਗੜ੍ਹ ਦੇ ਮਹਾਤਮਾ ਗਾਂਧੀ ਚੌਕ ਤੋਂ ਕੀਤੀ। ਰਾਹੁਲ ਗਾਂਧੀ ਨੇ ਇਸ ਦੌਰਾਨ ਸਾਈਕਲ ’ਤੇ ਕੋਲਾ ਲਿਜਾ ਰਹੇ ਨੌਜਵਾਨਾਂ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਰਾਹੁਲ ਨੇ 2 ਕੁਇੰਟਲ ਕੋਲੇ ਨਾਲ ਲੱਦੀ ਸਾਈਕਲ ਨੂੰ ਵੀ ਚਲਾਇਆ ਅਤੇ ਇਸਦਾ ਫੋਟੋ ਵੀ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ। ਰਾਹੁਲ ਨੇ ਕਿਹਾ ਕਿ ਸਾਈਕਲ ’ਤੇ 200-200 ਕਿਲੋ ਕੋਲਾ ਲੱਦ ਕੇ 30-40 ਕਿਲੋਮੀਟਰ ਚੱਲਣ ਵਾਲੇ ਇਨ੍ਹਾਂ ਨੌਜਵਾਨਾਂ ਦੀ ਆਮਦਨ ਬਹੁਤ ਘੱਟ ਹੈ। ਰਾਹੁਲ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਨਾਲ ਚੱਲ ਕੇ ਹੀ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾ ਸਕਦਾ ਹੈ। ਰਾਹੁਲ ਨੇ ਕਿਹਾ ਕਿ ਜੇਕਰ ਅਜਿਹੇ ਮਿਹਨਤਕਸ਼ ਨੌਜਵਾਨਾਂ ਦੀ ਗੱਡੀ ਧੀਮੀ ਚੱਲੇਗੀ ਤਾਂ ਭਾਰਤ ਨਿਰਮਾਣ ਦਾ ਪਹੀਆ ਵੀ ਰੁਕ ਸਕਦਾ ਹੈ।