Breaking News
Home / ਭਾਰਤ / ਮਿਸ਼ਨ ਚੰਦਰਯਾਨ : ਭਾਰਤ ਇਤਿਹਾਸ ਸਿਰਜਣ ਤੋਂ ਖੁੰਝਿਆ

ਮਿਸ਼ਨ ਚੰਦਰਯਾਨ : ਭਾਰਤ ਇਤਿਹਾਸ ਸਿਰਜਣ ਤੋਂ ਖੁੰਝਿਆ

ਤਕਨੀਕੀ ਨੁਕਸ ਕਰਕੇ ਲੈਂਡਰ ਵਿਕਰਮ ਨਾਲੋਂ ਆਖਰੀ ਪਲਾਂ ‘ਚ ਸੰਪਰਕ ਟੁੱਟਿਆ
ਬੰਗਲੂਰੂ/ਬਿਊਰੋ ਨਿਊਜ਼ : ਪੂਰਾ ਮੁਲਕ ਜਦੋਂ ਸਾਹ ਰੋਕੀ ਚੰਦਰਯਾਨ-2 ਦੀ ਚੰਦਰਮਾ ਦੇ ਦੱਖਣੀ ਧੁਰੇ ‘ਤੇ ‘ਸੌਫ਼ਟ ਲੈਂਡਿੰਗ’ ਦੀ ਬੇਸਬਰੀ ਨਾਲ ਉਡੀਕ ਵਿੱਚ ਸੀ ਤਾਂ ਐਨ ਆਖਰੀ ਮੌਕੇ ਲੈਂਡਰ ਵਿੱਚ ਤਕਨੀਕੀ ਨੁਕਸ ਪੈਣ ਨਾਲ ਇਸ ਦਾ ਬੰਗਲੁਰੂ ਵਿਚਲੇ ਖੋਜ ਕੇਂਦਰ ਨਾਲੋਂ ਸੰਪਰਕ ਟੁੱਟ ਗਿਆ। ਇਸਰੋ ਦੇ ਚੇਅਰਮੈਨ ਕੇ.ਸ਼ਿਵਨ ਨੇ ਕਿਹਾ ਕਿ ਯੋਜਨਾ ਮੁਤਾਬਕ ਪੜਾਅ ਵਾਰ ਸਭ ਕੁਝ ਠੀਕ ਚੱਲ ਰਿਹਾ ਸੀ ਕਿ ਚੰਦਰਮਾ ਦੀ ਸਤਹਿ ਤੋਂ ਮਹਿਜ਼ 2.1 ਕਿਲੋਮੀਟਰ ਦੂਰੀ ‘ਤੇ ਉਨ੍ਹਾਂ ਦਾ ਵਿਕਰਮ ਲੈਂਡਰ ਨਾਲੋਂ ਸੰਪਰਕ ਟੁੱਟ ਗਿਆ।
ਇਸਰੋ ਵਿਗਿਆਨੀਆਂ ਨੇ ਲੈਂਡਿੰਗ ਦੇ ਆਖਰੀ 15 ਮਿੰਟਾਂ ਨੂੰ ਦਹਿਸ਼ਤੀ ਕਰਾਰ ਦਿੱਤਾ ਸੀ। ਲੈਂਡਰ ਨੇ ਇਸ ਪੜਾਅ ਨੂੰ ਸ਼ੁਰੂ ‘ਚ ਤਾਂ ਸੌਖਿਆਂ ਹੀ ਪਾਰ ਕਰ ਲਿਆ ਪਰ ਆਖਰੀ ਪਲਾਂ ‘ਚ ਇਸ ਦਾ ਸੰਪਰਕ ਟੁੱਟ ਗਿਆ।
ਇਸ ਤੋਂ ਪਹਿਲਾਂ ਇਸਰੋ ਸਮੇਤ ਪੂਰੇ ਦੇਸ਼ ਨੂੰ ਲੈਂਡਰ ਵਿਕਰਮ ਦੇ ਧਰਤੀ ਦੀ ਸਤਹਿ ‘ਤੇ ਉਤਰਨ ਵਾਲੇ ਪਲ ਦੀ ਲੰਮੇ ਸਮੇਂ ਤੋਂ ਉਡੀਕ ਸੀ। ਇਸਰੋ ਨੇ ਮਿਸ਼ਨ ਚੰਦਰਯਾਨ ਦੇ ਅਹਿਮ ਪੜਾਵਾਂ ਨੂੰ ਯੋਜਨਾ ਮੁਤਾਬਕ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੜੀਵਾਰ ਟਵੀਟਾਂ ਰਾਹੀਂ ਚੰਦਰਯਾਨ-2 ਦੀ ਸਫ਼ਲਤਾ ਦਾ ਕਰੋੜਾਂ ਭਾਰਤੀਆਂ ਨੂੰ ਲਾਹਾ ਮਿਲਣ ਦੀ ਗੱਲ ਆਖੀ ਸੀ। ਇਸਰੋ ਚੇਅਰਮੈਨ ਕੇ.