ਸੁਖਬੀਰ ਬਾਦਲ ਬੋਲੇ : ਐਸਜੀਪੀਸੀ ’ਚ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਠੀਕ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼ : ਸੁਪਰੀਮ ਕੋਰਟ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਲਏ ਗਏ ਫੈਸਲੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਪ੍ਰਗਟਾਇਆ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਜੋ ਫੈਸਲਾ ਲਿਆ ਹੈ, ਉਸ ਦੀ ਕਾਪੀ ਹਾਲੇ ਤੱਕ ਸਾਡੇ ਕੋਲ ਨਹੀਂ ਪੁੱਜੀ। ਧਾਮੀ ਨੇ ਕਿਹਾ ਕਿ ਕਾਪੀ ਪ੍ਰਾਪਤ ਹੁੰਦਿਆਂ ਹੀ ਅਸੀਂ ਇਸ ਫੈਸਲੇ ਖਿਲਾਫ਼ ਸੁਪਰੀਮ ਕੋਰਟ ’ਚ ਪੁਨਰ ਵਿਚਾਰ ਕਰਨ ਲਈ ਰਿਵਿਊ ਪਟੀਸ਼ਨ ਦਾਇਰ ਕਰਾਂਗੇ ਕਿਉਂਕਿ ਇਹ ਫੈਸਲਾ ਸਾਡੀਆਂ ਭਾਵਨਾਵਾਂ ਮੁਤਾਬਕ ਨਹੀਂ ਹੈ। ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਪਾਰਲੀਮੈਂਟ ਨੂੰ ਮਜ਼ਬੂਤ ਰੱਖਣ ਦਾ ਸੰਕਲਪ ਲੈਣ ਵਾਲੇ ਭਾਰਤੀ ਹੁਕਮਰਾਨਾਂ ਨੇ ਕੁਝ ਸਿੱਖ ਚਿਹਰਿਆਂ ਨੂੰ ਵਰਤ ਕੇ ਕਾਨੂੰਨ ਦੀ ਆੜ ਵਿਚ ਸਿੱਖ ਪਾਰਲੀਮੈਂਟ ਨੂੰ ਖੰਡਿਤ ਕਰ ਦਿੱਤਾ ਹੈ, ਜਿਸ ਦਾ ਅਹਿਸਾਸ ਸਾਨੂੰ ਕਾਫ਼ੀ ਸਮੇਂ ਸਮੇਂ ਬਾਅਦ ਹੋਵੇਗਾ। ਉਨ੍ਹਾਂ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਸਿੱਧੀ ਦਖਲਅੰਦਾਜ਼ੀ ਦੱਸਿਆ। ਉਧਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਵੀ ਕਦੇ ਸ਼ੋ੍ਰਮਣੀ ਕਮੇਟੀ ਦੇ ਮਾਮਲੇ ਵਿਚ ਕਦੇ ਦਖਲਅੰਦਾਜ਼ੀ ਨਹੀਂ ਕੀਤੀ ਸੀ ਸੁਖਬੀਰ ਬਾਦਲ ਨੇ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਦੀ ਸ਼ਹਿ ’ਤੇ ਐਸਜੀਪੀਸੀ ’ਚ ਕੀਤੀ ਜਾ ਰਹੀ ਦਖਲਅੰਦਾਜ਼ੀ ਨੂੰ ਗਲਤ ਦੱਸਿਆ।