ਭਾਰਤੀ ਸਰਹੱਦ ਅੰਦਰ ਦਾਖਲ ਹੁੰਦੇ ਦੋ ਪਾਕਿਸਤਾਨੀਆਂ ਨੂੰ ਵੀ ਭਜਾਇਆ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਨਾਲ ਲਗਦੀ ਸਰਹੱਦ ਅੰਦਰ ਦਾਖਲ ਹੋਣ ਲਈ ਪਾਕਿਸਤਾਨ ਵੱਲੋਂ ਲੰਘੀ ਦੇਰ ਰਾਤ ਤਿੰਨ ਵਾਰ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਬੀਐਸਐਫ ਦੇ ਜਵਾਨਾਂ ਨੇ ਇਸ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅੰਮਿ੍ਰਤਸਰ ਸੈਕਟਰ ਅੰਦਰ ਦੋ ਡਰੋਨ ਵੀ ਭਾਰਤੀ ਸਰਹੱਦ ਵੱਲ ਵਧੇ ਪ੍ਰੰਤੂ ਜਵਾਨਾਂ ਨੇ ਫਾਈਰਿੰਗ ਕਰਕੇ ਇਕ ਨੂੰ ਤਾਂ ਥੱਲੇ ਸੁੱਟ ਲਿਆ ਜਦਕਿ ਦੂਜਾ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ। ਗਸ਼ਤ ਕਰ ਰਹੇ ਬੀਐਸਐਫ ਦੇ ਜਵਾਨਾਂ ਨੇ ਡਰੋਨ ਦੀ ਅਵਾਜ਼ ਸੁਣੀ ਅਤੇ ਉਨ੍ਹਾਂ ਫਾਈਰਿੰਗ ਸ਼ੁਰੂ ਕਰ ਦਿੱਤੀ ਅਤੇ ਕੁੱਝ ਦੇਰ ਬਾਅਦ ਡਰੋਨ ਦੀ ਅਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਇਲਾਕੇ ’ਚ ਸਰਚ ਅਪ੍ਰੇਸ਼ਨ ਚਲਾਇਆ ਗਿਆ, ਜਿਸ ਦੌਰਨ ਇਕ ਡਰੋਨ ਖੇਤਾਂ ਵਿਚ ਡਿੱਗਿਆ ਹੋਇਆ ਮਿਲਿਆ। ਉਧਰ ਪਠਾਨਕੋਟ ਸੈਕਟਰ ਵਿਚ ਵੀ ਦੋ ਪਾਕਿਸਤਾਨੀ ਤਸਕਰਾਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਨ੍ਹਾਂ ਨੂੰ ਵੀ ਭਾਰਤੀ ਜਵਾਨਾਂ ਨੇ ਦਲੇਰੀ ਦਿਖਾਉਂਦੇ ਹੋਏ ਵਾਪਸ ਖਦੇੜ ਦਿੱਤਾ। ਪਠਾਨਕੋਟ ਸੈਕਟਰ ’ਚ ਫਰਈਪੁਰ ਚੌਕੀ ਨੇੜੇ ਗ਼ਸ਼ਤ ਕਰ ਰਹੇ ਭਾਰਤੀ ਜਵਾਨਾਂ ਨੇ ਥਰਮਲ ਕੈਮਰੇ ਦੀ ਮਦਦ ਨਾਲ ਇਨ੍ਹਾਂ ਦੋ ਘੁਸਪੈਠੀਆਂ ਨੂੰ ਦੇਖਿਆ ਸੀ। ਇਹ ਪਾਕਿਸਤਾਨੀ ਰੇਂਜਰਾਂ ਦੀ ਚੌਕੀ ਫਰਈਪੁਰ ਦੇ ਨੇੜੇ ਸਨ। ਬੀਐਸਐਫ ਦੇ ਜਵਾਨਾਂ ਚੌਕਸੀ ਵਰਤਦੇ ਹੋਏ ਫਾਈਰਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਇਹ ਦੋਵੇਂ ਘੁਸਪੈਠੀਏ ਭੱਜ ਗਏ।