Breaking News
Home / ਪੰਜਾਬ / ਸ੍ਰੀ ਦਰਬਾਰ ਸਾਹਿਬ ਵਿਚ ਅਖੰਡ ਪਾਠ ਸਾਹਿਬ ਲਈ 8 ਸਾਲ ਦਾ ਇੰਤਜ਼ਾਰ ਵੀ ਘੱਟ ਨਹੀਂ ਕਰ ਸਕਦਾ ਸ਼ਰਧਾਲੂਆਂ ਦੀ ਸ਼ਰਧਾ ਨੂੰ

ਸ੍ਰੀ ਦਰਬਾਰ ਸਾਹਿਬ ਵਿਚ ਅਖੰਡ ਪਾਠ ਸਾਹਿਬ ਲਈ 8 ਸਾਲ ਦਾ ਇੰਤਜ਼ਾਰ ਵੀ ਘੱਟ ਨਹੀਂ ਕਰ ਸਕਦਾ ਸ਼ਰਧਾਲੂਆਂ ਦੀ ਸ਼ਰਧਾ ਨੂੰ

ਜਿਸ ਨੇ ਅੱਜ ਬੁਕਿੰਗ ਕਰਵਾਈ ਹੈ, ਉਸ ਦਾ ਨੰਬਰ 2026 ‘ਚ ਆਏਗਾ, ਦੁੱਖ ਭੰਜਨੀ ਬੇਰੀ ਦੇ ਗੁਰਦੁਆਰਾ ਸਾਹਿਬ ‘ਚ ਪਾਠ ਲਈ ਵੇਟਿੰਗ ਸਭ ਤੋਂ ਲੰਬੀ
ਅੰਮ੍ਰਿਤਸਰ : ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ‘ਚ ਇਕ ਪਾਸੇ ਜਿੱਥੇ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਰੋਜ਼ਾਨਾ ਮੱਥਾ ਟੇਕਣ ਲਈ ਪਹੁੰਚਦੇ ਹਨ। ਇਥੇ ਅਖੰਡ ਪਾਠ ਕਰਵਾਉਣ ਦੇ ਇੱਛੁਕ ਵੀ ਹਜ਼ਾਰਾਂ ਦੀ ਗਿਣਤੀ ‘ਚ ਹਨ। ਅਖੰਡ ਪਾਠ ਦੀ ਮੁਰਾਦ ਨੂੰ ਪੂਰੀ ਕਰਨ ਦੇ ਲਈ ਸ਼ਰਧਾਲੂਆਂ ਨੂੰ ਦੋ ਤੋਂ ਅੱਠ ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਪ੍ਰੰਤੂ ਇਹ ਉਨ੍ਹਾਂ ਇੰਤਜ਼ਾਰ ਉਨ੍ਹਾਂ ਦੀ ਸ਼ਰਧਾ ਨੂੰ ਘੱਟ ਨਹੀਂ ਹੋਣ ਦਿੰਦਾ। ਸ੍ਰੀ ਦਰਬਾਰ ਸਾਹਿਬ ਪਰਿਸਰ ਦਾ ਹਰ ਕੋਨਾ ਸੰਗਤ ਦੇ ਲਈ ਪਵਿੱਤਰ ਹੈ ਪ੍ਰੰਤੂ ਫਿਰ ਵੀ ਕੁਝ ਲੋਕ ਕੁਝ ਖਾਸ ਥਾਂ ‘ਤੇ ਹੀ ਪਾਠ ਕਰਵਾਉਣਾ ਚਾਹੁੰਦੇ ਹਨ। ਇਸ ‘ਚ ਸ੍ਰੀ ਅਕਾਲ ਤਖ਼ਤ ਸਾਹਿਬ, ਹਰਿ ਕੀ ਪੌੜੀ, ਦੁੱਖ ਭੰਜਨੀ ਬੇਰੀ, ਗੁਰਦੁਆਰਾ ਲਾਚੀ ਬੇਰੀ, ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਆਦਿ ਥਾਵਾਂ ਸ਼ਾਮਲ ਹਨ।
