ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੇ ਐਬਟਸਫੋਰਡ ਦੀ ਚੇਜ਼ ਸਟਰੀਟ ਵਿੱਚ ਅਣਪਛਾਤੇ ਹਮਲਾਵਰਾਂ ਨੇ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਬੁਲਾਰੇ ઠਸਾਰਜੈਂਟ ਜੂਡੀ ਬਰਡ ਅਨੁਸਾਰ ਇਹ ਹੱਤਿਆ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ। ਪੁਲਿਸ ਤੇ ਐਂਬੂਲੈਂਸ ਦੇ ਪਹੁੰਚਣ ਤੱਕ ਨੌਜਵਾਨ ਦਮ ਤੋੜ ਚੁੱਕਾ ਸੀ। ਪੁਲਿਸ ਨੇ ਅਜੇ ਤੱਕ ਮ੍ਰਿਤਕ ਦੀ ਪਛਾਣ ਜਾਰੀ ਨਹੀਂ ਕੀਤੀ ਪਰ ਸੂਤਰਾਂ ਅਨੁਸਾਰ ਜਸਕਰਨ ਸਿੰਘ ਲਾਲੀ (20) ਦੀ ਹੱਤਿਆ ਹੋਈ ਹੈ। ਜਸਕਰਨ ਦੇ ਭਰਾ ਅਵਤਾਰ ਸਿੰਘ ਲਾਲੀ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ।
’84 ਕਤਲੇਆਮ
ਕੋਰਟ ਦੇ ਹੁਕਮਾਂ ‘ਤੇ 31 ਸਾਲ ਬਾਅਦ ਮੁੜ ਖੁੱਲ੍ਹਣਗੀਆਂ 5 ਕੇਸਾਂ ਦੀਆਂ ਫਾਈਲਾਂ
ਸਾੜ ਕੇ ਸੁਆਹ ਕੀਤੇ ਘਰਾਂ ਦੇ ਪਤਿਆਂ ‘ਤੇ ਜਾਂਦੇ ਰਹੇ ਸੰਮਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੰਜ ਮਾਮਲਿਆਂ ਦੀਆਂ ਫਾਈਲਾਂ ਮੁੜ ਖੋਲ੍ਹਣ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਦੇ ਸਾਰੇ ਆਰੋਪੀ 31 ਸਾਲ ਪਹਿਲਾਂ 1986 ‘ਚ ਬਰੀ ਕੀਤੇ ਜਾ ਚੁੱਕੇ ਹਨ। ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਅਨੁ ਮਲਹੋਤਰਾ ਦੀ ਬੈਂਚ ਨੇ ਟ੍ਰਾਇਲ ਕੋਰਟ ਦਾ ਰਿਕਾਰਡ ਜਾਂਚਣ ਤੋਂ ਬਾਅਦ ਖੁਦ ਇਸ ਗੱਲ ਦਾ ਨੋਟਿਸ ਲੈਂਦੇ ਹੋਏ ਇਹ ਹੁਕਮ ਦਿੱਤਾ ਹੈ। ਬੈਂਚ ਨੇ ਟ੍ਰਾਇਲ ਕੋਰਟ ਦੇ ਸੁਣਵਾਈ ਦੇ ਤਰੀਕੇ ‘ਤੇ ਵੀ ਸਵਾਲ ਖੜ੍ਹੇ ਕੀਤੇ। ਰਿਕਾਰਡ ਦਿਖਾਉਂਦਾ ਹੈ ਕਿ ਟ੍ਰਾਇਲ ਕੋਰਟ ਨੇ ਨਾ ਤਾਂ ਗਵਾਹਾਂ ਅਤੇ ਨਾ ਹੀ ਸ਼ਿਕਾਇਤ ਕਰਨ ਵਾਲਿਆਂ ਦੀ ਸਹੀ ਢੰਗ ਨਾਲ ਸੁਣਵਾਈ ਕੀਤੀ। ਸ਼ਿਕਾਇਤ ਕਰਨ ਵਾਲੇ ਕਈ ਲੋਕਾਂ ਨੂੰ ਸੰਮਨ ਤੱਕ ਨਹੀਂ ਭੇਜੇ ਗਏ। ਜੇਕਰ ਭੇਜਿਆ ਵੀ ਤਾਂ ਉਨ੍ਹਾਂ ਘਰਾਂ ਦੇ ਪਤੇ ‘ਤੇ, ਜੋ ਕਤਲੇਆਮ ‘ਚ ਪੂਰੀ ਤਰ੍ਹਾਂ ਸੜ ਚੁੱਕੇ ਸਨ। ਹਾਈਕੋਰਟ ਨੇ ਕਿਹਾ ਕਿ ਟ੍ਰਾਇਲ ਕੋਰਟ ਨੇ ਫੈਸਲਾ ਜਲਦਬਾਜ਼ੀ ‘ਚ ਸੁਣਾਇਆ। ਟ੍ਰਾਇਲ ਕੋਰਟ ਦਾ ਰਿਕਾਰਡ ਸੀਬੀਆਈ ਨੇ ਇਕ ਹੋਰ ਕੇਸ ਦੀ ਸੁਣਵਾਈ ‘ਚ ਹਾਈਕੋਰਟ ਨੂੰ ਸੌਂਪਿਆ ਸੀ। ਇਸ ਕੇਸ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਆਰੋਪਾਂ ਤੋਂ ਮੁਕਤ ਕਰਨ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਦਿੱਲੀ ਪੁਲਿਸ ਅਤੇ ਸੀਬੀਆਈ ਨੂੰ ਇਨ੍ਹਾਂ ਮਾਮਲਿਆਂ ਦਾ ਰਿਕਾਰਡ ਜਾਂਚਣ ਲਈ ਹੁਕਮ ਦਿੱਤਾ ਸੀ ਪ੍ਰੰਤੂ ਜਦੋਂ ਰਿਕਾਰਡ ਨਹੀਂ ਮਿਲਿਆ ਤਾਂ ਹਾਈਕੋਰਟ ਨੇ ਫਿਰ ਜਾਂਚ ਦੇ ਲਈ ਕਿਹਾ। ਹਾਈ ਕੋਰਟ ਨੇ ਸੱਜਣ ਕੁਮਾਰ ਸਮੇਤ ਬਾਕੀ ਆਰੋਪੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਹਾਈ ਕੋਰਟ ਨੇ ਆਰੋਪੀਆਂ ਤੋਂ ਪੁੱਛਿਆ ਹੈ ਕਿ ਉਹ ਦੱਸਣ ਕਿ ਮਾਮਲੇ ‘ਚ ਦੁਬਾਰਾ ਜਾਂਚ ਕਿਉਂ ਨਾ ਸ਼ੁਰੂ ਕੀਤੀ ਜਾਵੇ। ਆਰੋਪੀਆਂ ਦੇ ਵਕੀਲਾਂ ਨੇ ਫਿਰ ਜਾਂਚ ਕਰਨ ਦਾ ਵਿਰੋਧ ਕੀਤਾ। ਤਰਕ ਸੀ ਕਿ ਹਾਈ ਕੋਰਟ ਮਾਮਲੇ ‘ਚ ਖੁਦ ਨੋਟਿਸ ਲੈ ਕੇ ਜਾਂਚ ਦੇ ਹੁਕਮ ਨਹੀਂ ਦੇ ਸਕਦੀ।
ਰਾਹਤ ਦੇਣ ਵਾਲਾ ਹੈ ਫੈਸਲਾ : ਫੈਸਲਾ ਸਿੱਖਾਂ ਨੂੰ ਰਾਹਤ ਦੇਣ ਵਾਲਾ ਹੈ। ਅਸੀਂ ਸੱਜਣ ਕੁਮਾਰ ਜਿਹੇ ਆਰੋਪੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਪੂਰੀ ਤਾਕਤ ਲਗਾਈ।
ਮਨਜੀਤ ਸਿੰਘ ਜੀਕੇ, ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੋਸ਼ੀਆਂ ਨੂੰ ਬਚਾਉਂਦੀ ਰਹੀ ਪੁਲਿਸ : ਕਾਂਗਰਸ ਅਤੇ ਪੁਲਿਸ 33 ਸਾਲ ਤੋਂ ਦੋਸ਼ੀਆਂ ਨੂੰ ਬਚਾਉਂਦੀ ਆ ਰਹੀ ਹੈ। ਫੈਸਲੇ ਨੇ ਇਨਸਾਨੀਅਤ ਨੂੰ ਉਮੀਦ ਦੀ ਨਵੀਂ ਕਿਰਨ ਦਿਖਾਈ ਹੈ।
ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਪੁਲਿਸ ਨਵੇਂ ਸਿਰੇ ਤੋਂ ਕਰੇਗੀ ਜਾਂਚ
ਸਾਰੇ ਆਰੋਪੀ 20 ਅਪ੍ਰੈਲ ਨੂੰ ਤਲਬ
ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਇਨ੍ਹਾਂ ਪੰਜ ਮਾਮਲਿਆਂ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਸਾਰੇ ਆਰੋਪੀਆਂ ਅਤੇ ਸ਼ਿਕਾਇਤ ਕਰਤਾਵਾਂ ਨੂੰ 20 ਅਪ੍ਰੈਲ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ ਹੈ। ਇਨ੍ਹਾਂ ਮਾਮਲਿਆਂ ਦੇ ਆਰੋਪੀਆਂ ‘ਚ ਐਮ ਸੀ ਬਲਵਾਲ ਖੋਖਰ, ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਵੇਦ ਪ੍ਰਕਾਸ਼ ਵੀ ਸ਼ਾਮਿਲ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …