Breaking News
Home / ਭਾਰਤ / ਕਾਲਾ ਧਨ ਰੱਖਣ ਵਾਲਿਆਂ ‘ਤੇ ਕਸਿਆ ਜਾਵੇਗਾ ਸ਼ਿਕੰਜਾ

ਕਾਲਾ ਧਨ ਰੱਖਣ ਵਾਲਿਆਂ ‘ਤੇ ਕਸਿਆ ਜਾਵੇਗਾ ਸ਼ਿਕੰਜਾ

ਸਵਿਸ ਬੈਂਕ ਨੇ ਸੌਂਪੀਆਂ ਭਾਰਤੀ ਖਾਤਾਧਾਰਕਾਂ ਬਾਰੇ ਜਾਣਕਾਰੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਵਿਸ ਬੈਂਕਾਂ ਵਿਚ ਪੈਸੇ ਰੱਖਣ ਵਾਲੇ ਭਾਰਤੀਆਂ ਦੇ ਖਾਤਿਆਂ ਨਾਲ ਜੁੜੀਆਂ ਜਾਣਕਾਰੀਆਂ ਭਾਰਤ ਸਰਕਾਰ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਕਾਲਾ ਧਨ ਰੱਖਣ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ਜਾ ਸਕੇਗਾ। ਸਵਿੱਟਜ਼ਰਲੈਂਡ ਨੇ ਸਵੈ-ਚਾਲਿਤ ਵਿਵਸਥਾ ਦੇ ਤਹਿਤ ਇਸ ਮਹੀਨੇ ਪਹਿਲੀ ਵਾਰ ਕੁਝ ਸੂਚਨਾਵਾਂ ਭਾਰਤ ਨੂੰ ਮੁਹੱਈਆ ਕਰਾਈਆਂ ਹਨ। ਇਨ੍ਹਾਂ ਵਿਚ ਖਾਤਾਧਾਰਕਾਂ ਦੀ ਪਛਾਣ ਤੈਅ ਕਰਨ ਲਈ ਉਚਿਤ ਸਮੱਗਰੀ ਮੁਹੱਈਆ ਹੋਣ ਦਾ ਅਨੁਮਾਨ ਹੈ। ਬੈਂਕਾਂ ਤੇ ਰੇਗੂਲੇਟਰੀ ਸੰਸਥਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੂਚਨਾਵਾਂ ਮੁੱਖ ਤੌਰ ‘ਤੇ ਉਨ੍ਹਾਂ ਖਾਤਿਆਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇਕਾਰਵਾਈ ਦੇ ਡਰ ਤੋਂ ਪਹਿਲਾਂ ਹੀ ਬੰਦ ਕਰਵਾ ਦਿੱਤਾ ਹੈ।
ਬੈਂਕ ਅਧਿਕਾਰੀਆਂ ਨੇ ਕਿਹਾ ਕਿ ਸਵਿੱਟਜ਼ਰਲੈਂਡ ਦੀ ਸਰਕਾਰ ਦੇ ਨਿਰਦੇਸ਼ ‘ਤੇ ਉਥੋਂ ਦੇ ਬੈਂਕਾਂ ਨੇ ਡਾਟਾ ਇਕੱਠਾ ਕੀਤਾ ਤੇ ਭਾਰਤ ਨੂੰ ਸੌਂਪਿਆ। ਇਸ ਵਿਚ ਹਰ ਉਸ ਲੈਣ ਦੇਣ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ, ਜੋ 2018 ਵਿਚ ਇਕ ਦਿਨ ਵੀ ਸਰਗਰਮ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਇਹ ਡਾਟਾ ਇਨ੍ਹਾਂ ਖਾਤਿਆਂ ਵਿਚ ਅਣ ਐਲਾਨੀ ਜਾਇਦਾਦ ਰੱਖਣ ਵਾਲਿਆਂ ਵਿਰੁੱਧ ਠੋਸ ਕਦਮ ਤਿਆਰ ਕਰਨ ਵਿਚ ਬੇਹੱਦ ਸਹਾਇਕ ਸਾਬਤ ਹੋ ਸਕਦਾ ਹੈ। ਇਸ ਵਿਚ ਜਮ੍ਹਾਂ ਤਬਦਾਲੇ ਤੇ ਸਕਿਉਰਿਟੀਆਂ ਅਤੇ ਹੋਰ ਜਾਇਦਾਦ ਸ਼੍ਰੇਣੀਆਂ ਵਿਚ ਨਿਵੇਸ਼ ਤੋਂ ਪ੍ਰਾਪਤ ਆਮਦਨ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।
ਐਨ.ਆਰ.ਆਈ. ਬਿਜਨਸਮੈਨ ਨਾਲ ਸਬੰਧਤ ਖਾਤੇ – ਕਈ ਬੈਂਕ ਅਧਿਕਾਰੀਆਂ ਤੇ ਰੈਗੂਲੇਟਰੀ ਅਧਿਕਾਰੀਆਂ ਦੇ ਨਾਂ ਗੁਪਤ ਰੱਖਣ ਦੀ ਅਪੀਲ ਦੇ ਨਾਲ ਕਿਹਾ ਗਿਆ ਹੈ ਕਿ ਇਹ ਜਾਣਕਾਰੀਆਂ ਮੁੱਖ ਤੌਰ ‘ਤੇ ਕਈ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ, ਅਮਰੀਕਾ, ਬ੍ਰਿਟੇਨ, ਕੁਝ ਅਫਰੀਕੀ ਦੇਸ਼ਾਂ ਤੇ ਦੱਖਣੀ ਅਫਰੀਕੀ ਦੇਸ਼ਾਂ ਵਿਚ ਰਹਿ ਰਹੇ ਪਰਵਾਸੀ ਭਾਰਤੀਆਂ ਸਮੇਤ ਕਾਰੋਬਾਰੀਆਂ ਨਾਲ ਸਬੰਧਤ ਹਨ। ਬੈਂਕ ਅਧਿਕਾਰੀਆਂ ਨੇ ਮੰਨਿਆ ਕਿ ਕਦੇ ਪੂਰੀ ਤਰ੍ਹਾਂ ਨਾਲ ਗੁਪਤ ਰਹੇ ਸਵਿਸ ਬੈਂਕ ਖਾਤਿਆਂ ਦੇ ਵਿਰੁੱਧ ਵਿਸ਼ਵ ਪੱਧਰ ‘ਤੇ ਸ਼ੁਰੂ ਹੋਈ ਮੁਹਿੰਮ ਤੋਂ ਬਾਅਦ ਪਿਛਲੇ ਕੁਝ ਸਾਲਾਂ ਵਿਚ ਇਨ੍ਹਾਂ ਖਾਤਿਆਂ ਤੋਂ ਵੱਡੀ ਪੱਧਰ ‘ਤੇ ਪੈਸੇ ਕੱਢੇ ਗਏ ਤੇ ਕਈ ਖਾਤੇ ਖਾਲੀ ਹੋ ਗਏ।
100 ਬੰਦ ਖਾਤਿਆਂ ਦਾ ਵੀ ਵੇਰਵਾ : ਹਾਲਾਂਕਿ ਸਾਂਝੀਆਂ ਕੀਤੀਆਂ ਗਈਆਂ ਕਾਰਵਾਈਆਂ ਵਿਚ ਉਨ੍ਹਾਂ ਖਾਤਿਆਂ ਦੀਆਂ ਸੂਚਨਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ 2018 ਵਿਚ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਭਾਰਤੀ ਲੋਕਾਂ ਦੇ ਘੱਟੋ-ਘੱਟ 