ਆਪਣੀ ਵਾਰੀ ਦੇ ਇੰਤਜ਼ਾਰ ‘ਚ ਜੱਜ ਤੇ ਲੈਫਟੀਨੈਂਟ ਵੀ
ਸ੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਦੇ ਮੁਤਾਬਕ ਹਾਈਕੋਰਟ ਦੀ ਜੱਜ ਗਗਨਦੀਪ ਕੌਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਬੁੱਕ ਕਰਵਾਉਣ ਤੋਂ ਬਾਅਦ ਕਾਫ਼ੀ ਇੰਤਜ਼ਾਰ ਕਰਨਾ ਪੈਂਦਾ ਹੈ। 28 ਅਗਸਤ 2018 ਨੂੰ ਉਨ੍ਹਾਂ ਦੀ ਵਾਰੀ ਆ ਰਹੀ ਹੈ। ਇਸ ਤਰ੍ਹਾਂ ਸੈਨਾ ‘ਚ ਲੈਫਟੀਨੈਂਟ ਸੁਮੀਤ ਕੌਰ ਨੂੰ ਵੀ ਪਾਠ ਕਰਵਾਉਣ ਦੇ ਲਈ ਦੋ ਸਾਲ ਦਾ ਇੰਤਜ਼ਾਰ ਕਰਨਾ ਪਿਆ, 2017 ‘ਚ ਉਨ੍ਹਾਂ ਨੇ ਬੁਕਿੰਗ ਕਰਵਾਈ ਸੀ, ਉਨ੍ਹਾਂ ਦੀ ਵਾਰੀ 4 ਜੂਨ 2019 ਨੂੰ ਹੈ। ਜਸਟਿਸ ਮਹਿੰਦਰ ਸਿੰਘ ਸੂਲਰ ਦੀ ਵਾਰੀ 22 ਜਨਵਰੀ 2020 ਨੂੰ ਆ ਰਹੀ ਹੈ। ਐਸਜੀਪੀਸੀ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਨੇ ਬੁਕਿੰਗ 2017 ‘ਚ ਕਰਵਾਈ ਸੀ ਅਤੇ ਵਾਰੀ27 ਜੁਲਾਈ 2018 ਨੂੰ ਆ ਰਹੀ ਹੈ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਸ੍ਰੀ ਅਖੰਡ ਪਾਠ ਕਰਵਾਉਣ ਦੇ ਲਈ ਬੁਕਿੰਗ ਕਰਵਾਉਣ ਵਾਲਿਆਂ ‘ਚ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਵੀ ਸ਼ਾਮਲ ਹੈ। ਲਗਭਗ 6 ਸਾਲ ਤੋਂ ਬਾਦਲ ਪਰਿਵਾਰ ਵੱਲੋਂ ਅਖੰਡ ਪਾਠਾਂ ਦੀ ਲੜੀ ਚਲ ਰਹੀ ਹੈ।
45 ਥਾਂ ਲਗਾਤਾਰ ਚੱਲ ਰਹੇ ਹਨ ਸ੍ਰੀ ਅਖੰਡ ਪਾਠ ਸਾਹਿਬ
ਸ੍ਰੀ ਦਰਬਾਰ ਸਾਹਿਬ ‘ਚ 45 ਥਾਵਾਂ ‘ਤੇ ਸ੍ਰੀ ਅਖੰਡ ਪਾਠ ਲਗਾਤਾਰ ਚਲਦੇ ਰਹਿੰਦੇ ਹਨ ਪ੍ਰੰਤੂ ਸ਼ਰਧਾਲੂਆਂ ਦੀ ਪਹਿਲੀ ਪਸੰਦ ਸੱਚਖੰਡ ਦੇ ਨਾਲ ਹੀ ਹਰਿ ਕੀ ਪੌੜੀ ਅਤੇ ਦੁੱਖ ਭੰਜਨੀ ਬੇਰੀ ਵਾਲੀ ਥਾਂ ‘ਤੇ ਪਾਠ ਕਰਵਾਉਣ ਹੁੰਦਾ ਹੈ, ਉਸਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਦੁਖ ਭੰਜਨੀ ਬੇਰੀ ਦੇ ਗੁਰਦੁਆਰਾ ਸਾਹਿਬ ‘ਚ ਹੀ ਕਰਵਾਇਆ ਜਾਵੇ, ਇਥੇ ਵੇਟਿੰਗ ਸੂਚੀ ਲੰਬੀ ਹੋਣ ‘ਤੇ ਹੀ ਕਿਸੇ ਹੋਰ ਜਗ੍ਹਾ ਪਾਠ ਕਰਵਾਇਆ ਜਾਵੇ। ਇਥੇ ਸ਼ਰਧਾਲੂਆਂ ਨੂੰ 8 ਸਾਲ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪਾਠ ਦੀ ਅੱਜ ਦੀ ਤਰੀਖ ‘ਚ ਬੁਕਿੰਗ ਕਰਵਾਉਣ ਵਾਲੇ ਸ਼ਰਧਾਲੂਆਂ ਦਾ ਨੰਬਰ 2026 ‘ਚ ਆਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਹਰਿ ਕੀ ਪੌੜੀ ‘ਤੇ ਪਾਠ ਸ਼ੁਰੂ ਕਰਵਾਉਣ ਵਾਲਿਆਂ ਨੂੰ 2023 ਤੱਕ ਇੰਤਜ਼ਾਰ ਕਰਨਾ ਪਵੇਗਾ। ਵੇਟਿੰਗ ਲੰਬੀ ਹੋਣ ਕਾਰਨ ਪ੍ਰਬੰਧਕਾਂ ਨੇ ਅਜੇ ਇਸ ਜਗ੍ਹਾ ਬੁਕਿੰਗ ਬੰਦ ਕੀਤੀ ਹੋਈ ਹੈ।
ਇਸੇ ਤਰ੍ਹਾਂ ਗੁਰਦੁਆਰਾ ਲਾਚੀ ਬੇਰ ਸਾਹਿਬ ‘ਚ ਵੀ ਪਾਠ ਕਰਵਾਉਣ ਵਾਲਿਆਂ ਨੂੰ 6 ਸਾਲ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਖੰਡ ਪਾਠ ਸਾਹਿਬ ਕਰਵਾਉਣ ਦੇ ਲਈ ਸ਼ਰਧਾਲੂਆਂ ਨੂੰ 2023 ਤੱਕ 5 ਸਾਲ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ‘ਚ 2020 ਤੱਕ ਬੁਕਿੰਗ ਚੱਲ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਦੁੱਖ ਭੰਜਨੀ ਬੇਰੀ, ਗੁਰਦੁਆਰਾ ਹਰਿ ਕੀ ਪੌੜੀ ‘ਚ ਪਾਠ ਕਰਵਾਉਣ ਦੇ ਲਈ ਵੇਟਿੰਗ ਲਿਸਟ ਬਹੁਤ ਲੰਬੀ ਹੋ ਚੁੱਕੀ ਹੈ, ਜਿਸ ਦੇ ਚਲਦੇ ਐਸਜੀਪੀਸੀ ਪ੍ਰਬੰਧਕਾਂ ਵੱਲੋਂ ਮਤਾ ਪਾਸ ਕਰਕੇ ਫੈਸਲਾ ਕੀਤਾ ਜਾ ਚੁੱਕਾ ਹੈ ਕਿ ਤਿੰਨ ਸਾਲ ਤੋਂ ਜ਼ਿਆਦਾ ਵੇਟਿੰਗ ਵਾਲੀ ਜਗ੍ਹਾ ਬੁਕਿੰਗ ਨਹੀਂ ਕੀਤੀ ਜਾਵੇਗੀ।
7500 ਰੁਪਏ ‘ਚ ਕਰਵਾ ਸਕਦੇ ਹੋ ਬੁਕਿੰਗ
ਸ੍ਰੀ ਦਰਬਾਰ ਸਾਹਿਬ ਦੇ ਮੈਨੇਜ ਜਸਵਿੰਦਰ ਸਿੰਘ ਦੀਨਪੁਰ ਦੇ ਮੁਤਾਬਕ ਮੌਜੂਦਾ ਸਮੇਂ ‘ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੇ ਸ਼ਰਧਾਲੂਆਂ ਤੋਂ 7500 ਰੁਪਏ ਲਏ ਜਾਂਦੇ ਨ, ਜਿਸ ‘ਚੋਂ ਪਾਠ ਕਰਨ ਵਾਲੇ ਪਾਠੀਆਂ ਨੂੰ ਭੇਟਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਰੁਮਾਲਾ, ਕੜ੍ਹਾਹ-ਪ੍ਰਸ਼ਾਦ ਅਤੇ ਕੀਰਨ ਕਰਨ ਵਾਲੇ ਰਾਗੀ ਜਥੇ ਦੇ ਵੀ ਭੇਟਾ ਸ਼ਾਮਲ ਹੈ। ਇਸ ਸਮੇਂ ਅਖੰਡ ਪਾਠ ਸਾਹਿਬ ਕਰਨ ਦੇ ਲਈ ਲਗਭਗ 800 ਪਾਠੀ ਸੇਵਾਵਾਂ ਦੇ ਰਹੇ ਹਨ। ਪਾਠ ਦੀ ਬੁਕਿੰਗ ਦੇ ਲਈ ਸ੍ਰੀ ਦਰਬਾਰ ਸਾਹਿਬ ਦੇ ਕੋਲ ਹੀ ਸਪੈਸ਼ਲ ਕਾਊਂਟਰ ਬਣਾਇਆ ਗਿਆ ਹੈ ਅਤੇ ਇਸ ਦਾ ਇੰਚਾਰਜ ਕੁਲਵੰਤ ਸਿੰਘ ਨੂੰ ਲਗਾਇਆ ਗਿਆ ਹੈ।
ਪਰਿਵਾਰ ਨਾ ਪਹੁੰਚ ਸਕੇ ਤਾਂ ਪ੍ਰਬੰਧਕ ਪਾਠ ਸੰਪੂਰਨ ਕਰਵਾਉਂਦੇ ਹਨ
ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਸਵੇਰੇ 10 ਵਜੇ ਹੁੰਦੀ ਹੈ ਅਤੇ ਤੀਜੇ ਦਿਨ ਸਵੇਰੇ 7 ਤੋਂ 8 ਵਜੇ ਭੋਗ ਪਾਏ ਜਾਂਦੇ ਹਨ। ਜੇਕਰ ਕਿਸੇ ਕਾਰਨ ਅਖੰਡ ਪਾਠ ਦੇ ਦੌਰਾਨ ਸ਼ਰਧਾਲੂ ਪਰਿਵਾਰ ਨਹੀਂ ਪਹੁੰਚ ਪਾਉਂਦਾ ਤਾਂ ਪ੍ਰਬੰਧਕ ਹੀ ਪਾਠ ਸੰਪੂਰਨ ਕਰਵਾਉਂਦੇ ਹਨ।

Check Also

ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡਾ ਪੁਲੀਸ ਤੇ ਪ੍ਰਸ਼ਾਸਨਿਕ ਫੇਰਬਦਲ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਕਰਕੇ ਸੂਬੇ ਵਿਚ ਚੋਣ ਜ਼ਾਬਤਾ ਲਾਗੂ ਹੋਣ …