ਬਰੈਂਪਟਨ/ਹਰਜੀਤ ਬੇਦੀ : ਰੈੱਡ ਵਿੱਲੋ ਕਲੱਬ ਬਰੈਂਪਟਨ ਵਲੋਂ ਪਿਛਲੇ ਦਿਨੀ ਸੈਨੇਟੇਨੀਅਲ ਪਾਰਕ ਦਾ ਟੂਰ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਲਾਇਆ ਗਿਆ। ਟੂਰ ‘ਤੇ ਜਾਣ ਵਾਲੇ ਕਲੱਬ ਦੇ ਮੈਂਬਰ ਸਵੇਰੇ ਨੌ ਵਜੇ ਤੱਕ ਰੈੱਡ ਵਿੱਲੋ ਪਾਰਕ ਵਿੱਚ ਇਕੱਠੇ ਹੋ ਗਏ ਜਿੱਥੋਂ ਉਹਨਾਂ ਨੂੰ ਟੂਰ ‘ਤੇ ਲਿਜਾਣ ਲਈ ਸਾਂਝੇ ਤੌਰ ‘ਤੇ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਕਲੱਬ ਦੇ ਲਗਪਗ ਇੱਕ ਸੌ ਸੀਨੀਅਰ ਮਰਦ ਤੇ ਔਰਤਾਂ ਵਿੱਚ ਟੂਰ ‘ਤੇ ਜਾਣ ਲਈ ਭਾਰੀ ਉਤਸ਼ਾਹ ਸੀ। ਕਲੱਬ ਮੈਂਬਰਾਂ ਦੇ ਟੂਰ ‘ਤੇ ਜਾਣ ਸਮੇਂ ਰੀਜਨਲ ਕੌਂਸਲਰ ਪੈਟ ਫੌਰਟੀਨੀ ਅਤੇ ਉਹਨਾਂ ਦੀ ਸਕੱਤਰ ਸਰਬਜੀਤ ਕੌਰ ਹਾਜ਼ਰ ਸਨ। ਵਾਲੰਟੀਅਰਾਂ ਨੇ ਮੈਂਬਰਾਂ ਨੂੰ ਬੜੇ ਸਲੀਕੇ ਨਾਲ ਬੱਸਾਂ ਵਿੱਚ ਸਵਾਰ ਕਰਵਾਇਆ। ਕਲੱਬ ਮੈਂਬਰ ਪੂਰੇ ਚਾਅ ਨਾਲ ਬਿਨਾਂ ਕਿਸੇ ਹਫੜਾ ਦਫੜੀ ਤੋਂ ਬੱਸਾਂ ਵਿੱਚ ਸਵਾਰ ਹੋ ਗਏ।
ਰਸਤੇ ਵਿੱਚ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਆਲੇ ਦੁਆਲੇ ਦੇ ਨਜ਼ਾਰੇ ਵੀ ਲੈ ਰਹੇ ਸਨ। ਲਗਪਗ ਇੱਕ ਘੰਟੇ ਵਿੱਚ ਬੱਸਾਂ ਲੇਕ ਕਿਨਾਰੇ ਬਹੁਤ ਹੀ ਖੂਬਸੂਰਤ ਸੈਨੇਟੇਨੀਅਲ ਪਾਰਕ ਵਿੱਚ ਪਹੁੰਚ ਗਈਆਂ। ਆਸ ਪਾਸ ਦੇ ਕੁਦਰਤੀ ਨਜ਼ਾਰਿਆਂ ਨੂੰ ਦੇਖ ਕੇ ਸੀਨੀਅਰਜ਼ ਨੇ ਅੰਤਰੀਵ ਖੁਸ਼ੀ ਮਹਿਸੂਸ ਕੀਤੀ। ਮੈਂਬਰਾਂ ਨੇ ਛੋਟੇ ਛੋਟੇ ਗਰੁੱਪਾਂ ਵਿੱਚ ਤੁਰ ਫਿਰ ਕੇ ਪਾਰਕ ਦੀ ਸੁੰਦਰਤਾ ਦਾ ਆਨੰਦ ਮਾਣਿਆ।
ਕੁਦਰਤ ਦੀ ਸੁੰਦਰਤਾ ਆਪਣੇ ਜੋਬਨ ‘ਤੇ ਦਿਖਾਈ ਦੇ ਰਹੀ ਸੀ। ਬਹੁਤ ਸਾਰੇ ਮੈਂਬਰਾਂ ਨੇ ਪਾਰਕ ਦੇ ਨਜ਼ਦੀਕ ਸੈਨੇਟੇਨੀਅਲ ਬੀਚ ਦਾ ਦੌਰਾ ਕੀਤਾ। ਲੇਕ ਦੇ ਨੀਲੇ ਸਾਫ ਪਾਣੀ ਦੀ ਨੁਹਾਰ ਦੇਖਣ ਯੋਗ ਸੀ। ਸੀਨੀਅਰ ਮਹਿਲਾਵਾਂ ਨੇ ਆਪਣੇ ਢੰਗ ਨਾਲ ਬੋਲੀਆਂ ਤੇ ਗਿੱਧਾ ਪਾ ਕੇ ਖੂਬ ਰੰਗ ਬੰਨ੍ਹਿਆ। ਘੁੰਮ ਫਿਰ ਕੇ ਸਾਰੇ ਮੈਂਬਰ ਲੰਚ ਲਈ ਇੱਕ ਢੁਕਵੀਂ ਥਾਂ ‘ਤੇ ਇਕੱਠੇ ਹੋ ਗਏ।
ਖਾਣੇ ਦੇ ਸਮਾਨ ਦੀ ਸੇਵਾ ਜੋਗਿੰਦਰ ਸਿੰਘ ਪੱਡਾ ਦੇ ਪਰਿਵਾਰ ਵਲੋਂ ਕੀਤੀ ਗਈ ਸੀ। ਖਾਣੇ ਲਈ ਚਾਵਲ, ਛੋਲੇ ਅਤੇ ਹੋਰ ਸਮਾਨ ਦੀ ਤਿਆਰੀ ਮਹਿੰਦਰ ਕੌਰ ਪੱਡਾ, ਚਰਨਜੀਤ ਕੌਰ, ਪਰਕਾਸ਼ ਕੌਰ, ਨਿਰਮਲਾ, ਬਲਜੀਤ ਕੌਰ ਸੇਖੋਂ, ਇੰਦਰਜੀਤ ਕੌਰ ਗਿੱਲ ਅਤੇ ਸਾਥਣਾਂ ਨੇ ਕੀਤੀ। ਸਾਰੇ ਮੈਂਬਰਾਂ ਨੇ ਇਕੱਠੇ ਬੈਠ ਕੇ ਖਾਣੇ ਦਾ ਭਰਪੂਰ ਆਨੰਦ ਮਾਣਿਆ। ਭੋਜਨ ਵਰਤਾਉਣ ਦੀ ਸੇਵਾ ਮਹਿੰਦਰ ਕੌਰ, ਪਰਕਾਸ਼ ਕੌਰ, ਬੇਅੰਤ ਕੌਰ, ਨਿਰਮਲਾ ਅਤੇ ਹੋਰਨਾਂ ਨੇ ਕੀਤੀ। ਸਭ ਨੇ ਜੀਅ ਭਰ ਕੇ ਖਾਣਾ ਖਾਣ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਹੋਏ ਕੁੱਝ ਸਮਾਂ ਬਤੀਤ ਕੀਤਾ। ਇਸ ਤੋਂ ਬਾਅਦ ਮੈਂਬਰਾਂ ਦੀ ਇੱਛਾ ਮੁਤਾਬਕ ਇੱਨਫਿਲ ਬੀਚ ਵੱਲ ਚਾਲੇ ਪਾ ਦਿੱਤੇ ਤੇ ਸ਼ਾਮ ਦਾ ਸਮਾਂ ਝੀਲ ਤੇ ਖੂਬਸੂਰਤ ਬੀਚ ‘ਤੇ ਗੁਜ਼ਾਰਿਆ। ਇਸ ਤਰ੍ਹਾਂ ਕਲੱਬ ਮੈਂਬਰਾਂ ਨੇ ਇਸ ਟੂਰ ਦਾ ਪੂਰਾ ਲੁਤਫ ਲਿਆ। ਕੁਝ ਸਮੇਂ ਬਾਅਦ ਸਾਰੇ ਮੈਂਬਰ ਬੱਸਾਂ ਵੱਲ ਹੋ ਤੁਰੇ ਅਤੇ ਬੱਸਾਂ ਵਿੱਚ ਸਵਾਰ ਹੋ ਕੇ ਘਰਾਂ ਵੱਲ ਚਾਲੇ ਪਾ ਦਿੱਤੇ।
ਰਸਤੇ ਵਿੱਚ ਟੂਰ ਬਾਰੇ ਗੱਲਾਂ ਕਰਦੇ ਹੋਏ ਖੁਸ਼ੀ- ਖੁਸੀ ਵਾਪਸ ਪਰਤ ਆਏ। ਇਹ ਟੂਰ ਮੈਂਬਰਾਂ ਦੇ ਮਨ ਮਸਤਕ ‘ਤੇ ਕਾਫੀ ਸਮਾਂ ਯਾਦ ਬਣ ਕੇ ਰਹੇਗਾ। ਕਲੱਬ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ ਪ੍ਰਧਾਨ 416-908-1300 ਜਾਂ ਅਮਰਜੀਤ ਸਿੰਘ ਜਨਰਲ ਸਕੱਤਰ 416-268-6821 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …