ਰਾਹੁਲ ਗਾਂਧੀ ਨੂੰ ਪੁਰਾਣਾ ਸਰਕਾਰੀ ਬੰਗਲਾ ਵਾਪਸ ਮਿਲਿਆ
ਰਾਹੁਲ ਨੇ ਕਿਹਾ : ਪੂਰਾ ਹਿੰਦੁਸਤਾਨ ਹੈ ਮੇਰਾ ਘਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਪੁਰਾਣਾ ਸਰਕਾਰੀ ਬੰਗਲਾ ਵੀ ਵਾਪਸ ਮਿਲ ਗਿਆ ਹੈ। ਸੰਸਦ ਦੀ ਹਾਊਸਿੰਗ ਕਮੇਟੀ ਨੇ ਰਾਹੁਲ ਦੀ ਸੰਸਦ ਮੈਂਬਰੀ ਬਹਾਲ ਹੋਣ ਦੇ ਇਕ ਦਿਨ ਬਾਅਦ ਹੀ ਬੰਗਲਾ ਅਲਾਟ ਕਰ ਦਿੱਤਾ। ਰਾਹੁਲ ਜਦੋਂ ਕਾਂਗਰਸ ਦੇ ਮੁੱਖ ਦਫਤਰ ਪਹੁੰਚੇ ਤਾਂ ਉਨ੍ਹਾਂ ਨੂੰ ਬੰਗਲਾ ਵਾਪਸ ਮਿਲਣ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰਾ ਘਰ ਪੂਰਾ ਹਿੰਦੁਸਤਾਨ ਹੈ। ਇਸ ਆਲੀਸ਼ਾਨ ਬੰਗਲੇ ਵਿਚ 5 ਬੈਡਰੂਮ, 1 ਹਾਲ, 1 ਡਾਈਨਿੰਗ ਰੂਮ, 1 ਸਟੱਡੀ ਰੂਮ ਅਤੇ ਸਰਵੈਂਟ ਕਵਾਟਰ ਹੈ। ਰਾਹੁਲ ਗਾਂਧੀ ਇਸ ਬੰਗਲੇ ਵਿਚ ਇਕ ਪ੍ਰਾਈਵੇਟ ਗ੍ਰਹਿ ਪ੍ਰਵੇਸ਼ ਤੋਂ ਬਾਅਦ ਹੀ ਸ਼ਿਫਟ ਹੋਏ ਸਨ। ਇਸ ਸੈਰੇਮਨੀ ਵਿਚ ਸੋਨੀਆ ਗਾਂਧੀ, ਪਿ੍ਰਅੰਕਾ ਗਾਂਧੀ, ਰਾਬਰਟ ਵਾਡਰਾ ਸਣੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਸ਼ਾਮਲ ਹੋਏ ਸਨ। ਧਿਆਨ ਰਹੇ ਕਿ ਮੋਦੀ ਸਰਨੇਮ ਮਾਮਲੇ ਵਿਚ ਦੋ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ 22 ਅਪ੍ਰੈਲ 2023 ਨੂੰ ਰਾਹੁਲ ਗਾਂਧੀ ਨੂੰ ਇਹ ਬੰਗਲਾ ਖਾਲੀ ਕਰਨਾ ਪਿਆ ਸੀ। ਰਾਹੁਲ ਗਾਂਧੀ ਹੁਣ 12 ਅਤੇ 13 ਅਗਸਤ ਨੂੰ ਆਪਣੇ ਸੰਸਦੀ ਖੇਤਰ ਵਾਇਨਾਡ ਵੀ ਜਾਣਗੇ। ਸੰਸਦ ਮੈਂਬਰੀ ਬਹਾਲ ਹੋਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਵਾਇਨਾਡ ਦੌਰਾ ਹੋਵੇਗਾ।