ਕਿਹਾ : ਅੱਤਵਾਦ ਪੂਰੀ ਮਨੁੱਖਤਾ ਦੇ ਲਈ ਖਤਰਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਅੱਜ 26-11-2008 ਨੂੰ ਮੁੰਬਈ ’ਤੇ ਹੋਏ ਅੱਤਵਾਦੀ ਹਮਲੇ ਦੀ 14ਵੀਂ ਬਰਸੀ ਹੈ। 26 ਨਵੰਬਰ 2008 ਦੇ ਉਸ ਦਿਨ ਨੂੰ ਭਾਰਤ ਵਾਸੀ ਕਦੇ ਵੀ ਨਹੀਂ ਭੁੱਲ ਸਕਦੇ ਕਿਉਂਕਿ ਅੱਜ ਦੇ ਦਿਨ ਮੁੰਬਈ ’ਤੇ ਹੋਏ ਅੱਤਵਾਦੀ ਹਮਲੇ ਨੂੰ ਯਾਦ ਕਰਕੇ ਹਰ ਦੇਸ਼ ਵਾਸੀ ਦੀ ਰੂਹ ਕੰਬ ਜਾਂਦੀ ਹੈ। ਇਸ ਅੱਤਵਾਦੀ ਹਮਲੇ ਦੌਰਾਨ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਵਿਅਕਤੀ ਮਾਰੇ ਗਏ ਹਨ ਜਦਕਿ 300 ਤੋਂ ਜ਼ਿਆਦਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਮੁੰਬਈ ਦੇ ਤਾਜ਼ ਹੋਟਲ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਵੱਲੋਂ ਇਹ ਹਮਲਾ ਕੀਤਾ ਗਿਆ ਸੀ। ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਮੰੁਬਈ ਅੱਤਵਾਦੀ ਹਮਲੇ ਨੂੰ ਯਾਦ ਕਰਦਿਆਂ ਕਿਹਾ ਕਿ ਅੱਤਵਾਦ ਪੂਰੀ ਦੁਨੀਆ ਲਈ ਖਤਰਾ ਹੈ ਅਤੇ ਇਸ ਨੂੰ ਜੜ ਤੋਂ ਖਤਮ ਕਰਨ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਨਾ ਹੀ ਅੱਤਵਾਦ ਦਾ ਕੋਈ ਧਰਮ ਹੁੰਦਾ ਹੈ। ਜੈਸ਼ੰਕਰ ਨੇ ਅੱਗੇ ਕਿਹਾ ਕਿ ਦੁਨੀਆ ਭਰ ਦੇ ਅੱਤਵਾਦ ਦੇ ਪੀੜਤ ਹਰ ਵਿਅਕਤੀ ਦੇ ਅਸੀਂ ਰਿਣੀ ਹਾਂ। ਉਨ੍ਹਾਂ ਕਿਹਾ ਕਿ ਅੱਜ 26/11 ਨੂੰ ਵਿਸ਼ਵ ਆਪਣੇ ਪੀੜਤਾਂ ਨੂੰ ਯਾਦ ਕਰਨ ਵਿਚ ਭਾਰਤ ਨਾਲ ਖੜ੍ਹਦਾ ਹੈ ਅਤੇ ਇਸ ਹਮਲੇ ਦੌਰਾਨ ਜਾਨਾਂ ਗਵਾਉਣ ਵਾਲਿਆਂ ਨੂੰ ਯਾਦ ਕਰਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਮੈਂ ਅੱਜ ਉਨ੍ਹਾਂ ਸਾਰੇ ਹੀਰੋਆਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਜਾਨ ’ਤੇ ਖੇਡ ਕੇ ਦੂਜਿਆਂ ਦੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਇਸ ਹਮਲੇ ਦੀ ਯੋਜਨਾ ਬਣਾਈ ਸੀ ਅਤੇ ਜਿਨ੍ਹਾਂ ਨੇ ਉਨ੍ਹਾਂ ਦੀ ਨਿਗਰਾਨੀ ਕੀਤੀ ਸੀ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿਚ ਲਿਆਦਾ ਜਾਣਾ ਚਾਹੀਦਾ ਹੈ। ਅੱਜ 26/11 ਦੇ ਸ਼ਹੀਦਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ।