Breaking News
Home / ਭਾਰਤ / ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ

ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ

ਪੱਤਰਕਾਰ ਛਤਰਪਤੀ ਹੱਤਿਆ ਦੇ ਮਾਮਲੇ ‘ਚ ਵੀ ਹੋ ਸਕਦੀ ਹੈ ਸਜ਼ਾ
ਪੰਚਕੂਲਾ : ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ਦੀ ਹਵਾ ਖਾ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਚੱਲ ਰਹੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਸੁਣਵਾਈ ਹੋਈ। ਇਸ ਮਾਮਲੇ ਵਿਚ ਦੋਵਾਂ ਪੱਖਾਂ ਵਿਚ ਆਖਰੀ ਬਹਿਸ ਖ਼ਤਮ ਹੋ ਚੁੱਕੀ ਹੈ ਤੇ 11 ਜਨਵਰੀ ਨੂੰ ਇਸ ਮਾਮਲੇ ‘ਚ ਫ਼ੈਸਲਾ ਆ ਸਕਦਾ ਹੈ। 16 ਸਾਲ ਪਹਿਲਾਂ ਹੋਈ ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਫ਼ੈਸਲਾ ਆਉਣ ‘ਤੇ ਰਾਮ ਰਹੀਮ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਰਾਮ ਰਹੀਮ ਦੇ ਕਾਲੇ ਕਾਰਨਾਮਿਆਂ ਦਾ ਖੁਲਾਸਾ ਕਰਨ ਵਾਲੇ ਸਿਰਸਾ ਦੇ ‘ਪੂਰਾ ਸੱਚ’ ਅਖ਼ਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਹੁਣ ਨਤੀਜੇ ‘ਤੇ ਪਹੁੰਚਣ ਦੇ ਨੇੜੇ ਹੈ। ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਇਕ ਤਾਕਤਵਰ ਦੁਸ਼ਮਣ ਖ਼ਿਲਾਫ਼ ਇਨਸਾਫ ਦੀ ਲੜਾਈ ਲੜੀ ਹੈ ਤੇ ਉਮੀਦ ਹੈ ਕਿ 16 ਸਾਲ ਬਾਅਦ ਹੁਣ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਜ਼ਿਕਰਯੋਗ ਹੈ ਕਿ 24 ਅਕਤੂਬਰ, 2002 ਨੂੰ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਗਿਆ ਸੀ। 21 ਨਵੰਬਰ, 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਰਾਮਚੰਦਰ ਛਤਰਪਤੀ ਜ਼ਿੰਦਗੀ ਦੀ ਲੜਾਈ ਹਾਰ ਗਏ। ਉਨ੍ਹਾਂ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਹਾਰ ਨਹੀਂ ਮੰਨੀ ਤੇ ਮਾਮਲੇ ਦੀ ਸੀ. ਬੀ. ਆਈ.ਜਾਂਚ ਦੀ ਮੰਗ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅਰਜ਼ੀ ਦਾਖ਼ਲ ਕੀਤੀ। ਨਵੰਬਰ 2003 ਵਿਚ ਹਾਈ ਕੋਰਟ ਦੇ ਹੁਕਮਾਂ ‘ਤੇ ਸੀ.ਬੀ. ਆਈ.ਨੇ ਐਫ. ਆਈ.ਆਰ. ਦਰਜ ਕੀਤੀ ਤੇ ਮਾਮਲੇ ਦੀ ਜਾਂਚ ਸ਼ੁਰੂ ਹੋਈ। ਹਾਲਾਂਕਿ 2004 ਵਿਚ ਡੇਰਾ ਸੱਚਾ ਸੌਦਾ ਨੇ ਇਹ ਜਾਂਚ ਰੁਕਵਾਉਣ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਦਿੱਤੀ ਸੀ, ਪਰ ਸੁਪਰੀਮ ਕੋਰਟ ਨੇ ਡੇਰੇ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਕਰੀਬ 15 ਸਾਲ ਇਸ ਮਾਮਲੇ ਦੀ ਸੁਣਵਾਈ ਸੀ. ਬੀ. ਆਈ. ਅਦਾਲਤ ਵਿਚ ਚੱਲੀ ਤੇ ਹੁਣ ਦੋਵਾਂ ਪੱਖਾਂ ਦੀ ਬਹਿਸ ਤੋਂ ਬਾਅਦ ਅਦਾਲਤ ਨਤੀਜੇ ਦੇ ਬਹੁਤ ਨੇੜੇ ਹੈ। ਇਹ ਉਹੀ ਅਦਾਲਤ ਹੈ, ਜਿਸ ਨੇ ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਸਜ਼ਾ ਸੁਣਾਈ ਸੀ।

Check Also

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਪਤੰਜਲੀ ਨੇ 67 ਅਖਬਾਰਾਂ ’ਚ ਛਪਵਾਇਆ ਮੁਆਫ਼ੀਨਾਮਾ

ਕੋਰਟ ਨੇ ਅਖ਼ਬਾਰਾਂ ਦੀ ਕਟਿੰਗ ਮੰਗੀ, ਮਾਮਲੇ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ ਨਵੀਂ ਦਿੱਲੀ/ਬਿਊਰੋ …