ਸ਼ਿਵਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਲ ਦੀ ਬੇਸਬਰੀ ਨਾਲ ਉਡੀਕ ਸੀ ਤੇ ਹੁਣ ਤਕ ਸਭ ਕੁਝ ਯੋਜਨਾ ਮੁਤਾਬਕ ਸਿਰੇ ਚੜ੍ਹਿਆ ਹੈ। ‘ਵਿਕਰਮ’ ਲੈਂਡਰ ਦੇ ਸ਼ਨਿੱਚਰਵਾਰ ਵੱਡੇ ਤੜਕੇ ਡੇਢ ਤੋਂ ਢਾਈ ਵਜੇ ਦੇ ਦਰਮਿਆਨ ਚੰਦਰਮਾ ਦੀ ਸਤਹਿ ‘ਤੇ ਉਤਰਨ ਦੀ ਸੰਭਾਵਨਾ ਸੀ। ਜਦੋਂਕਿ ਰੋਵਰ ‘ਪ੍ਰਗਿਆਨ’ ਨੇ ਮਿੱਥੇ ਮੁਤਾਬਕ ਵਿਕਰਮ ਦੀ ਲੈਂਡਿੰਗ ਤੋਂ ਲਗਪਗ ਤਿੰਨ ਘੰਟੇ ਮਗਰੋਂ ਸਵੇਰੇ ਸਾਢੇ ਪੰਜ ਵਜੇ ਤੋਂ ਸਾਢੇ ਛੇ ਵਜੇ ਵਿਚਾਲੇ ਲੈਂਡਰ ‘ਚੋਂ ਬਾਹਰ ਨਿਕਲਣਾ ਸੀ। ਇਸ ਸੌਫ਼ਟ ਲੈਂਡਿੰਗ ਨੂੰ ਦੂਰਦਰਸ਼ਨ, ਇਸਰੋ ਦੀ ਵੈੱਬਸਾਈਟ ‘ਤੇ ਵੈੱਬਕਾਸਟ ਅਤੇ ਯੂ-ਟਿਊਬ, ਫੇਸਬੁੱਕ ਤੇ ਟਵਿੱਟਰ ‘ਤੇ ਲਾਈਵ ਵਿਖਾਉਣ ਦੇ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਨਲਾਈਨ ਕੁਇਜ਼ ਦੇ ਦਰਜਨਾਂ ਜੇਤੂ ਵਿਦਿਆਰਥੀਆਂ, ਪੱਤਰਕਾਰ ਭਾਈਚਾਰੇ ਦੇ ਇਕ ਵੱਡੇ ਸਮੂਹ ਵੱਲੋਂ ਲੈਂਡਰ ‘ਵਿਕਰਮ’ ਦੇ ਚੰਦਰਮਾ ਦੀ ਸਤਹਿ ਵੱਲ ਆਖਰੀ ਸਫ਼ਰ ਨੂੰ ਇਸਰੋ ਦੇ ਟੈਲੀਮੈਟਰੀ ਟਰੈਕਿੰਗ ਤੇ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਰਾਹੀਂ ਅੱਖੀਂ ਵੇਖਿਆ। 1471 ਕਿਲੋ ਵਜ਼ਨੀ ‘ਵਿਕਰਮ’ ਦਾ ਨਾਂ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਏ. ਸਾਰਾਭਾਈ ਦੇ ਨਾਂ ‘ਤੇ ਰੱਖਿਆ ਗਿਆ ਸੀ।
ਸਾਨੂੰ ਆਪਣੇ ਵਿਗਿਆਨੀਆਂ ਉੱਤੇ ਮਾਣ: ਮੋਦੀ :
ਬੰਗਲੂਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਦਿਲ ਨਾ ਛੱਡਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਵਿਗਿਆਨ, ਦੇਸ਼ ਤੇ ਮਨੁੱਖ ਜਾਤੀ ਦੀ ਬਹੁਤ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸਰੋ ਦਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਸਰੋ ਵਿਗਿਆਨੀਆਂ ‘ਤੇ ਮਾਣ ਹੈ। ਉਨ੍ਹਾਂ ਵਿਗਿਆਨੀਆਂ ਨੂੰ ਹੁਣ ਤਕ ਦੇ ਸਫ਼ਰ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਇਕ ਟਵੀਟ ਵਿੱਚ ਕਿਹਾ, ‘ਇਹ ਹਿੰਮਤ ਵਿਖਾਉਣ ਦਾ ਵੇਲਾ ਹੈ। ਅਸੀਂ ਅਜੇ ਵੀ ਆਸਵੰਦ ਹਾਂ ਤੇ ਆਪਣੇ ਪੁਲਾੜ ਪ੍ਰੋਗਰਾਮ ਨੂੰ ਲੈ ਕੇ ਸਖ਼ਤ ਮਿਹਨਤ ਕਰਨੀ ਜਾਰੀ ਰੱਖਾਂਗੇ।’
ਚੰਦਰਯਾਨ-2 ਸਬੰਧੀ ਇਸਰੋ ਨੇ ਕਿਹਾ
ਲੈਂਡਰ ਵਿਕਰਮ ਚੰਦ ਦੀ ਸਤਾਹ ‘ਤੇ ਤਿਰਛਾ ਹੋ ਕੇ ਡਿੱਗਿਆ, ਪਰ ਟੁੱਟਾ ਨਹੀਂ
ਨਵੀਂ ਦਿੱਲੀ : ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਜੁੜੇ ਅੰਦਾਜ਼ਿਆਂ ਦੀ ਉਦੋਂ ਪੁਸ਼ਟੀ ਹੋਈ ਜਦੋਂ ਇਸਰੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੈਂਡਿੰਗ ਦੌਰਾਨ ਵਿਕਰਮ ਡਿੱਗ ਕੇ ਤਿਰਛਾ ਹੋ ਗਿਆ, ਪਰ ਟੁੱਟਿਆ ਨਹੀਂ। ਉਸ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਇਸਰੋ ਦੇ ਹਵਾਲਿਆਂ ਤੋਂ ਆਈਆਂ ਖ਼ਬਰਾਂ ‘ਚ ਹੀ ਲੈਂਡਰ ਦੇ ਪਲਟ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਅਤੇ ਇਹ ਟੁੱਟਾ ਸੀ ਜਾਂ ਨਹੀਂ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਇਸੇ ਦੌਰਾਨ ਪਾਕਿ ਦੀ ਪਹਿਲੀ ਪੁਲਾੜ ਯਾਤਰੀ ਨਮੀਰਾ ਸਲੀਮ ਨੇ ਚੰਦਰਯਾਨ-2 ਨੂੰ ਲੈ ਕੇ ਇਸਰੋ ਦੀ ਤਾਰੀਫ ਕੀਤੀ ਤੇ ਇਸ ਨੂੰ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਪੁਲਾੜ ਦੇ ਖੇਤਰ ‘ਚ ਦੱਖਣੀ ਏਸ਼ੀਆ ਦਾ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਹੜਾ ਦੇਸ਼ ਇਸ ਨੂੰ ਲੀਡ ਕਰ ਰਿਹਾ ਹੈ ਕਿਉਂਕਿ ਪੁਲਾੜ ਵਿਚ ਰਾਜਨੀਤਕ ਸੀਮਾਵਾਂ ਖਤਮ ਹੋ ਜਾਂਦੀਆਂ ਹਨ ਅਤੇ ਸਾਰੇ ਇਕਜੁੱਟ ਹੋ ਜਾਂਦੇ ਹਨ।

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …