Breaking News
Home / ਪੰਜਾਬ / ਮਹਾਮਾਰੀ ਨਾਲ ਨਜਿੱਠਣ ਲਈ ਨਿੱਜੀ ਹਸਪਤਾਲਾਂ ਨੂੰ ਜਵਾਬਦੇਹ ਬਣਾਉਣ ਦੀ ਲੋੜ

ਮਹਾਮਾਰੀ ਨਾਲ ਨਜਿੱਠਣ ਲਈ ਨਿੱਜੀ ਹਸਪਤਾਲਾਂ ਨੂੰ ਜਵਾਬਦੇਹ ਬਣਾਉਣ ਦੀ ਲੋੜ

ਪੰਜਾਬ ਵਿਚ ਕਰੋਨਾਵਾਇਰਸ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮੈਡੀਕਲ ਤੇ ਪੈਰਾ ਮੈਡੀਕਲ ਅਮਲਾ ਆਪਣੇ ਸੀਮਤ ਸਾਧਨ ਨਾਲ ਮਨੁੱਖਤਾ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਸੰਕਟ ਦੀ ਘੜੀ ਵਿਚ ਤਨਦੇਹੀ ਨਾਲ ਮਨੁੱਖਤਾ ਦੀ ਸੇਵਾ ਕਰਨ ਵਾਲੇ ਕਈ ‘ਹੀਰੋ’ ਉਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਸਰਕਾਰੀ ਹਸਪਤਾਲਾਂ ਵਿਚ ਕੰਮ ਕਰਦੇ ਜੂਨੀਅਰ ਰੈਜ਼ੀਡੈਂਟ ਡਾਕਟਰ, ਘੱਟ ਤਨਖਾਹ ‘ਤੇ ਕੰਮ ਕਰ ਰਹੀਆਂ ਨਰਸਾਂ ਅਤੇ ਪੈਰਾ ਮੈਡੀਕਲ ਅਮਲਾ ਸ਼ਾਮਲ ਹੈ। ਇਹ ਸਾਰਾ ਡਾਕਟਰੀ ਅਮਲਾ ਸੀਮਤ ਸਾਧਨਾਂ ਦੇ ਬਾਵਜੂਦ ਇਸ ਲਾਇਲਾਜ ਬਿਮਾਰੀ ਨਾਲ ਲੜ ਰਿਹਾ ਹੈ। ਇਸ ਬਿਮਾਰੀ ਦੀ ਲਾਗ ਭਾਵੇਂ ਕਿਸੇ ਨੂੰ ਵੀ ਲੱਗ ਸਕਦੀ ਹੈ ਪਰ ਇਸ ਦੀ ਜਕੜ ਵਿਚ ਵਧੇਰੇ ਵਡੇਰੀ ਉਮਰ ਦੇ ਵਿਅਕਤੀ ਆ ਰਹੇ ਹਨ, ਜਿਸ ਕਾਰਨ ਸੀਨੀਅਰ ਡਾਕਟਰੀ ਅਮਲਾ ਪਿੱਛੇ ਹੈ। ਇਸ ਤੋਂ ਇਲਾਵਾ ਨਿੱਜੀ ਹਸਪਤਾਲ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਰਹੇ ਹਨ।
ਇਥੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਗੁਰੂ ਨਾਨਕ ਦੇਵ ਹਸਪਤਾਲ ਵਿਚ ਕਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਵਾਸਤੇ ਇਕ ਵਾਰਡ ਅਤੇ ਸ਼ੱਕੀ ਮਰੀਜ਼ਾਂ ਵਾਸਤੇ ਤਿੰਨ ਵਾਰਡ ਸਥਾਪਿਤ ਕੀਤੇ ਗਏ ਹਨ। ਮਰੀਜ਼ਾਂ ਦੀ ਦੇਖ-ਰੇਖ ਅਤੇ ਇਲਾਜ ਲਈ ਅਮਲੇ ਦੀਆਂ ਡਿਊਟੀਆਂ ਦੇ ਬਣਾਏ ਰੋਸਟਰ ਵਿਚ ਜੂਨੀਅਰ ਰੈਜ਼ੀਡੈਂਟ ਡਾਕਟਰ ਤੇ ਨਰਸਾਂ ਸਮੇਤ ਪੈਰਾ ਮੈਡੀਕਲ ਅਮਲੇ ਦੀਆਂ ਹੀ ਤਿੰਨ ਸ਼ਿਫਟਾਂ ਵਿਚ ਡਿਊਟੀਆਂ ਲਾਈਆਂ ਗਈਆਂ ਹਨ। ਇਨ੍ਹਾਂ ਤਿੰਨ ਸ਼ਿਫਟਾਂ ਵਿਚ ਸਵੇਰ ਵੇਲੇ ਦੀਆਂ ਦੋ ਸ਼ਿਫਟਾਂ 6-6 ਘੰਟੇ ਦੀਆਂ ਹਨ ਅਤੇ ਰਾਤ ਦੀ ਸ਼ਿਫਟ 12 ਘੰਟੇ ਦੀ ਹੈ। ਇਕ ਵਾਰਡ ਵਿਚ ਤਿੰਨ ਸ਼ਿਫਟਾਂ ਵਾਸਤੇ ਤਿੰਨ ਜੂਨੀਅਰ ਰੈਜ਼ੀਡੈਂਟ ਡਾਕਟਰ, 11-12 ਨਰਸਾਂ ਅਤੇ 5-6 ਦਰਜਾ ਚਾਰ ਕਰਮਚਾਰੀਆਂ ਸਮੇਤ ਲਗਪਗ 20 ਵਿਅਕਤੀਆਂ ਦੀ ਟੀਮ ਕੰਮ ਕਰ ਰਹੀ ਹੈ। ਇੰਝ ਇਥੇ ਫਿਲਹਾਲ 4 ਵਾਰਡਾਂ ਵਾਸਤੇ 80 ਵਿਅਕਤੀਆਂ ਦਾ ਅਮਲਾ ਕੰਮ ਕਰ ਰਿਹਾ ਹੈ। ਸੀਨੀਅਰ ਰੈਜ਼ੀਡੈਂਟ ਡਾਕਟਰਾਂ ਨੂੰ ਲੋੜ ਪੈਣ ‘ਤੇ ਹੀ ਸੱਦਿਆ ਜਾਂਦਾ ਹੈ ਅਤੇ ਬਾਕੀ ਸੀਨੀਅਰ ਡਾਕਟਰ ਸਿਰਫ ਮਰੀਜ਼ਾਂ ਨੂੰ ਦੇਖਣ ਲਈ ਗੇੜਾ ਲਾਉਣ ਆ ਰਹੇ ਹਨ। ਇਸ ਡਿਊਟੀ ਦੌਰਾਨ ਸਾਰੇ ਅਮਲੇ ਨੇ ਕਰੋਨਾ ਪੀੜਤ ਮਰੀਜ਼ਾਂ ਦੇ ਵਾਰਡ ਵਿਚ ਹੀ ਰਹਿਣਾ ਹੈ। ਜਿਸ ਅਮਲੇ ਦੀ ਇਥੇ ਡਿਊਟੀ ਲੱਗੀ ਹੈ, ਉਨ੍ਹਾਂ ‘ਚੋਂ ਕਈ ਤਾਂ ਆਪਣੇ ਘਰ ਵੀ ਨਹੀਂ ਗਏ, ਤਾਂ ਜੋ ਕਿਤੇ ਉਨ੍ਹਾਂ ਰਾਹੀਂ ਇਸ ਬਿਮਾਰੀ ਦੀ ਲਾਗ ਉਨ੍ਹਾਂ ਦੇ ਘਰਾਂ ਤੱਕ ਨਾ ਪੁੱਜ ਜਾਵੇ। ਇਥੇ ਹਸਪਤਾਲ ਵਿਚ ਸਾਰਾ ਅਮਲਾ ਲੋੜੀਂਦੇ ਸਾਮਾਨ ਦੀ ਥੁੜ ਨਾਲ ਜੂਝ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਇਹ ਵਾਰਡ ਤਾਂ ਸਥਾਪਿਤ ਕਰ ਦਿੱਤੇ ਗਏ ਪਰ ਸਰਕਾਰ ਵੱਲੋਂ ਅਮਲੇ ਲਈ ਲੋੜੀਂਦੀਆਂ ਪੀਪੀਈ ਕਿੱਟਾਂ, ਐੱਨ-95 ਮਾਸਕ, ਦਸਤਾਨੇ ਆਦਿ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਅਮਲੇ ਨੂੰ ਰੋਸ ਮੁਜ਼ਾਹਰੇ ਵੀ ਕਰਨੇ ਪਏ ਹਨ। ਇਨ੍ਹਾਂ ਮੁਜ਼ਾਹਿਰਆਂ ਮਗਰੋਂ ਕੁਝ ਸਮਾਜਸੇਵੀ ਜਥੇਬੰਦੀਆਂ ਇਹ ਸਾਮਾਨ ਮੁਹੱਈਆ ਕਰਵਾਉਣ ਲਈ ਅੱਗੇ ਆਈਆਂ ਹਨ। ਮਿਲੇ ਵੇਰਵਿਆਂ ਮੁਤਾਬਕ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਪੀਪੀਈ ਕਿੱਟਾਂ ‘ਚੋਂ ਲਗਪਗ 350 ਕਿੱਟਾਂ ਬਾਕੀ ਹਨ। ਸਰਕਾਰ ਵੱਲੋਂ ਦੋ ਵਾਰ 400-400 ਕਿੱਟਾਂ ਭੇਜੀਆਂ ਗਈਆਂ ਸਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਐੱਮਪੀ ਲੈਡ ਫੰਡ ‘ਚੋਂ ਦਿੱਤੇ ਇਕ ਕਰੋੜ ਰੁਪਏ ਨਾਲ ਲਗਪਗ 4,500 ਕਿੱਟਾਂ ਦਾ ਆਰਡਰ ਦਿੱਤਾ ਹੋਇਆ ਹੈ। ਬੀਤੇ ਦਿਨ ਹੀ 2 ਹਜ਼ਾਰ ਕਿੱਟਾਂ ਹੋਰ ਪੁੱਜ ਗਈਆਂ ਹਨ ਅਤੇ 1,500 ਕਿੱਟਾਂ ਹੋਰ ਪੁੱਜਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਵਧੇਰੇ ਐੱਨ-95 ਮਾਸਕ ਦੀ ਮੰਗ ਕਾਰਨ 1,200 ਅਜਿਹੇ ਮਾਸਕ ਵੱਖਰੇ ਤੌਰ ‘ਤੇ ਮੰਗਵਾਏ ਗਏ ਹਨ। ਇਸ ਕੰਮ ਲਈ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ 25 ਲੱਖ ਰੁਪਏ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਵੇਲੇ ਰੋਜ਼ਾਨਾ ਲਗਪਗ 70 ਤੋਂ 80 ਪੀਪੀਈ ਕਿੱਟਾਂ ਦੀ ਵਰਤੋਂ ਹੋ ਰਹੀ ਹੈ। ਇਸ ਵੇਲੇ 15 ਤੋਂ 20 ਦਿਨਾਂ ਵਾਸਤੇ ਇਹ ਅਤਿ ਲੋੜੀਂਦੀਆਂ ਕਿੱਟਾਂ ਦਾ ਕੋਟਾ ਬਾਕੀ ਹੈ । ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹੋਰ ਕਿੱਟਾਂ ਭੇਜਣ ਦੀ ਸੰਭਾਵਨਾ ਹੈ। ਮੌਜੂਦਾ ਸਥਿਤੀ ਵਿਚ ਹਸਪਤਾਲ ਪ੍ਰਸ਼ਾਸਨ ਕੋਲ ਲਗਪਗ 30 ਵੈਂਟੀਲੇਟਰ ਚਾਲੂ ਹਾਲਤ ਵਿਚ ਹਨ ਅਤੇ 15 ਹੋਰ ਵੈਂਟੀਲੇਟਰ ਚਾਲੂ ਕੀਤੇ ਜਾ ਸਕਦੇ ਹਨ। ਕਰੋਨਾ ਮਹਾਮਾਰੀ ਸੰਕਟ ਸਮੇਂ ਇਸ ਵੇਲੇ ਲਗਪਗ ਸਰਕਾਰੀ ਹਸਪਤਾਲ ਹੀ ਕੰਮ ਕਰ ਰਹੇ ਹਨ। ਵਧੇਰੇ ਨਿੱਜੀ ਹਸਪਤਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਰਹੇ ਹਨ। ਸ਼ਹਿਰ ਵਿਚ ਇਸ ਵੇਲੇ ਜਦੋਂ ਲੋਕਾਂ ਨੂੰ ਓਪੀਡੀ ਸਹੂਲਤਾਂ ਦੀ ਲੋੜ ਹੈ ਤਾਂ ਇਹ ਨਿੱਜੀ ਹਸਪਤਾਲਾਂ ਨੇ ਲਾਗ ਫੈਲਣ ਦੇ ਡਰ ਕਾਰਨ ਓਪੀਡੀ ਸਹੂਲਤ ਬੰਦ ਕਰ ਦਿੱਤੀ ਹੈ। ਇਸ ਵੇਲੇ ਸ਼ਹਿਰ ਵਿਚ ਕੁਝ ਹਸਪਤਾਲ, ਜਿੱਥੇ ਟਰੌਮਾ ਸਹੂਲਤ ਮੌਜੂਦ ਹੈ, ਕੰਮ ਕਰ ਰਹੇ ਹਨ। ਆਮ ਬਿਮਾਰੀਆਂ ਬੁਖਾਰ, ਸ਼ੂਗਰ, ਹਾਈਪਰਟੈਂਸ਼ਨ, ਬਲੱਡ ਪ੍ਰੈਸ਼ਰ ਆਦਿ ਦੇ ਇਲਾਜ ਲਈ ਲੋਕਾਂ ਨੂੰ ਕੋਈ ਡਾਕਟਰੀ ਸਹੂਲਤ ਨਹੀਂ ਮਿਲ ਰਹੀ। ਲੋਕ ਵਧੇਰੇ ਕੈਮਿਸਟਾਂ ‘ਤੇ ਹੀ ਨਿਰਭਰ ਹਨ।
ਮੌਜੂਦਾ ਪ੍ਰਸਥਿਤੀਆਂ ਮੁਤਾਬਕ ਇਹ ਸਥਿਤੀ ਲੰਮਾ ਸਮਾਂ ਚੱਲਣ ਦੀ ਸੰਭਾਵਨਾ ਹੈ ਅਤੇ ਅਜੋਕੀ ਸਥਿਤੀ ਵਿਚ ਨਿੱਜੀ ਹਸਪਤਾਲਾਂ ਨੂੰ ਜਵਾਬਦੇਹ ਬਣਾਉਣ ਅਤੇ ਸੀਨੀਅਰ ਡਾਕਟਰੀ ਅਮਲੇ ਨੂੰ ਵੀ ਮਾਨਸਿਕ ਤੌਰ ‘ਤੇ ਤਿਆਰ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਇਸ ਬਿਮਾਰੀ ਨਾਲ ਲੜਨ ਲਈ ਅਤਿ ਲੋੜੀਂਦਾ ਸਾਮਾਨ ਵੀ ਸਮੇਂ-ਸਮੇਂ ‘ਤੇ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।

Check Also

ਪੰਜਾਬ ਤੇ ਚੰਡੀਗੜ੍ਹ ਦੇ ਸੰਸਦ ਮੈਂਬਰਾਂ ਨੇ ਮਾਂ ਬੋਲੀ ਪੰਜਾਬੀ ’ਚ ਚੁੱਕੀ ਸਹੁੰ

ਦੀਪਕ ਸ਼ਰਮਾ ਚਨਾਰਥਲ ਨੇ 14 ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਮਾਂ ਬੋਲੀ ’ਚ ਸਹੁੰ ਚੁੱਕਣ …