17.7 C
Toronto
Sunday, October 19, 2025
spot_img
Homeਪੰਜਾਬਵਿਜੀਲੈਂਸ ਦੀ ਰਾਡਾਰ 'ਤੇ ਆਏ ਪੰਜਾਬ ਦੇ ਦੋ ਹੋਰ ਸਾਬਕਾ ਕਾਂਗਰਸੀ ਮੰਤਰੀ

ਵਿਜੀਲੈਂਸ ਦੀ ਰਾਡਾਰ ‘ਤੇ ਆਏ ਪੰਜਾਬ ਦੇ ਦੋ ਹੋਰ ਸਾਬਕਾ ਕਾਂਗਰਸੀ ਮੰਤਰੀ

ਸੁੰਦਰ ਸ਼ਾਮ ਅਰੋੜਾ ਕੋਲੋਂ ਪੁੱਛਗਿੱਛ ਹੋਈ ਤੇ ਰਾਣਾ ਕੇਪੀ ਕੋਲੋਂ ਹੋਵੇਗੀ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਕਹਿਣ ‘ਤੇ ਵਿਜੀਲੈਂਸ ਨੇ ਦੋ ਹੋਰ ਸਾਬਕਾ ਕਾਂਗਰਸੀ ਮੰਤਰੀਆਂ ਰਾਣਾ ਕੇਪੀ ਸਿੰਘ ਤੇ ਸੁੰਦਰ ਸ਼ਾਮ ਅਰੋੜਾ ਖਿਲਾਫ ਕਾਰਵਾਈ ਦੀ ਤਿਆਰੀ ਕਰ ਲਈ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੇ ਖਿਲਾਫ ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ ਦੀ ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਸੂਬਾ ਸਰਕਾਰ ਨੇ ਵਿਜੀਲੈਂਸ ਜਾਂਚ ਨੂੰ ਮਨਜੂਰੀ ਦੇ ਦਿੱਤੀ ਹੈ। ਰਾਣਾ ਕੇਪੀ ਖਿਲਾਫ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੈਰਕਾਨੂੰਨੀ ਮਾਈਨਿੰਗ ਦੇ ਆਰੋਪ ਲਗਾਏ ਹਨ। ਆਰੋਪ ਹੈ ਕਿ ਵਿਧਾਇਕ ਰਹਿੰਦੇ ਹੋਏ ਰੋਪੜ, ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਖੇਤਰਾਂ ਵਿਚ ਗੈਰਕਾਨੂੰਨੀ ਮਾਈਨਿੰਗ ਦੇ ਪਿੱਛੇ ਰਾਣਾ ਕੇਪੀ ਦੀ ਸ਼ਮੂਲੀਅਤ ਹੈ। ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵਿੱਚ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਤੋਂ ਮੁਹਾਲੀ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਟੀਮ ਨੇ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ। ਅਰੋੜਾ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਆਰੋਪ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਸਮੇਤ ਵਿਰੋਧੀ ਧਿਰਾਂ ਨੇ ਅਰੋੜਾ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪ ਲਾਏ ਸਨ। ਬੀਰਦਵਿੰਦਰ ਸਿੰਘ ਲਗਾਤਾਰ ਜੇਸੀਟੀ ਦੀ ਬਹੁਕਰੋੜੀ ਜ਼ਮੀਨ ਦੇ ਤਬਾਦਲੇ ਦਾ ਮੁੱਦਾ ਚੁੱਕਦੇ ਰਹੇ ਹਨ। ਉਨ੍ਹਾਂ ਨੇ ਮਾਮਲੇ ਦੀ ਤੈਅ ਤੱਕ ਜਾਣ ਲਈ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਹੁਣ ‘ਆਪ’ ਸਰਕਾਰ ਨੇ ਅਰੋੜਾ ਖ਼ਿਲਾਫ਼ ਇਸ ਫਾਈਲ ਤੋਂ ਮਿੱਟੀ ਝਾੜ ਕੇ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸਣਾ ਬਣਦਾ ਹੈ ਕਿ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜ਼ੀਆਂ ਵੀ ਭ੍ਰਿਸ਼ਟਾਚਾਰ ਦਾ ਆਰੋਪਾਂ ਦਾ ਸਾਹਮਣਾ ਕਰ ਰਹੇ ਹਨ।
ਸੀਬੀਆਈ ਤੋਂ ਕਰਵਾਓ ਜਾਂਚ : ਰਾਣਾ ਕੇਪੀ
ਰਾਣਾ ਕੇਪੀ ਸਿੰਘ ਨੇ ਹਰਜੋਤ ਸਿੰਘ ਬੈਂਸ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਖਿਲਾਫ ਵਿਜੀਲੈਂਸ ਜਾਂਚ ਦਾ ਆਦੇਸ਼ ਸਿਆਸੀ ਬਦਲਾਖੋਰੀ ਹੈ। ਇਸ ਮਾਮਲੇ ‘ਚ ਜਾਂਚ ਜਾਂ ਤਾਂ ਹਾਈਕੋਰਟ ਤੇ ਸਿਟਿੰਗ ਜੱਜ ਜਾਂ ਸੀਬੀਆਈ ਤੋਂ ਕਰਵਾਈ ਜਾਵੇ। ਰਾਣਾ ਕੇਪੀ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਅਦਾਲਤ ਦਾ ਰੁਖ਼ ਕਰਨਗੇ।
ਕੋਈ ਵੀ ਏਜੰਸੀ ਬੁਲਾਏਗੀ ਤਾਂ ਪੂਰਾ ਸਹਿਯੋਗ ਕਰਾਂਗਾ : ਅਰੋੜਾ
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਵਿਜੀਲੈਂਸ ਨੂੰ ਆਪਣੀ ਚੱਲ ਤੇ ਅਚੱਲ ਜਾਇਦਾਦ ਸਬੰਧੀ ਦਸਤਾਵੇਜ਼ ਦੇ ਦਿੱਤੇ ਹਨ। ਕੋਈ ਵੀ ਜਾਂਚ ਏਜੰਸੀ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਏਗੀ ਤਾਂ ਉਹ ਹਰ ਜਾਂਚ ਵਿਚ ਸ਼ਾਮਲ ਹੋਣਗੇ ਅਤੇ ਪੂਰਾ ਸਹਿਯੋਗ ਕਰਨਗੇ।

RELATED ARTICLES
POPULAR POSTS