20.3 C
Toronto
Wednesday, May 27, 2026
spot_img
Homeਭਾਰਤਕੇਜਰੀਵਾਲ ਨੂੰ ਰੋਡ ਸ਼ੋਅ ਦੌਰਾਨ ਨੌਜਵਾਨ ਨੇ ਮਾਰਿਆ ਥੱਪੜ

ਕੇਜਰੀਵਾਲ ਨੂੰ ਰੋਡ ਸ਼ੋਅ ਦੌਰਾਨ ਨੌਜਵਾਨ ਨੇ ਮਾਰਿਆ ਥੱਪੜ

‘ਆਪ’ ਨੇ ਅਜਿਹੇ ਹਮਲਿਆਂ ਲਈ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਦੱਸਿਆ
ਨਵੀਂ ਦਿੱਲੀ : ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਨੌਜਵਾਨ ਨੇ ਉਦੋਂ ਥੱਪੜ ਮਾਰ ਦਿੱਤਾ ਜਦੋਂ ਕੇਜਰੀਵਾਲ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਬ੍ਰਿਜੇਸ਼ ਗੋਇਲ ਲਈ ਮੋਤੀ ਨਗਰ ਵਿਚ ਰੋਡ ਸ਼ੋਅ ਕੱਢ ਰਹੇ ਸਨ। ਕੇਜਰੀਵਾਲ ਖੁੱਲ੍ਹੀ ਜੀਪ ‘ਤੇ ਸਵਾਰ ਸਨ ਤਾਂ ਲਾਲ ਕਮੀਜ਼ ਵਾਲਾ ਇਕ ਨੌਜਵਾਨ ਤੇਜ਼ੀ ਨਾਲ ਜੀਪ ‘ਤੇ ਚੜ੍ਹਿਆ ਅਤੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਉਸ ਨੂੰ ਤੁਰੰਤ ‘ਆਪ’ ਕਾਰਕੁਨਾਂ ਨੇ ਫੜ ਲਿਆ ਅਤੇ ਪੁਲਿਸ ਨੇ ਨੌਜਵਾਨ ਨੂੰ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੀ ਪਛਾਣ ਕੈਲਾਸ਼ ਪਾਰਕ ਵਾਸੀ ਸੁਰੇਸ਼ (33) ਵਜੋਂ ਹੋਈ ਹੈ ਜੋ ਗੱਡੀਆਂ ਦੇ ਕਲ-ਪੁਰਜ਼ਿਆਂ ਦਾ ਕਾਰੋਬਾਰੀ ਹੈ।
ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ। ਨੌਜਵਾਨ ਕੇਜਰੀਵਾਲ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਉਸ ਨੇ ਇਹ ਕਦਮ ਉਠਾਇਆ। ‘ਆਪ’ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਸੁਰੱਖਿਆ ਵਿਚ ਕੋਤਾਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਹਮਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ, ”ਕੀ ਮੋਦੀ ਤੇ ਸ੍ਰੀ ਸ਼ਾਹ ਹੁਣ ਕੇਜਰੀਵਾਲ ਦਾ ਕਤਲ ਕਰਵਾਉਣਾ ਚਾਹੁੰਦੇ ਹਨ? ਪੰਜ ਸਾਲ ਦੀ ਸਾਰੀ ਤਾਕਤ ਲਾ ਕੇ ਮਨੋਬਲ ਨਹੀਂ ਤੋੜ ਸਕੇ, ਚੋਣਾਂ ਵਿਚ ਨਹੀਂ ਹਰਾ ਸਕੇ ਤਾਂ ਹੁਣ ਰਾਹ ਵਿੱਚੋਂ ਹਟਾਉਣਾ ਚਾਹੁੰਦੇ ਹੋ ਕਾਇਰੋ! ਕੇਜਰੀਵਾਲ ਹੀ ਤੁਹਾਡੇ ਲਈ ਕਾਲ ਹੈ।” ਉਧਰ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਪਹਿਲਾਂ ਇਸ ਘਟਨਾ ਦੀ ਨਿੰਦਾ ਕੀਤੀ ਫਿਰ ਉਨ੍ਹਾਂ ਥੱਪੜ ਕਾਂਡ ‘ਤੇ ਸਵਾਲ ਉਠਾਏ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਹਮਦਰਦੀ ਲੈਣ ਲਈ ਕਿਤੇ ਇਹ ਪਟਕਥਾ ਪਹਿਲਾਂ ਤਾਂ ਨਹੀਂ ਮਿੱਥੀ ਗਈ ਸੀ? ਇਸੇ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਰਵਿੰਦ ਕੇਜਰੀਵਾਲ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ।

RELATED ARTICLES
POPULAR POSTS