ਕਈ ਨਾਮਵਰ-ਕਵੀਆਂ ਨੇ ਕੀਤੀ ਸ਼ਮੂਲੀਅਤ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਸਾਵਣ ਮਹੀਨੇ ਨੂੰ ਯਾਦ ਕਰਦਿਆਂ ਬੀਤੇ ਐਤਵਾਰ 17 ਜੁਲਾਈ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਤਿੰਨ ਭਾਸ਼ਾਵਾਂ ਉਰਦੂ, ਹਿੰਦੀ ਤੇ ਪੰਜਾਬੀ ਦੇ ਕਵੀਆਂ ਨੂੰ ਇੱਕ ਮੰਚ ‘ਤੇ ਇਕੱਠਿਆਂ ਪੇਸ਼ ਕਰਦਿਆਂ ਸਾਂਝਾ ਕਵੀ-ਦਰਬਾਰ ਕਰਵਾਇਆ ਗਿਆ।
ਇਸ ਕਵੀ-ਦਰਬਾਰ ਦੀ ਮੁੱਖ-ਵਿਸ਼ੇਸ਼ਤਾ ਸੀ ਕਿ ਇਸ ਵਿੱਚ ਦੋਹਾਂ ਪੰਜਾਬਾਂ, ਪੂਰਬੀ (ਭਾਰਤੀ) ਅਤੇ ਪੱਛਮੀ (ਪਾਕਿਸਤਾਨ) ਦੇ ਕਵੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਨਿਸ਼ਚਿਤ ਜਗ੍ਹਾ 2250 ਬੋਵੇਰਡ ਡਰਾਈਵ (ਈਸਟ) ‘ਤੇ ਨਿਸ਼ਚਿਤ ਸਮੇਂ ਸ਼ੁਰੂ ਹੋਏ ਕਵੀ-ਦਰਬਾਰ ਦੇ ਪ੍ਰਧਾਨਗੀ-ਮੰਡਲ ਵਿੱਚ ਲਾਹੌਰ ਤੋਂ ਪ੍ਰੋ. ਆਸ਼ਿਕ ਰਹੀਲ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਉੱਪਰ ਬਹੁਤ ਵਧੀਆ ਕੰਮ ਕੀਤਾ ਹੈ, ਹਿੰਦੀ ਦੀ ਕਵਿੱਤਰੀ ਕਵਿਤਾ ਗੁਪਤਾ ਅਤੇ ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਸੁਸ਼ੋਭਿਤ ਸਨ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਸਭਾ ਦੇ ਸੀਨੀਅਰ-ਮੈਂਬਰ ਕਰਨ ਅਜਾਇਬ ਸਿੰਘ ਸੰਘਾ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਬੜੇ ਭਾਵ-ਪੂਰਤ ਸ਼ਬਦਾਂ ਵਿੱਚ ਆਏ ਹੋਏ ਮਹਿਮਾਨਾਂ ਨੂੰ ‘ਜੀ-ਆਇਆਂ’ ਕਿਹਾ।
ਉਪਰੰਤ, ਦੂਸਰੀ ਮੰਚ-ਸੰਚਾਲਕ ਸੁਰਜੀਤ ਕੌਰ ਵੱਲੋਂ ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ ਦੇ ਕੁਝ ਬੰਦਾਂ ਨਾਲ ਕਵੀ-ਦਰਬਾਰ ਦੀ ਵਿਧੀ-ਵੱਤ ਸ਼ੁਰੂਆਤ ਕੀਤੀ ਗਈ ਅਤੇ ਤਿੰਨਾਂ ਭਾਸ਼ਾਵਾਂ ਦੇ ਕਵੀਆਂ ਨੂੰ ਵਾਰੋ-ਵਾਰੀ ਮੰਚ ‘ਤੇ ਆਉਣ ਦੀ ਦਾਅਵਤ ਦਿੱਤੀ ਗਈ। ਬਹੁਤ ਸਾਰੇ ਕਵੀਆਂ ਵੱਲੋਂ ਸਾਵਣ ਮਹੀਨੇ ਦੀ ਖ਼ੂਬਸੂਰਤੀ ਅਤੇ ਇਸ ਵਿੱਚ ਪਏ ਵਿਛੋੜੇ ਨਾਲ ਸਬੰਧਿਤ ਕਵਿਤਾਵਾਂ ਸੁਣਾਈਆਂ ਗਈਆਂ, ਜਦ ਕਿ ਕਈਆਂ ਦੇ ਵਿਸ਼ੇ ਮਾਂ, ਭੈਣ ਤੇ ਧੀ ਦੇ ਪਿਆਰ, ਜੀਵਨ ਵਿੱਚ ਦੁੱਖ, ਸੁੱਖ, ਦਰਦ, ਵਿਛੋੜੇ, ਤਨਹਾਈ ਆਦਿ ਨਾਲ ਜੁੜੇ ਹੋਏ ਸਨ। ਕਵਿਤਾਵਾਂ ਦੇ ਨਾਲ-ਨਾਲ ਕਵੀ-ਦਰਬਾਰ ਦੌਰਾਨ ਗਾਇਕੀ ਦਾ ਦੌਰ ਵੀ ਚੱਲਦਾ ਰਿਹਾ ਜਿਸ ਵਿੱਚ ‘ਪੰਜਾਬੀ-ਰੰਗਮੰਚ ਦੇ ਸ਼ਾਹਕਾਰ’ ਭਾਜੀ ਗੁਰਸ਼ਰਨ ਸਿੰਘ ਨਾਲ ਦੋ ਦਹਾਕੇ ਤੋਂ ਵਧੀਕ ਜੁੜੀ ਰਹੀ ਸੰਗੀਤਕ-ਜੋੜੀ ਪਰਮਜੀਤ ਸਿੰਘ ਤੇ ਰੇਣੂ ਸਿੰਘ ਵੱਲੋਂ ਸੁਰਿੰਦਰ ਗਿੱਲ ਦਾ ਗੀਤ ‘ਛੱਟਾ ਚਾਨਣਾਂ ਦਾ ਦੇਈ ਜਾਣਾ’ ਅਤੇ ਇਕਬਾਲ ਬਰਾੜ, ਪਰਮਜੀਤ ਢਿੱਲੋਂ, ਸੁਖਵਿੰਦਰ ਘੁਮਾਣ, ਰਿੰਟੂ ਭਾਟੀਆ ਤੇ ਅਰਵਿੰਦਰ ਕੌਰ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਗਾਏ ਗਏ ਗੀਤ ਹਾਜ਼ਰੀਨ ਦਾ ਮਨ ਮੋਂਹਦੇ ਰਹੇ। ਜਿੱਥੇ ਹਿੰਦੀ ਕਵੀ-ਕਵਿੱਤਰੀਆਂ ਵਿੱਚ ਨਿਰਮਲ ਸਿੱਧੂ, ਪੰਕਜ ਸ਼ਰਮਾ, ਕੈਲਾਸ਼ ਮਹੰਤ, ਕਵਿਤਾ ਗੁਪਤਾ, ਮੀਨਾ ਚੌਪੜਾ ਆਦਿ ਸ਼ਾਮਲ ਸਨ, ਉੱਥੇ ਉਰਦੂ ਵਿੱਚ ਪ੍ਰੋ. ਆਸ਼ਿਕ ਰਹੀਲ, ਮੁਹੰਮਦ ਅਜ਼ਹਰ ਅਤੇ ਅਰੂਜ਼ ਰਾਜਪੂਤ ਨੇ ਬੜੀਆਂ ਉਮਦਾ ਨਜ਼ਮਾਂ ਤੇ ਗ਼ਜ਼ਲਾਂ ਨਾਲ ਆਪਣੀ ਖ਼ੂਬਸੂਰਤ ਹਾਜ਼ਰੀ ਲਵਾਈ। ਬਹੁ-ਗਿਣਤੀ ਵਿੱਚ ਹਾਜ਼ਰ ਸ਼ਾਮਲ ਪੰਜਾਬੀ ਕਵੀਆਂ ਸ਼ਮੀਲ ਜਸਵੀਰ, ਸੁਖਮਿੰਦਰ ਰਾਮਪੁਰੀ, ਮਹਿੰਦਰਦੀਪ ਗਰੇਵਾਲ, ਬਲਰਾਜ ਧਾਲੀਵਾਲ, ਪ੍ਰੋ. ਅਤੈ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਪ੍ਰਗਟ ਸਿੰਘ ਬੱਗਾ, ਕਰਨ ਅਜਾਇਬ ਸਿੰਘ ਸੰਘਾ, ਜਰਨੈਲ ਸਿੰਘ ਮੱਲ੍ਹੀ, ਭੁਪਿੰਦਰ ਦੁਲੇ, ਹਰਜੀਤ ਬੇਦੀ, ਡਾ. ਸੁਖਦੇਵ ਸਿੰਘ ਝੰਡ, ਪ੍ਰਿੰ. ਗਿਆਨ ਸਿੰਘ ਘਈ, ਪ੍ਰਿੰ. ਗੁਰਦੀਪ ਸਿੰਘ ਰੰਧਾਵਾ, ਸੁਰਿੰਦਰ ਸਿੰਘ ਪਾਮਾ, ਹਰਦਿਆਲ ਝੀਤਾ ਤੇ ਸੁੰਦਰਪਾਲ ਰਾਜਾਸਾਂਸੀ ਨੇ ਆਪਣੀਆਂ ਰਚਨਾਵਾਂ ਨਾਲ ਕਵੀ-ਦਰਬਾਰ ਵਿੱਚ ਵਧੀਆ ਹਾਜ਼ਰੀ ਲੁਆਈ। ਸਮੇਂ ਦੀ ਘਾਟ ਕਾਰਨ ਕਈ ਹੋਰਨਾਂ ਨੂੰ ਆਪਣੀਆਂ ਕਵਿਤਾਵਾਂ ਸੁਨਾਉਣ ਦਾ ਮੌਕਾ ਨਾ ਮਿਲ ਸਕਿਆ।
ਇਸ ਮੌਕੇ ਆਸਟ੍ਰੇਲੀਆ ਤੋਂ ਆਏ ‘ਹਰਮਨ ਰੇਡੀਓ’ ਦੇ ਹੋਸਟ ਮਿੰਟੂ ਬਰਾੜ ਨੇ ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਵਿਚਾਰ ਪੇਸ਼ ਕੀਤੇ ਅਤੇ ਆਪਣੀ ਪੁਸਤਕ ‘ਕੁੰਗਰੂਨਾਮਾ’ ਦੇ ਛਪ ਰਹੇ ਦੂਸਰੇ ਐਡੀਸ਼ਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਹਾਜ਼ਰੀਨ ਵਿੱਚ ਜੁਗਿੰਦਰ ਸਿੰਘ ਅਣਖੀਲਾ, ਗੁਰਜੀਤ ਸਿੰਘ, ‘ਪੰਜਾਬੀ ਟਿਬਿਊਨ’ ਤੋਂ ਪ੍ਰਤੀਕ ਸਿੰਘ, ‘ਅਜੀਤ ਜਲੰਧਰ’ ਤੋਂ ਹਰਜੀਤ ਬਾਜਵਾ, ‘ਪੰਜਾਬੀ ਆਵਾਜ਼’ ਤੋਂ ਗੁਰਦਿਆਲ ਸਿੰਘ ਬੱਲ, ਜੋਗਿੰਦਰ ਸਿੰਘ ਕਾਹਲੋਂ, ਸੁਰਿੰਦਰ ਸਿੰਘ ਸੰਧੂ, ਨਿਰਮਲ ਸਿੰਘ ਸੰਧੂ, ਨਛੱਤਰ ਸਿੰਘ ਬਦੇਸ਼ਾ, ਤਰਲੋਕ ਸਿੰਘ ਪੱਡਾ, ਅਵਤਾਰ ਸਿੰਘ ਸਮਰਾ, ਸਰਬਜੀਤ ਕਾਹਲੋਂ ਅਤੇ ਕਈ ਹੋਰ ਹਾਜ਼ਰ ਸਨ।
ਅਖ਼ੀਰ ਵਿੱਚ ਸਭਾ ਦੇ ਚੇਅਰਮੈਨ ਬਲਰਾਜ ਚੀਮਾ ਨੇ ਸਮੂਹ-ਹਾਜ਼ਰੀਨ ਦਾ ਧੰਨਵਾਦ ਕਰਦਿਆਂ ਹੋਇਆਂ ਅਜਿਹੇ ਸਾਂਝੇ-ਸਮਾਗ਼ਮਾਂ ਦੇ ਦੂਰ-ਰਸ ਪ੍ਰਭਾਵਾਂ ਅਤੇ ਉਸਾਰੂ-ਸਿੱਟਿਆਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਆਂ ਹਨ ਅਤੇ ਉਨ੍ਹਾਂ ਵਿੱਚਲੇ ਗਿਆਨ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੰਚ-ਸੰਚਾਲਨ ਦੀ ਜਿੰਮੇਵਾਰੀ ਦੋਹਾਂ ਸੰਚਾਲਕਾਂ ਵੱਲੋਂ ਸਾਂਝੇ ਤੌਰ ‘ਤੇ ਬਾਖ਼ੂਬੀ ਨਿਭਾਈ ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …