ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਦਾ ਕਹਿਣਾ ਹੈ ਕਿ ਕੋਵਿਡ-19 ਦੇ ਪਸਾਰ ਕਾਰਨ ਬੰਦ ਹੋਣ ਦੀ ਕਗਾਰ ਉੱਤੇ ਪਹੁੰਚੇ ਕਈ ਚੋਣਵੇਂ ਸਕੂਲਾਂ ਵਿੱਚ ਰੈਪਿਡ ਐਂਟੀਜਨ ਟੈਸਟ ਕਰਵਾਏ ਜਾਣਗੇ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਹਫਤਿਆਂ ਵਿੱਚ ਹਾਸਲ ਡਾਟਾ ਦੇ ਮੁਲਾਂਕਣ ਤੋਂ ਬਾਅਦ ਗੈਰ ਵੈਕਸੀਨੇਟਿਡ ਏਸਿੰਪਟੋਮੈਟਿਕ ਵਿਦਿਆਰਥੀਆਂ ਬਾਰੇ ਉਨ੍ਹਾਂ ਦੀ ਰਾਇ ਬਦਲ ਗਈ।
ਅਗਲੇ ਹਫਤੇ ਤੋਂ ਸ਼ੁਰੂ ਕਰਕੇ ਲੋਕਲ ਪਬਲਿਕ ਹੈਲਥ ਯੂਨਿਟਸ ਉਨ੍ਹਾਂ ਸਕੂਲਾਂ ਨੂੰ ਰੈਪਿਡ ਐਂਟੀਜਨ ਟੈਸਟ ਕਿੱਟ ਮੁਹੱਈਆ ਕਰਾਵੇਗੀ ਜਿਹੜੇ ਹਾਈ ਰਿਸਕ ਹਨ। ਇਹ ਉਹ ਸਕੂਲ ਹੋਣਗੇ ਜਿੱਥੇ ਕੋਈ ਕੇਸ ਨਿਕਲੇ ਹੋਣਗੇ, ਆਊਟਬ੍ਰੇਕ ਹੋਇਆ ਹੋਵੇਗਾ ਜਾਂ ਜਿੱਥੇ ਨੇੜਲੀ ਕਮਿਊਨਿਟੀ ਵਿੱਚ ਕੋਵਿਡ-19 ਦੇ ਮਾਮਲੇ ਪਾਏ ਗਏ ਹੋਣਗੇ ਜਾਂ ਫਿਰ ਉਕਤ ਤਿੰਨੇ ਗੱਲਾਂ ਹੋਣਗੀਆਂ। ਇਹ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਕੁੱਝ ਮਾਪਿਆਂ ਦੇ ਗਰੁੱਪਜ਼ ਨੇ ਰੈਪਿਡ ਟੈਸਟ ਕਿੱਟਸ ਦੀ ਵਰਤੋਂ ਕਰਦਿਆਂ ਹੋਇਆਂ ਆਪਣੇ ਪੱਧਰ ਉੱਤੇ ਹੀ ਸਕੂਲਾਂ ਲਈ ਸਰਵੇਲੈਂਸ ਟੈਸਟਿੰਗ ਦਾ ਪ੍ਰਬੰਧ ਕਰ ਲਿਆ। ਇਸ ਤੋਂ ਬਾਅਦ ਹੀ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਕੀਰਨ ਮੂਰ ਵੱਲੋਂ ਇਹ ਐਲਾਨ ਕੀਤਾ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫੋਰਡ ਸਰਕਾਰ ਨੇ ਦੋ ਏਜੰਸੀਆਂ ਨੂੰ ਇਹ ਕਿੱਟਾਂ ਹਰ ਕਿਸੇ ਨੂੰ ਨਹੀਂ ਸਿਰਫ ਕਾਰੋਬਾਰਾਂ ਨੂੰ ਹੀ ਦੇਣ ਲਈ ਆਖਿਆ ਸੀ। ਮੂਰ ਕਈ ਵਾਰੀ ਇਹ ਆਖ ਚੁੱਕੇ ਹਨ ਕਿ ਸਕੂਲਾਂ ਵਿੱਚ ਏਸਿੰਪਟੋਮੈਟਿਕ ਸਰਵੇਲੈਂਸ ਟੈਸਟਿੰਗ ਦੀ ਸਿਫਾਰਿਸ਼ ਨਹੀਂ ਕੀਤੀ ਗਈ ਤੇ ਨਾ ਹੀ ਇਹ ਕੋਈ ਪ੍ਰਭਾਵਸ਼ਾਲੀ ਟੂਲ ਹੈ।