Breaking News
Home / ਹਫ਼ਤਾਵਾਰੀ ਫੇਰੀ / ਰਾਜ ਸਭਾ ਦੇ 19 ਮੈਂਬਰ ਹਫਤੇ ਦੇ ਅਖੀਰ ਤੱਕ ਮੁਅੱਤਲ

ਰਾਜ ਸਭਾ ਦੇ 19 ਮੈਂਬਰ ਹਫਤੇ ਦੇ ਅਖੀਰ ਤੱਕ ਮੁਅੱਤਲ

ਸਦਨ ‘ਚ ਹੰਗਾਮਾ ਕਰਨ ਕਾਰਨ ਉਪ ਸਭਾਪਤੀ ਨੇ ਕੀਤੀ ਕਾਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਵਿਰੋਧੀ ਧਿਰ ਦੇ 19 ਮੈਂਬਰਾਂ ਨੂੰ ਸਦਨ ਦੀ ਕਾਰਵਾਈ ‘ਚ ਵਾਰ-ਵਾਰ ਅੜਿੱਕਾ ਪਾਉਣ ‘ਤੇ ਇਸ ਹਫਤੇ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕੀਤੇ ਜਾਣ ਖਿਲਾਫ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ। ਦੂਜੇ ਪਾਸੇ ਲੋਕ ਸਭਾ ‘ਚ ਵਿਰੋਧੀ ਧਿਰ ਨੇ ਮਹਿੰਗਾਈ ਤੇ ਜੀਐੱਸਟੀ ਲਾਗੂ ਕਰਨ ਦੇ ਮੁੱਦੇ ‘ਤੇ ਹੰਗਾਮਾ ਕੀਤਾ ਜਿਸ ਕਾਰਨ ਹੇਠਲੇ ਸਦਨ ਦੀ ਕਾਰਵਾਈ ਦਿਨ ਵਿੱਚ ਕਈ ਵਾਰ ਮੁਅੱਤਲ ਕਰਨੀ ਪਈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਰੋਧੀ ਧਿਰ ਦੇ ਸੰਸਦ ਮੈਂਬਰ 18 ਜੁਲਾਈ ਨੂੰ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਹੀ ਵਧਦੀ ਮਹਿੰਗਾਈ ਤੇ ਜ਼ਰੂਰੀ ਵਸਤਾਂ ‘ਤੇ ਜੀਐੱਸਅੀ ਵਧਾਉਣ ਦੇ ਮੁੱਦੇ ‘ਤੇ ਬਹਿਸ ਦੀ ਮੰਗ ਕਰ ਰਹੇ ਸਨ। ਡਿਪਟੀ ਸਪੀਕਰ ਹਰਿਵੰਸ਼ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਨਾ ਸੁਣਨ ‘ਤੇ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦੇ ਚਾਰ ਲੋਕ ਸਭਾ ਮੈਂਬਰ ਮਨੀਕਮ ਟੈਗੋਰ, ਟੀਐੱਨ ਪ੍ਰਤਾਪਨ, ਜੋਤੀਮਨੀ ਤੇ ਰਾਮਿਆ ਹਰੀਦਾਸ ਨੂੰ ਵੀ ਮੁਅੱਤਲ ਕੀਤਾ ਗਿਆ ਸੀ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਵੀ ਮੁਰਲੀਧਰ ਨੇ ਰਾਜ ਸਭਾ ‘ਚ 10 ਸੰਸਦ ਮੈਂਬਰਾਂ ਨੂੰ ਇਸ ਹਫ਼ਤੇ ਦੇ ਬਾਕੀ ਰਹਿੰਦੇ ਦਿਨਾਂ ਲਈ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਵਿਰੋਧੀ ਸੰਸਦ ਮੈਂਬਰਾਂ ‘ਤੇ ਬਦਸਲੂਕੀ ਕਰਨ ਅਤੇ ਸਦਨ ਤੇ ਸਦਨ ਦੇ ਮੁਖੀ ਪ੍ਰਤੀ ਸਨਮਾਨ ਨਾ ਦਿਖਾਉਣ ਦਾ ਦੋਸ਼ ਲਾਇਆ। ਡਿਪਟੀ ਚੇਅਰਮੈਨ ਨੇ ਮਤਾ ਵੋਟ ਲਈ ਪੇਸ਼ ਤਾਂ ਉਨ੍ਹਾਂ 19 ਮੈਂਬਰਾਂ ਦੇ ਨਾਂ ਪੜ੍ਹ ਕੇ ਸੁਣਾਏ। ਇਹ ਮਤਾ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਦੀ ਵੋਟਿੰਗ ਕਰਵਾਉਣ ਦੀ ਮੰਗ ਡਿਪਟੀ ਚੇਅਰਮੈਨ ਨੇ ਇਹ ਕਹਿ ਕੇ ਖਾਰਜ ਕਰ ਦਿੱਤੀ ਕਿ ਜਦੋਂ ਤੱਕ ਉਹ ਆਪਣੀਆਂ ਸੀਟਾਂ ‘ਤੇ ਵਾਪਸ ਨਹੀਂ ਜਾਂਦੇ ਤੇ ਸਦਨ ਦਾ ਹੁਕਮ ਨਹੀਂ ਮੰਨਦੇ, ਉਹ ਅਜਿਹਾ ਨਹੀਂ ਕਰਨਗੇ। ਹੰਗਾਮਾ ਨਾ ਰੁਕਦਾ ਦੇਖ ਕੇ ਉਨ੍ਹਾਂ ਸਦਨ ਦੀ ਕਾਰਵਾਈ ਲਈ 15 ਮਿੰਟ ਲਈ ਮੁਲਤਵੀ ਕਰ ਦਿੱਤੀ। ਸਦਨ ਦੀ ਮੀਟਿੰਗ 15 ਮਿੰਟ ਬਾਅਦ ਮੁੜ ਸ਼ੁਰੂ ਹੋਈ ਤਾਂ ਵੀ ਵਿਰੋਧੀ ਧਿਰ ਨੇ ਹੰਗਾਮਾ ਜਾਰੀ ਰੱਖਿਆ ਜਿਸ ਕਾਰਨ ਡਿਪਟੀ ਸਪੀਕਰ ਭੁਵਨੇਸ਼ਵਰ ਕਾਲਿਤਾ ਨੇ ਸਦਨ ਦੀ ਕਾਰਵਾਈ ਪਹਿਲਾਂ ਇੱਕ ਘੰਟੇ ਲਈ ਤੇ ਫਿਰ ਸਾਰੇ ਦਿਨ ਲਈ ਮੁਲਤਵੀ ਕਰ ਦਿੱਤੀ। ਰਾਜ ਸਭਾ ਦੇ ਜੋ ਮੈਂਬਰ ਮੁਅੱਤਲ ਕੀਤੇ ਗਏ ਹਨ ਉਨ੍ਹਾਂ ਵਿੱਚ ਸੱਤ ਟੀਐੱਮਸੀ, ਛੇ ਡੀਐੱਮਕੇ, ਤਿੰਨ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ), ਦੋ ਸੀਪੀਆਈ (ਐੱਮ) ਅਤੇ ਇੱਕ ਸੀਪੀਆਈ ਨਾਲ ਸਬੰਧਤ ਹੈ। ਟੀਐੱਮਸੀ ਦੇ ਸੁਸ਼ਮਿਤਾ ਦੇਵ, ਮੌਸਮ ਨੂਰ, ਸ਼ਾਂਤਾ ਛੇਤਰੀ,ਸ਼ਾਂਤਨੂੰ ਸੇਨ, ਡੋਲਾ ਸੇਨ, ਅਬੀਰ ਰੰਜਨ ਬਿਸਵਾਸ ਤੇ ਨਦੀਮੁਲ ਹੱਕ, ਡੀਐੱਮਕੇ ਦੇ ਐੱਮ ਮੁਹੰਮਦ ਅਬਦੁੱਲ੍ਹਾ, ਕਨੀਮੋੜੀ ਐੱਨਵੀਐੱਨ ਸੋਮੂ, ਐੱਮ ਸ਼ਨਮੁਗਮ, ਐੱਮਸ ਕਲਿਆਣਸੁੰਦਰਮ, ਆਰ ਗਿਰੀਰਾਜਨ ਤੇ ਐੱਨਆਰ ਐਲਾਂਗੋ, ਟੀਆਰਐੱਸ ਦੇ ਬੀ ਲਿੰਗਈਆ ਯਾਦਵ, ਰਵੀਚੰਦਰ ਵੱਡੀਰਾਜੂ ਤੇ ਦਾਮੋਦਰ ਰਾਓ ਦੀਵਾਕੋਂਡਾ, ਸੀਪੀਆਈ (ਐੱਮ) ਦੇ ਵੀ ਸ਼ਿਵਾਦਾਸਨ ਤੇ ਏਏ ਰਹੀਮ ਅਤੇ ਸੀਪੀਆਈ ਦੇ ਸੰਤੋਸ਼ ਕੁਮਾਰ ਸ਼ਾਮਲ ਹਨ। ਉਧਰ ਲੋਕ ਸਭਾ ‘ਚ ਵਿਰੋਧੀ ਧਿਰ ਨੇ ਮੈਂਬਰਾਂ ਨੇ ਵਧਦੀ ਮਹਿੰਗਾਈ ਤੇ ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਕੀਤੇ ਜਾਣ ਦੇ ਮੁੱਦੇ ‘ਤੇ ਹੰਗਾਮਾ ਕੀਤਾ।
‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਰਾਜ ਸਭਾ ਤੋਂ ਸਸਪੈਂਡ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਜ ਸਭਾ ‘ਚ ਸੰਸਦ ਮੈਂਬਰ ਸੰਜੇ ਸਿੰਘ ਨੂੰ ਅੱਜ ਰਾਜ ਸਭ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਜੇ ਸਿੰਘ ਸਦਨ ਅੰਦਰ ਗੁਜਰਾਤ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦਾ ਮੁੱਦਾ ਚੁੱਕ ਰਹੇ ਸਨ। ਇਸੇ ਦੌਰਾਨ ਉਨ੍ਹਾਂ ‘ਤੇ ਸਦਨ ‘ਚ ਨਾਅਰੇਬਾਜ਼ੀ ਕਰਨ, ਕਾਗਜ਼ ਫਾੜਨ ਅਤੇ ਡਿਪਟੀ ਚੇਅਰਮੈਨ ਹਰਿਵੰਸ਼ ਦੀ ਕੁਰਸੀ ਵੱਲ ਪੇਪਰ ਸੁੱਟਣ ਦਾ ਆਰੋਪ ਹੈ। ਜਿਸ ਦੇ ਚਲਦਿਆਂ ਸੰਜੇ ਸਿੰਘ ਨੂੰ ਸਦਨ ਤੋਂ ਇਕ ਹਫ਼ਤੇ ਲਈ ਸਸਪੈਂਡ ਕਰ ਦਿੱਤਾ ਗਿਆ। ਧਿਆਨ ਰਹੇ ਕਿ ਲੰਘੇ ਦਿਨੀਂ ਗੁਜਰਾਤ ਦੋ ਬੋਟਾਦ ਇਲਾਕੇ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 37 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦਕਿ 50 ਵਿਅਕਤੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਮੁਅੱਤਲ ਕਾਂਗਰਸ ਮੈਂਬਰਾਂ ਵੱਲੋਂ ਸੰਸਦੀ ਗਲਿਆਰੇ ‘ਚ ਮੁਜ਼ਾਹਰਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ‘ਚੋਂ ਮੁਅੱਤਲ ਕੀਤੇ ਗਏ ਚਾਰ ਸੰਸਦ ਮੈਂਬਰਾਂ ਨੇ ਆਪਣੀ ਮੁਅੱਤਲੀ ਖਿਲਾਫ ਸੰਸਦ ਦੇ ਗਲਿਆਰੇ ‘ਚ ਰੋਸ ਮੁਜ਼ਾਹਰਾ ਕੀਤਾ ਅਤੇ ਵਿਰੋਧੀ ਧਿਰ ਦੇ ਹੋਰ ਆਗੂਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।
ਮੁਅੱਤਲ ਸੰਸਦ ਮੈਂਬਰਾਂ ਮਨੀਕਮ ਟੈਗੋਰ, ਰਾਮਿਆ ਹਰੀਦਾਸ, ਟੀਐੱਨ ਪ੍ਰਤਾਪਨ ਤੇ ਐੱਸ ਜੋਤੀਮਨੀ ਨੇ ਸੰਸਦ ਵਿਚਲੇ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਰੋਸ ਮੁਜ਼ਾਹਰਾ ਕਰਦਿਆਂ ਆਰੋਪ ਲਾਇਆ ਕਿ ਉਨ੍ਹਾਂ ਨੂੰ ਮੁਅੱਤਲ ਕੀਤਾ ਜਾਣਾ ‘ਜਮਹੂਰੀਅਤ ਦਾ ਕਤਲ’ ਹੈ। ਐੱਨਸੀਪੀ, ਡੀਐੱਮਕੇ ਤੇ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਇਨ੍ਹਾਂ ਮੁਅੱਤਲ ਸੰਸਦ ਮੈਂਬਰਾਂ ਦਾ ਸਾਥ ਦਿੱਤਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …