ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਕ੍ਰਿਕਟ ਵਿਚ ਵਾਪਸੀ ਕਰਨ ਜਾ ਰਹੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਇਸ ਸਬੰਧੀ ਜਾਣਕਾਰੀ ਮੀਡੀਆ ਤੋਂ ਮਿਲੀ ਹੈ ਅਤੇ ਨਵਜੋਤ ਸਿੱਧੂ ਨੇ ਇਸ ਸਬੰਧੀ ਟਵੀਟ ਨੂੰ ਸ਼ੇਅਰ ਵੀ ਕੀਤਾ ਹੈ। ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਹੋਰਾਂ ਨੂੰ ਮਿਲਣ ਲਈ ਚੰਡੀਗੜ੍ਹ ਪਹੰੁਚੇ ਸਨ। ਇਸ ਦੌਰਾਨ ਨਵਜੋਤ ਸਿੱਧੂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਇਸ ਵਾਰ ਲੋਕ ਸਭਾ ਦੀ ਚੋਣ ਨਹੀਂ ਲੜਨਗੇ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਸੀ ਕਿ ਕ੍ਰਿਕਟ ਦੀ ਕੁਮੈਂਟਰੀ ਛੱਡਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਫਾਈਨੈਂਸੀਅਲ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਮੁਸ਼ਕਲ ਸਮੇਂ ਵਿਚ ਕਿਰਦਾਰ ਦੀ ਪਹਿਚਾਣ ਹੁੰਦੀ ਹੈ। ਧਿਆਨ ਰਹੇ ਕਿ ਕ੍ਰਿਕਟ ਦੇ ਇਕ ਚੰਗੇ ਖਿਡਾਰੀ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਸਰਕਾਰ ਵਿਚ ਮੰਤਰੀ ਬਣ ਗਏ ਸਨ ਤਾਂ ਉਨ੍ਹਾਂ ਨੇ ਕ੍ਰਿਕਟ ਦੀ ਕੁਮੈਂਟਰੀ ਕਰਨੀ ਛੱਡ ਦਿੱਤੀ ਸੀ। ਜ਼ਿਕਰਯੋਗ ਹੈ ਕਿ ਆਈ.ਪੀ.ਐਲ. ਦੇ ਮੈਚ ਆਉਂਦੀ 22 ਮਾਰਚ ਨੂੰ ਸ਼ੁਰੂ ਹੋ ਰਹੇ ਹਨ।