ਜਾਧਵ ਕੇਸ ਵਿਚ ਇੰਟਰਨੈਸ਼ਨਲ ਕੋਰਟ ਦਾ ਫੈਸਲਾ ਭਲਕੇ
ਨਵੀਂ ਦਿੱਲੀ/ਬਿਊਰੋ ਨਿਊਜ਼
18 ਸਾਲ ਬਾਅਦ ਭਾਰਤ ਅਤੇ ਪਾਕਿਸਤਾਨ ਇੰਟਰਨੈਸ਼ਨਲ ਕੋਰਟ ਵਿਚ ਆਹਮੋ ਸਾਹਮਣੇ ਹਨ। ਨੀਦਰਲੈਂਡ ਸਥਿਤ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੱਲੋਂ ਕੁਲਭੂਸ਼ਣ ਜਾਧਵ ਮਾਮਲੇ ਵਿਚ ਵੀਰਵਾਰ ਨੂੰ ਫੈਸਲਾ ਸੁਣਾਇਆ ਜਾਵੇਗਾ। ਇਹ ਫੈਸਲਾ ਹੀ ਤਹਿ ਕਰੇਗਾ ਕਿ ਜਾਧਵ ਦੀ ਫਾਂਸੀ ‘ਤੇ ਰੋਕ ਲੱਗਦੀ ਹੈ ਜਾਂ ਨਹੀਂ। ਲੰਘੇ ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਭਾਰਤ ਅਤੇ ਪਾਕਿਸਤਾਨ ਨੇ ਆਪਣੇ ਪੱਖ ਇੰਟਰਨੈਸ਼ਨਲ ਕੋਰਟ ਸਾਹਮਣੇ ਰੱਖ ਦਿੱਤੇ ਹਨ। ਭਾਰਤ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਸੁਣਵਾਈ ਦੇ ਦੌਰਾਨ ਵੀ ਪਾਕਿਸਤਾਨ ਜਾਧਵ ਨੂੰ ਫਾਂਸੀ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪਾਕਿਸਤਾਨ ਦੀ ਮਿਲਟਰੀ ਕੋਰਟ ਨੇ ਇੰਡੀਅਨ ਨੇਵੀ ਦੇ ਸਾਬਕਾ ਅਫਸਰ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਦੇ ਦੋਸ਼ ਮੜ੍ਹਦਿਆਂ ਫਾਂਸੀ ਦੀ ਸਜ਼ਾ ਸੁਣਾਈ ਸੀ। ਇਸ ਦੇ ਖਿਲਾਫ ਭਾਰਤ ਨੇ ਅਪੀਲ ਕੀਤੀ ਹੈ, ਜਿਸ ‘ਤੇ ਫੈਸਲਾ ਭਲਕੇ ਆਵੇਗਾ।

