-3.5 C
Toronto
Thursday, January 22, 2026
spot_img
Homeਭਾਰਤਮੀਂਹ ਪੀੜਤ ਕਿਸਾਨਾਂ ਦੀ ਬਾਂਹ ਫੜੇ ਸਰਕਾਰ : ਰਾਹੁਲ

ਮੀਂਹ ਪੀੜਤ ਕਿਸਾਨਾਂ ਦੀ ਬਾਂਹ ਫੜੇ ਸਰਕਾਰ : ਰਾਹੁਲ

2016_3image_13_55_0026111991-fire-in-alwar_145257844-ll copy copyਸਰਕਾਰ ਨੇ ਰਿਪੋਰਟਾਂ ਮਿਲਣ ਮਗਰੋਂ ਢੁੱਕਵੀਂ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰੀ ਮੀਂਹ ਤੇ ਗੜਿਆਂ ਕਾਰਨ ਪ੍ਰਭਾਵਿਤ ਉੱਤਰੀ ਭਾਰਤ ਦੇ ਕਿਸਾਨਾਂ ਦੀ ਫੌਰੀ ਮਦਦ ਦੀ ਮੰਗ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਕਿਹਾ ਕਿ ਪਿਛਲੀ ਵਾਰ ਵਾਂਗ ਮਦਦ ਦੇਣ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ। ਜਿਉਂ ਹੀ ਸਦਨ ਜੁੜਿਆ ਤਾਂ ਉਨ੍ਹਾਂ ਮੀਂਹ ਤੇ ਗੜਿਆਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁੱਦਾ ਉਠਾਇਆ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨੁਕਸਾਨ ਦੇ ਜਾਇਜ਼ੇ ਲਈ ਫੌਰੀ ਟੀਮ ਭੇਜੇ ਅਤੇ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਸਦਨ ਵਿੱਚ ਇਸ ਮੁੱਦੇ ‘ਤੇ ਬਿਆਨ ਦੇਣ। ਕਾਂਗਰਸ ਦੀ ਇਸ ਮੰਗ ਤੋਂ ਕੁੱਝ ਘੰਟਿਆਂ ਮਗਰੋਂ ਹੀ ਸਰਕਾਰ ਨੇ ਪ੍ਰਭਾਵਿਤ ਰਾਜਾਂ ਤੋਂ ਰਿਪੋਰਟਾਂ ਮਿਲਣ ਤੋਂ ਬਾਅਦ ਢੁਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਖੇਤੀਬਾੜੀ ਮੰਤਰੀਆਂ ਨਾਲ ਪਹਿਲਾਂ ਹੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਇਲਾਕਿਆਂ ਵਿੱਚ ਹੋਏ ਨੁਕਸਾਨ ਦਾ ਪਤਾ ਲੱਗਣ ਮਗਰੋਂ ਲੋੜੀਂਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਮੰਨਿਆ ਕਿ ਮੀਂਹ ਤੇ ਗੜਿਆਂ ਕਾਰਨ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਹਰਿਆਣਾ ਵਿੱਚ ਕਣਕ, ਸਰ੍ਹੋਂ ਤੇ ਹੋਰ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੰਗ ਕੀਤੀ ਕਿ ਪਿਛਲੀ ਵਾਰ ਦੀ ਸੁਸਤੀ ਦੀ ਥਾਂ ਇਸ ਵਾਰ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। ਇਸ ਉਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਉਨ੍ਹਾਂ ਇਸ ਗੰਭੀਰ ਮਸਲੇ ਉਤੇ ਖੇਤੀਬਾੜੀ ਮੰਤਰੀ ਨਾਲ ਗੱਲ ਕੀਤੀ ਹੈ, ਜਿਹੜੇ ਸੂਬਾਈ ਸਰਕਾਰਾਂ ਦੇ ਸੰਪਰਕ ਵਿੱਚ ਹਨ।ਜਿਉਂ ਹੀ ਪ੍ਰਸ਼ਨ ਕਾਲ ਸ਼ੁਰੂ ਹੋਇਆ ਤਾਂ ਸਪੀਕਰ ਸੁਮਿੱਤਰਾ ਮਹਾਜਨ ਨੇ ਰਾਹੁਲ ਗਾਂਧੀ ਤੇ ਕੁੱਝ ਹੋਰ ਮੈਂਬਰਾਂ ਵੱਲੋਂ ਕਿਸਾਨਾਂ ਦੇ ਮੁੱਦੇ ਉਪਰ ਸਦਨ ਮੁਲਤਵੀ ਕਰਨ ਦੇ ਦਿੱਤੇ ਨੋਟਿਸ ਨੂੰ ਰੱਦ ਕਰ ਦਿੱਤਾ।
ਮਰਿਆਦਾ ਕਮੇਟੀ ਵੱਲੋਂ ਰਾਹੁਲ ਨੂੰ ਨੋਟਿਸ
ਨਵੀਂ ਦਿੱਲੀ: ਭਾਜਪਾ ਦੇ ਬਜ਼ੁਰਗ ਆਗੂ ਐਲ.ਕੇ. ਅਡਵਾਨੀ ਦੀ ਅਗਵਾਈ ਵਾਲੀ ਸੰਸਦ ਦੀ ਮਰਿਆਦਾ ਕਮੇਟੀ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਵੱਲੋਂ ਆਪਣੀ ਨਾਗਰਿਕਤਾ ਬਰਤਾਨਵੀ ਐਲਾਨਣ ਦੇ ਲੱਗੇ ਦੋਸ਼ਾਂ ਬਾਰੇ ਜਵਾਬ ਮੰਗਿਆ ਹੈ। ਜਨਵਰੀ ਦੇ ਪਹਿਲੇ ਹਫ਼ਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਭਾਜਪਾ ਸੰਸਦ ਮੈਂਬਰ ਮਹੇਸ਼ ਗਿਰੀ ਦੀ ਇਸ ਬਾਰੇ ਕੀਤੀ ਸ਼ਿਕਾਇਤ ਨੂੰ ਮਰਿਆਦਾ ਕਮੇਟੀ ਕੋਲ ਭੇਜਿਆ ਸੀ।

RELATED ARTICLES
POPULAR POSTS