100 ਅਜਿਹੇ ਪੁਰਾਣੇ ਖਾਤੇ ਵੀ ਹਨ, ਜਿਨ੍ਹਾਂ ਨੂੰ 2018 ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ। ਸਵਿੱਟਜ਼ਰਲੈਂਡ ਇਨ੍ਹਾਂ ਖਾਤਿਆਂ ਦੀਆਂ ਜਾਣਕਾਰੀਆਂ ਨੂੰ ਵੀ ਛੇਤੀ ਤੋਂ ਛੇਤੀ ਸਾਂਝਾ ਕਰਨ ਦੀ ਪ੍ਰਕਿਰਿਆ ਵਿਚ ਹੈ। ਇਹ ਖਾਤੇ ਵਾਹਨ ਕਲ-ਪੁਰਜ਼ੇ, ਰਸਾਇਣ, ਕੱਪੜੇ, ਰੀਅਲ ਅਸਟੇਟ, ਹੀਰੇ ਤੇ ਗਹਿਣੇ, ਇਸਪਾਤ ਆਦਿ ਕਾਰੋਬਾਰ ਨਾਲ ਜੁੜੇ ਲੋਕਾਂ ਨਾਲ ਸਬੰਧਤ ਹਨ।
ਸਿਆਸੀ ਸੰਪਰਕ ਰੱਖਣ ਵਾਲੇ ਲੋਕਾਂ ‘ਤੇ ਖਾਸ ਫੋਕਸ
ਅਧਿਕਾਰੀਆਂ ਨੇ ਕਿਹਾ ਕਿ ਸਵਿਸ ਬੈਂਕਾਂ ਤੋਂ ਪ੍ਰਾਪਤ ਜਾਣਕਾਰੀਆਂ ਦੇ ਵਿਸ਼ਲੇਸ਼ਣ ਵਿਚ ਉਨ੍ਹਾਂ ਸੂਚਨਾਵਾਂ ‘ਤੇ ਖਾਸ ਫੋਕਸ ਕੀਤਾ ਜਾ ਰਿਹਾ ਹੈ, ਜੋ ਸਿਆਸੀ ਸੰਪਰਕ ਰੱਖਣ ਵਾਲੇ ਲੋਕਾਂ ਨਾਲ ਸਬੰਧਤ ਹਨ। ਵਰਨਣਯੋਗ ਹੈ ਕਿ ਸਵੈ-ਚਾਲਿਤ ਵਿਵਸਥਾ ਦੇ ਤਹਿਤ ਜਾਣਕਾਰੀ ਦਿੱਤੇ ਜਾਣ ਤੋਂ ਪਹਿਲਾਂ ਸਵਿਸ ਵਫਦ ਪਿਛਲੇ ਸਾਲ ਭਾਰਤ ਦੇ ਦੌਰੇ ‘ਤੇ ਆਇਆ ਸੀ। ਇਸ ਦੌਰਾਨ ਭਾਰਤ ਤੇ ਸਵਿੱਟਜ਼ਰਲੈਂਡ ਦੇ ਵਿਚਾਲੇ ਕਰ ਸਬੰਧੀ ਸੂਚਨਾਵਾਂ ਮੰਗਣ ਦੀਆਂ ਅਪੀਲਾਂ ‘ਤੇ ਜਲਦੀ ਹੀ ਕਦਮ ਚੁੱਕੇ ਜਾਣ ਅਤੇ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਸੰਭਾਵਿਤ ਪ੍ਰਕਿਰਿਆ ਬਾਰੇ ਵਿਚਾਰ ਕੀਤਾ ਗਿਆ ਸੀ।

Check Also

500 ਤੋਂ ਜ਼ਿਆਦਾ ਵਕੀਲਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ – ਕਿਹਾ : ਨਿਆਂ ਪਾਲਿਕਾ ਖਤਰੇ ’ਚ 

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਾਬਕਾ ਸੌਲੀਸਿਟਰ ਜਨਰਲ ਹਰੀਸ਼ ਸਾਲਵੇ ਸਣੇ 500 ਤੋਂ ਜ਼ਿਆਦਾ ਸੀਨੀਅਰ …