19.6 C
Toronto
Tuesday, September 23, 2025
spot_img
Homeਭਾਰਤਵੀਵੀਆਈਪੀ ਹੈਲੀਕਾਪਟਰ ਸੌਦਾ ਮਿਸ਼ੇਲ ਨੇ 'ਸੋਨੀਆ ਗਾਂਧੀ' ਦਾ ਨਾਮ ਲਿਆ

ਵੀਵੀਆਈਪੀ ਹੈਲੀਕਾਪਟਰ ਸੌਦਾ ਮਿਸ਼ੇਲ ਨੇ ‘ਸੋਨੀਆ ਗਾਂਧੀ’ ਦਾ ਨਾਮ ਲਿਆ

ਅਦਾਲਤ ਨੇ ਮਿਸ਼ੇਲ ਦੇ ਵਕੀਲਾਂ ਨਾਲ ਮੁਲਾਕਾਤ ਕਰਨ ‘ਤੇ ਲਗਾਈ ਪਾਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਕੇਸ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਾਅਵਾ ਕੀਤਾ ਕਿ ਵਿਚੋਲੇ ਕ੍ਰਿਸਟੀਅਨ ਮਿਸ਼ੇਲ ਨੇ ਹਿਰਾਸਤ ਦੌਰਾਨ 27 ਦਸੰਬਰ ਨੂੰ ਪੁੱਛ-ਗਿੱਛ ਸਮੇਂ ‘ਸੋਨੀਆ ਗਾਂਧੀ’ ਦਾ ਨਾਮ ਲਿਆ। ਮਿਸ਼ੇਲ ਦੇ ਰਿਮਾਂਡ ਵਿਚ ਵਾਧੇ ਦੀ ਅਰਜ਼ੀ ‘ਤੇ ਸੁਣਵਾਈ ਦੌਰਾਨ ਈਡੀ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ‘ਇਤਾਲਵੀ ਮਹਿਲਾ ਦੇ ਪੁੱਤਰ’ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਕਿਵੇਂ ਉਹ ਮੁਲਕ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹੈ। ਉਂਜ ਈਡੀ ਨੇ ਸਿੱਧੇ ਸਿੱਧੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦਾ ਨਾਮ ਨਹੀਂ ਲਿਆ ਹੈ। ਇਸ ਦੌਰਾਨ ਈਡੀ ਨੇ ਅਦਾਲਤ ਤੋਂ ਮੰਗ ਕੀਤੀ ਕਿ ਮਿਸ਼ੇਲ ਨੂੰ ਹਿਰਾਸਤ ਸਮੇਂ ਵਕੀਲਾਂ ਨਾਲ ਮਿਲਣ ਤੋਂ ਰੋਕਿਆ ਜਾਵੇ ਕਿਉਂਕਿ ਉਹ ਬਾਹਰੋਂ ਆਪਣੇ ਵਕੀਲਾਂ ਤੋਂ ਸਲਾਹ ਲੈ ਰਿਹਾ ਹੈ। ਇਸ ‘ਤੇ ਅਦਾਲਤ ਨੇ ਮਿਸ਼ੇਲ ਦੇ ਵਕੀਲਾਂ ਨਾਲ ਮੁਲਾਕਾਤ ਕਰਨ ‘ਤੇ ਪਾਬੰਦੀ ਲਗਾ ਦਿੱਤੀ। ਈਡੀ ਨੇ ਕਿਹਾ ਕਿ ਮੈਡੀਕਲ ਜਾਂਚ ਦੌਰਾਨ ਮੁਲਜ਼ਮ ਨੇ ਆਪਣੇ ਵਕੀਲ ਅਲਜੋ ਜੋਜ਼ਫ਼ ਨੂੰ ਇਕ ਕਾਗਜ਼ ਸੌਂਪਿਆ ਜਿਸ ‘ਤੇ ਈਡੀ ਦੇ ਅਧਿਕਾਰੀਆਂ ਦੀ ਨਜ਼ਰ ਪੈ ਗਈ। ਕਾਗਜ਼ ਦੀ ਜਾਂਚ ਕਰਨ ‘ਤੇ ਖ਼ੁਲਾਸਾ ਹੋਇਆ ਕਿ ‘ਸੋਨੀਆ ਗਾਂਧੀ’ ਬਾਰੇ ਸਵਾਲਾਂ ਨਾਲ ਕਿਵੇਂ ਨਜਿੱਠਣਾ ਹੈ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਸਬੂਤਾਂ ਨਾਲ ਛੇੜਛਾੜ ਜਾਂ ਬਚਾਉਣ ਦੀ ਸਾਜ਼ਿਸ਼ ਘੜੀ ਗਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਮੁਲਜ਼ਮ ਨੂੰ ਕਾਨੂੰਨੀ ਪਹੁੰਚ ਦੀ ਦਿੱਤੀ ਛੋਟ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਅਦਾਲਤ ਨੇ ਨਿਰਦੇਸ਼ ਦਿੱਤੇ ਕਿ ਬਚਾਅ ਪੱਖ ਦੇ ਤਿੰਨ ਵਕੀਲਾਂ ਵਿਚੋਂ ਇਕ-ਇਕ ਕਰਕੇ ਹੀ ਉਹ ਮਿਸ਼ੇਲ ਨੂੰ ਮਿਲ ਸਕਦੇ ਹਨ ਅਤੇ ਦਿਨ ‘ਚ ਸਵੇਰੇ 10 ਵਜੇ ਤੇ ਸ਼ਾਮ 5 ਵਜੇ ਹੀ 15 ਮਿੰਟਾਂ ਲਈ ਕਾਨੂੰਨੀ ਸਹਾਇਤਾ ਮਿਲ ਸਕਦੀ ਹੈ। ਵਕੇਸ਼ਨ ਜੱਜ ਚੰਦਰਸ਼ੇਖਰ ਨੇ ਮਿਸ਼ੇਲ ਦਾ ਈਡੀ ਕੋਲ ਰਿਮਾਂਡ ਸੱਤ ਦਿਨਾਂ ਲਈ ਵਧਾ ਦਿੱਤਾ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਰਜ਼ੀ ਵਿਚ ਕਿਹਾ ਕਿ ਸਾਜ਼ਿਸ਼ ਦੇ ਪਰਦਾਫ਼ਾਸ਼ ਅਤੇ ਉਸ ਦੇ ਸਾਥੀਆਂ ਦੀ ਸ਼ਨਾਖ਼ਤ ਲਈ ਮਿਸ਼ੇਲ ਦੀ ਹਿਰਾਸਤ ਵਿਚ ਵਾਧਾ ਕਰਨ ਦੀ ਲੋੜ ਹੈ।
ਕਾਂਗਰਸ ਦੇ ਅਹਿਮ ਪਰਿਵਾਰ ਦੀ ਸ਼ਮੂਲੀਅਤ ਸਾਹਮਣੇ ਆਈ: ਭਾਜਪਾ
ਨਵੀਂ ਦਿੱਲੀ: ਗਾਂਧੀ ਪਰਿਵਾਰ ‘ਤੇ ਤਿੱਖਾ ਹਮਲਾ ਕਰਦਿਆਂ ਭਾਜਪਾ ਨੇ ਦਾਅਵਾ ਕੀਤਾ ਕਿ ਮਿਸ਼ੇਲ ਵੱਲੋਂ ਲਿਆ ਗਿਆ ਨਾਮ ਸਿੱਧਾ ਕਾਂਗਰਸ ਦੇ ਅਹਿਮ ਪਰਿਵਾਰ ਵੱਲ ਸੰਕੇਤ ਕਰਦਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਪੀਏ ਸਰਕਾਰ ਵੇਲੇ ਵੀਵੀਆਈਪੀ ਹੈਲੀਕਾਪਟਰਾਂ ਦੇ ਸੌਦੇ ਵਿਚ ਕੀਤੇ ਗਏ ਭ੍ਰਿਸ਼ਟਾਚਾਰ ਦੀ ਜਾਂਚ ਨਾਲ ਸਚਾਈ ਸਾਹਮਣੇ ਆ ਰਹੀ ਹੈ।
ਸਰਕਾਰ ਵਿਸ਼ੇਸ਼ ਪਰਿਵਾਰ ਨੂੰ ਫਸਾਉਣ ਲਈ ਏਜੰਸੀਆਂ ਦੀ ਕਰ ਰਹੀ ਵਰਤੋਂ : ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਏਜੰਸੀਆਂ ਦੀ ਵਰਤੋਂ ਕਰਕੇ ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਕੇਸ ਵਿਚ ਗ੍ਰਿਫ਼ਤਾਰ ਵਿਚੋਲੇ ਕ੍ਰਿਸਟੀਅਨ ਮਿਸ਼ੇਲ ‘ਤੇ ਦਬਾਅ ਪਾ ਰਹੀ ਹੈ ਕਿ ਉਹ ਵਿਸ਼ੇਸ਼ ਪਰਿਵਾਰ ਦਾ ਨਾਮ ਲਏ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਹਨ ਅਤੇ ਭਾਜਪਾ ਕੋਲ ਉਠਾਉਣ ਲਈ ਕੋਈ ਅਸਲ ਮੁੱਦਾ ਨਹੀਂ ਬਚਿਆ ਹੈ। ਕਾਂਗਰਸ ਤਰਜਮਾਨ ਆਰ ਪੀ ਐਨ ਸਿੰਘ ਨੇ ਟੀਵੀ ਚੈਨਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਵੇਂ ਮਿਸ਼ੇਲ ‘ਤੇ ਪਰਿਵਾਰ ਦਾ ਨਾਮ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਮਿਸ਼ੇਲ ਵੱਲੋਂ ‘ਇਤਾਲਵੀ ਮਹਿਲਾ ਦੇ ਪੁੱਤਰ’ ਦੇ ਜ਼ਿਕਰ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਦੇ ਕਹਾਣੀ ਲਿਖਣ ਵਾਲੇ ਦੋਸ਼ ਮੜਨ ਲਈ ਪੂਰੀ ਮਿਹਨਤ ਕਰ ਰਹੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਜਿਸ ਨੇ ਸਭ ਤੋਂ ਵੱਡੀ ‘ਚੋਰੀ’ ਕੀਤੀ, ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾ ਸਕਦਾ। ਉਸ ਦਾ ਸਿੱਧਾ ਇਸ਼ਾਰਾ ਰਾਫ਼ਾਲ ਜੈੱਟ ਸੌਦੇ ਵੱਲ ਸੀ।

RELATED ARTICLES
POPULAR POSTS