ਇਸ ਸਟਿੰਗ ਨੇ ਛੋਟੇਪੁਰ ਨੂੰ ਅਹੁਦੇ ਤੋਂ ਲਾਂਭੇ ਕਰਵਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਜਿਸ ਸਟਿੰਗ ਨੇ ਅਹੁਦੇ ਤੋਂ ਵੱਖ ਕਰਵਾਇਆ ਹੈ, ਉਹ ਮਾਨਸਾ ਦੇ ਰਹਿਣ ਵਾਲੇ ਵਕੀਲ ਗੁਰਲਾਭ ਸਿੰਘ ਮਾਹਲ ਵੱਲੋਂ ਕਥਿਤ ਤੌਰ ਉੱਤੇ ਕੀਤਾ ਗਿਆ ਸੀ। ਗੁਰਲਾਭ ਸਿੰਘ ਮਾਹਲ ਆਮ ਆਦਮੀ ਪਾਰਟੀ ਨੂੰ ਮਾਨਸਾ ਵਿੱਚ ਸਥਾਪਤ ਕਰਨ ਵਾਲੇ ਪ੍ਰਮੁੱਖ ਵਲੰਟੀਅਰਾਂ ਵਿੱਚੋਂ ਇੱਕ ਹੈ। ਗੁਰਲਾਭ ਸਿੰਘ ਮਾਹਲ ਦਾ ਪਿਛੋਕੜ ਕਾਂਗਰਸ ਪਾਰਟੀ ਨਾਲ ਜੁੜਿਆ ਰਿਹਾ ਹੈ। ਉਹ ਕਾਂਗਰਸ ਦੇ ਸਰਦੂਲਗੜ੍ਹ ਤੋਂ ਵਿਧਾਇਕ ਅਜੀਤ ਇੰਦਰ ਮੋਫਰ ਦਾ ਕਰੀਬੀ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਵਿੱਚ ਸ਼ਾਮਲ ਹੋ ਗਿਆ ਸੀ।ਮਾਹਲ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ, ਸਾਹਨੇਵਾਲ ਤੋਂ ਉਮੀਦਵਾਰ ਹਰਜੋਤ ਸਿੰਘ ਬੈਂਸ ਤੇ ਮੁਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦਾ ਨਜ਼ਦੀਕੀ ਹੈ। ਹਿੰਮਤ ਸਿੰਘ ਸ਼ੇਰਗਿੱਲ ਨੇ ਹੀ ਉਸ ਨੂੰ ‘ਆਪ’ ਦੇ ਲੀਗਲ ਸੈੱਲ ਟੀਮ ਦਾ ਬਠਿੰਡਾ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਹੋਇਆ ਹੈ। ਗੁਰਲਾਭ ਮਾਹਲ ਨੇ ਦੁਰਗੇਸ਼ ਪਾਠਕ ਤੇ ਬਠਿੰਡਾ ਦੇ ਅਬਜ਼ਰਵਰ ਰੋਮੀ ਭਾਟੀ ਨੂੰ ਟਿਕਟਾਂ ਬਦਲੇ ਸੌਦਾ ਕਰਨ ਦਾ ਸਟਿੰਗ ਜਨਤਕ ਕਰਨ ਦੀ ਧਮਕੀ ਦਿੱਤੀ। ਇਸ ਪੂਰੇ ਮਾਮਲੇ ਉੱਤੇ ਪਾਰਟੀ ਪੂਰੀ ਤਰ੍ਹਾਂ ਚੁੱਪ ਰਹੀ। ਛੋਟੇਪੁਰ ਦਾ ਸਟਿੰਗ ਵਿਵਾਦ ਸਾਹਮਣੇ ਆਉਣ ਤੋਂ ਬਾਅਦ ‘ਆਪ’ ਦੀ ਮਾਨਸਾ ਇਕਾਈ ਪੂਰੀ ਤਰ੍ਹਾਂ ਚੁੱਪ ਹੈ।

