5 ਸਾਲ ’ਚ 20 ਲੱਖ ਨੌਕਰੀਆਂ ਅਤੇ ਵਿਦਿਆਰਥਣਾਂ ਮੁਫ਼ਤ ਇਲੈਕਟਿ੍ਰਕ ਸਕੂਟੀ ਦੇਣ ਦਾ ਕੀਤਾ ਵਾਅਦਾ
ਗਾਂਧੀਨਗਰ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਨੇ ਅੱਜ ਗਾਂਧੀਨਗਰ ’ਚ ਗੁਜਰਾਤ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਚੋਣ ਮਨੋਰਥ ਪੱਤਰ ਵਿਚ ਭਾਜਪਾ ਵੱਲੋਂ 5 ਸਾਲਾਂ ਦੌਰਾਨ 20 ਲੱਖ ਨੌਕਰੀਆਂ ਦਾ ਗੱਲ ਕਹੀ ਗਈ ਹੈ ਅਤੇ ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਮੁਫ਼ਤ ਇਲੈਕਟਿ੍ਰਕ ਸਕੂਟੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਇਸ ਮੌਕੇ ਗੁਜਰਾਤ ਭਾਜਪਾ ਪ੍ਰਧਾਨ ਸੀ ਆਰ ਪਾਟਿਲ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਗੁਜਰਾਤ ਦੇ ਇਕ ਕਰੋੜ ਤੋਂ ਜ਼ਿਆਦਦਾ ਲੋਕਾਂ ਦੀ ਰਾਏ ਲਈ ਗਈ ਸੀ ਅਤੇ ਇਸ ਲਈ ਇਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਸੀ। ਚੋਣ ਮਨੋਰਥ ਪੱਤਰ ਬਣਾਉਣ ਸਬੰਧੀ ਨੌਜਵਾਨਾਂ ਨਾਲ ਵੀ ਸੰਪਰਕ ਕੀਤਾ ਗਿਆ। ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ, ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ ਆਰ ਪਾਟਿਲ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ, ਜਿਸ ਵਿਚ ਕਾਂਗਰਸ ਪਾਰਟੀ ਵੱਲੋਂ ਵੀ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ।