
ਕਾਂਗਰਸੀ ਕਾਰਕੁੰਨਾਂ ਨੇ ਕੰਗਣਾ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਫਿਲਮੀ ਅਦਾਕਾਰਾ ਕੰਗਣਾ ਰਾਣੌਤ ਨੂੰੂ ਆਪਣੇ ਹਲਕੇ ਵਿਚ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਗਣਾ ਹੁਣ ਜਦੋਂ ਆਪਣੇ ਹਲਕੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਹੁੰਚੀ ਤਾਂ ਕਾਂਗਰਸੀ ਕਾਰਕੁੰਨਾਂ ਨੇ ਉਸਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਅਤੇ ‘ਵਾਪਸ ਜਾਓ’ ਦੇ ਨਾਅਰੇ ਵੀ ਲਗਾਏ। ਮੀਡੀਆ ਨੇ ਜਦੋਂ ਕੰਗਣਾ ਨੂੰ ਆਪਣੇ ਹਲਕੇ ਵਿਚ ਲਗਾਤਾਰ ਗੈਰਹਾਜ਼ਰੀ ਬਾਰੇ ਪੁੱਛਿਆ ਤਾਂ ਫਿਲਮੀ ਅਦਾਕਾਰਾ ਨੇ ਕਿਹਾ ਕਿ ਮੈਂ ਵੀ ਇਕ ਸਿੰਗਲ ਔਰਤ ਹਾਂ, ਇਸ ਲਈ ਮੈਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਨਾ ਬਣਾਓ। ਉਨ੍ਹਾਂ ਕਿਹਾ ਕਿ ਮੈਂ ਵੀ ਇਸ ਆਫਤ ਨਾਲ ਪ੍ਰਭਾਵਿਤ ਹੋਈ ਹਾਂ। ਕੰਗਣਾ ਨੇ ਕਿਹਾ ਕਿ ਮੇਰੇ ਕੋਲ ਇੱਥੇ ਇਕ ਰੈਸਟੋਰੈਂਟ ਹੈ, ਜਿੱਥੇ ਵਿਕਰੀ ਸਿਰਫ 50 ਰੁਪਏ ਪ੍ਰਤੀ ਦਿਨ ਹੈ, ਜਦੋਂ ਕਿ ਮੈਂ ਸਟਾਫ ਨੂੰ 15 ਲੱਖ ਰੁਪਏ ਮਹੀਨਾਵਾਰ ਤਨਖਾਹ ਦਿੰਦੀ ਹਾਂ। ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਕੰਗਣਾ ਦੀ ਇਸ ਟਿੱਪਣੀ ਦੀ ਤਿੱਖੀ ਆਲੋਚਨਾ ਵੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਕੰਗਣਾ ਪਹਿਲਾਂ ਵੀ ਆਪਣੀਆਂ ਵਿਵਾਦਤ ਟਿੱਪਣੀਆਂ ਕਰਕੇ ਆਲੋਚਨਾ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ।

