ਭਾਰਤ ਅਨੇਕਤਾ ‘ਚ ਏਕਤਾ ਵਾਲਾ ਮੁਲਕ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦਾ ਵਿਵਾਦਾਂ ਵਿਚ ਘਿਰਿਆ ਤਿੰਨ ਰੋਜ਼ਾ ਵਿਸ਼ਵ ਸਭਿਆਚਾਰਕ ਮੇਲਾ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਾਗਮ ਵਿਚ ਸ਼ਿਰਕਤ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਚਲ ਰਹੀਆਂ ਨੁਕਤਾਚੀਨੀ ਦੀਆਂ ਸੁਰਾਂ ਨੂੰ ਬੰਦ ਕਰ ਦਿੱਤਾ। ਯਮੁਨਾ ਦਰਿਆ ਦੇ ਕੰਢੇ ‘ਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਨੇਕਤਾ ਵਿਚ ਏਕਤਾ ਵਾਲਾ ਮੁਲਕ ਹੈ ਅਤੇ ਕੁਲ ਆਲਮ ਵਿਚ ਬਥੇਰਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਸਾਰੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਸਮਾਗਮ ਨੂੰ ‘ਸਭਿਆਚਾਰ ਦਾ ਕੁੰਭ ਮੇਲਾ’ ਕਰਾਰ ਦਿੱਤਾ। ਆਰਟ ਆਫ਼ ਲਿਵਿੰਗ ਅਤੇ ਸ੍ਰੀ ਸ੍ਰੀ ਰਵੀ ਸ਼ੰਕਰ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ઠਆਪਣੇ ਮੁਲਕ ਦੀ ਸਭਿਆਚਾਰਕ ਵਿਰਾਸਤ ‘ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਆਪ ਨੂੰ ਨਿੰਦਦੇ ਰਹਾਂਗੇ ਤਾਂ ਦੁਨੀਆ ਸਾਡੇ ਵੱਲ ਕਿਉਂ ਤੱਕੇਗੀ? ਉਨ੍ਹਾਂ ਮੰਗੋਲੀਆ ਵਿਚ ਫਾਊਂਡੇਸ਼ਨ ਵੱਲੋਂ ਕਰਾਏ ਗਏ ਪ੍ਰੋਗਰਾਮ ਦਾ ਜ਼ਿਕਰ ਵੀ ਕੀਤਾ ਜਿਥੇ ਗਿਣਤੀ ਦੇ ਭਾਰਤੀ ਹਾਜ਼ਰ ਸਨ ਅਤੇ ਮੰਗੋਲੀਆ ਦੇ ਲੋਕਾਂ ਨੇ ਭਾਰੀ ਤਾਦਾਦ ਵਿਚ ਸ਼ਮੂਲੀਅਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਪਨੇ ਦੇਖਣ ਜਾਂ ਮੁਸ਼ਕਲਾਂ ਦੇ ਹੱਲ ਲਈ ਲੋਕਾਂ ਨੂੰ ਆਰਟ ਆਫ਼ ਲਿਵਿੰਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਦੀ ਬਜਾਏ ਹੋਰਾਂ ਲਈ ਜਿਉਣਾ ਹੀ ਆਰਟ ਆਫ਼ ਲਿਵਿੰਗ ਹੈ। ਮੋਦੀ ਨੇ ਕਿਹਾ ਕਿ ਦੁਨੀਆ ਸਿਰਫ਼ ਅਰਥਚਾਰੇ ਦੇ ਪੱਧਰ ‘ਤੇ ਹੀ ਨਹੀਂ ਜੁੜੀ ਹੋਈ ਹੈ ਸਗੋਂ ਮਨੁੱਖੀ ਕਦਰਾਂ ਕੀਮਤਾਂ ਵੀ ਇਸ ਵਿਚ ਯੋਗਦਾਨ ਪਾਉਂਦੀਆਂ ਹਨ।
ਸ੍ਰੀ ਸ੍ਰੀ ਨੂੰ ਮਿਲੇ ਚਾਰ ਹਫ਼ਤੇ
ਨਵੀਂ ਦਿੱਲੀ : ਸ੍ਰੀ ਸ੍ਰੀ ਰਵੀ ਸ਼ੰਕਰ ਦੀ ਜਥੇਬੰਦੀ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਨੂੰ ਉਸ ਸਮੇਂ ਰਾਹਤ ਮਿਲ ਗਈ ਜਦੋਂ ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਉਨ੍ਹਾਂ ਨੂੰ 5 ਕਰੋੜ ਰੁਪਏ ਜੁਰਮਾਨਾ ਭਰਨ ਲਈ ਹੋਰ ਸਮਾਂ ਦੇ ਦਿੱਤਾ। ਉਂਜ ਟ੍ਰਿਬਿਊਨਲ ਨੇ ਰਵੀ ਸ਼ੰਕਰ ਵੱਲੋਂ ਪੰਜ ਕਰੋੜ ਰੁਪਏ ਦਾ ਜੁਰਮਾਨਾ ਭਰਨ ਤੋਂ ਇਨਕਾਰ ਕਰਨ ਵਾਲੇ ਬਿਆਨਾਂ ਦਾ ਗੰਭੀਰ ਨੋਟਿਸ ਲਿਆ। ਐਨਜੀਟੀ ਚੇਅਰਪਰਸਨ ਸਵਤੰਤਰ ਕੁਮਾਰ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ, ”ਜਦੋਂ ਉਨ੍ਹਾਂ ਦੇ ਰੁਤਬੇ ਵਰਗਾ ਵਿਅਕਤੀ ਅਜਿਹੇ ਬਿਆਨ ਦਿੰਦਾ ਹੈ ਤਾਂ ਇਸ ਨਾਲ ਕਾਨੂੰਨ ਨੂੰ ਸੱਟ ਲਗਦੀ ਹੈ। ਜੇਕਰ ਕੋਈ ਟ੍ਰਿਬਿਊਨਲ ਦੇ ਅਕਸ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਉਸ ਨੂੰ ਕਟਹਿਰੇ ਵਿਚ ਖੜ੍ਹਾ ਕਰਨਾ ਪਏਗਾ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …