ਕੁੱਪਵਾੜਾ ’ਚ ਐਲ.ਓ.ਸੀ. ਨੇੜੇ ਹੋਇਆ ਮੁਕਾਬਲਾ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿਚ ਅੱਜ ਸ਼ੁੱਕਰਵਾਰ ਸਵੇਰੇ ਭਾਰਤੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋ ਗਿਆ। ਜਿਸ ਦੌਰਾਨ ਸੁਰੱਖਿਆ ਬਲਾਂ ਨੇ 5 ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਮੁਕਾਇਆ। ਮੀਡੀਆ ਰਿਪੋਰਟਾਂ ਅਨੁਸਾਰ ਜੰਮੂ ਕਸ਼ਮੀਰ ਦੇ ਏਡੀਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਇਲਾਕੇ ਵਿਚ ਸਰਚ ਅਭਿਆਨ ਅਜੇ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੁੱਪਵਾੜਾ ਸੈਕਟਰ ਵਿਚ ਇਸ ਸਾਲ ਘੁਸਪੈਠ ਦੀ ਇਹ ਪਹਿਲੀ ਵੱਡੀ ਕੋਸ਼ਿਸ਼ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਕਸ਼ਮੀਰ ਜ਼ੋਨ ਦੀ ਪੁਲਿਸ ਨੇ ਦੱਸਿਆ ਕਿ ਕੁੱਪਵਾੜਾ ਜ਼ਿਲ੍ਹੇ ਦੀ ਐਲ.ਓ.ਸੀ. ਨਾਲ ਲੱਗਦੇ ਇਲਾਕੇ ਵਿਚ ਪੁਲਿਸ ਨੂੰ ਅੱਤਵਾਦੀਆਂ ਦੀ ਘੁਸਪੈਠ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਸਰਚ ਅਪਰੇਸ਼ਨ ਦੌਰਾਨ ਇਨ੍ਹਾਂ 5 ਅੱਤਵਾਦੀਆਂ ਨੂੰ ਮੁਕਾਬਲੇ ਦੌਰਾਨ ਮਾਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੀ 13 ਜੂਨ ਨੂੰ ਵੀ ਕੁੱਪਵਾੜਾ ਜ਼ਿਲ੍ਹੇ ਵਿਚ ਹੀ ਐਲ.ਓ.ਸੀ. ਨਾਲ ਲੱਗਦੇ ਦੋਬਨਾਰ ਮੱਚਲ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਪੁਲਿਸ ਦੀ ਸਾਂਝੀ ਮੁਹਿੰਮ ਦੌਰਾਨ ਦੋ ਅੱਤਵਾਦੀ ਮਾਰੇ ਗਏ ਸਨ।