Breaking News
Home / ਭਾਰਤ / ਲੱਦਾਖ ਸਰਹੱਦ ‘ਤੇ ਚੀਨੀ ਜਹਾਜ਼ਾਂ ਦੀ ਭੜਕਾਊ ਕਾਰਵਾਈ ਜਾਰੀ

ਲੱਦਾਖ ਸਰਹੱਦ ‘ਤੇ ਚੀਨੀ ਜਹਾਜ਼ਾਂ ਦੀ ਭੜਕਾਊ ਕਾਰਵਾਈ ਜਾਰੀ

ਤਿੰਨ-ਚਾਰ ਹਫ਼ਤਿਆਂ ਤੋਂ ਅਸਲ ਕੰਟਰੋਲ ਰੇਖਾ ਦੇ ਕਾਫੀ ਨੇੜੇ ਉਡਾਣ ਭਰ ਰਹੇ ਨੇ ਚੀਨੀ ਜਹਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਤੇ ਚੀਨ ਦਰਮਿਆਨ ਫ਼ੌਜੀ ਕਮਾਂਡਰ ਪੱਧਰ ਦੀ ਵਾਰਤਾ ਦੇ ਬਾਵਜੂਦ ਚੀਨ ਦੇ ਲੜਾਕੂ ਜਹਾਜ਼ ਪੂਰਬੀ ਲੱਦਾਖ ‘ਚ ਤਾਇਨਾਤ ਭਾਰਤੀ ਸੁਰੱਖਿਆ ਬਲਾਂ ਨੂੰ ਭੜਕਾਉਣ ਦਾ ਲਗਾਤਾਰ ਯਤਨ ਕਰ ਰਹੇ ਹਨ।
ਚੀਨ ਦੇ ਜਹਾਜ਼ ਪਿਛਲੇ ਤਿੰਨ-ਚਾਰ ਹਫ਼ਤਿਆਂ ਦੌਰਾਨ ਕਈ ਮੌਕਿਆਂ ‘ਤੇ ਅਸਲ ਕੰਟਰੋਲ ਰੇਖਾ ਦੇ ਬਿਲਕੁਲ ਨੇੜੇ ਉੱਡਦੇ ਦੇਖੇ ਗਏ ਹਨ। ਇਸ ਨੂੰ ਚੀਨ ਵੱਲੋਂ ਖੇਤਰ ਵਿਚ ਭਾਰਤੀ ਰੱਖਿਆ ਢਾਂਚੇ ਨੂੰ ਜਾਂਚਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।
ਇਕ ਸਰਕਾਰੀ ਸੂਤਰ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਹਰੇਕ ਸਥਿਤੀ ਦਾ ਜ਼ਿੰਮੇਵਾਰੀ ਨਾਲ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਖ਼ਤਰੇ ਨਾਲ ਨਜਿੱਠਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਸ ਤੋਂ ਇਲਾਵਾ ਇਹ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਮਾਮਲਾ ਕਾਬੂ ਤੋਂ ਬਾਹਰ ਨਾ ਹੋ ਜਾਵੇ। ਚੀਨ ਦੇ ਲੜਾਕੂ ਜਹਾਜ਼ ਜੇ-11 ਸਣੇ ਹੋਰ ਜਹਾਜ਼ਾਂ ਨੇ ਕੰਟਰੋਲ ਰੇਖਾ ਨੇੜੇ ਉਡਾਣ ਭਰੀ ਹੈ। ਭਰੋਸਾ ਬਣਾਏ ਰੱਖਣ ਲਈ ਜਿਹੜੀ ਦਸ ਕਿਲੋਮੀਟਰ ਲੰਮੀ ਲਾਈਨ (ਸੀਬੀਐਮ) ਤੈਅ ਕੀਤੀ ਗਈ ਹੈ, ਉਸ ਦੀ ਉਲੰਘਣਾ ਦੇ ਕਈ ਮਾਮਲੇ ਹਾਲ ਹੀ ਵਿਚ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਨੇ ਵੀ ਆਪਣੇ ਸਭ ਤੋਂ ਅਸਰਦਾਰ ਲੜਾਕੂ ਜਹਾਜ਼ਾਂ ਮਿੱਗ-29 ਤੇ ਮਿਰਾਜ 2000 ਨੂੰ ਐਲਏਸੀ ਨੇੜੇ ਤਾਇਨਾਤ ਕਰ ਦਿੱਤਾ ਹੈ ਜੋ ਕਿਸੇ ਵੀ ਚੀਨੀ ਕਾਰਵਾਈ ਦਾ ਇਹ ਮਿੰਟਾਂ ਵਿਚ ਜਵਾਬ ਦੇ ਸਕਦੇ ਹਨ। ਸੂਤਰਾਂ ਮੁਤਾਬਕ ਚੀਨ ਦੀ ਫ਼ੌਜ ਪੀਐਲਏ ਭਾਰਤ ਵੱਲੋਂ ਲੱਦਾਖ ਵਿਚ ਸਰਹੱਦ ਨੇੜੇ ਅਪਗ੍ਰੇਡ ਕੀਤੇ ਜਾ ਰਹੇ ਢਾਂਚੇ ਤੋਂ ਤਣਾਅ ਵਿਚ ਹੈ। ਨਵੇਂ ਉਸਾਰੇ ਜਾ ਰਹੇ ਢਾਂਚੇ ਨਾਲ ਭਾਰਤ ਚੀਨ ਦੇ ਕਬਜ਼ੇ ਵਾਲੇ ਖੇਤਰ ਵਿਚ ਕਾਫ਼ੀ ਅੰਦਰ ਤੱਕ ਨਿਗਰਾਨੀ ਰੱਖਣ ਦੇ ਸਮਰੱਥ ਹੋ ਜਾਵੇਗਾ। ਭਾਰਤੀ ਹਵਾਈ ਸੈਨਾ ਚੀਨੀ ਜਹਾਜ਼ਾਂ ਦੇ ਉਡਣ ਦੇ ਢੰਗਾਂ ਨੂੰ ਵੀ ਬਾਰੀਕੀ ਨਾਲ ਦੇਖ ਰਹੀ ਹੈ। ਇਹ ਕਈ ਵਾਰ ਜ਼ਮੀਨ ਨੇੜੇ ਤੇ ਕਈ ਵਾਰ ਉਚਾਈ ਉਤੇ ਉਡਾਣ ਭਰਦੇ ਦੇਖੇ ਗਏ ਹਨ।
ਸੂਤਰਾਂ ਮੁਤਾਬਕ ਚੀਨੀ ਜਹਾਜ਼ਾਂ ਦੀ ਇਹ ਕਾਰਵਾਈ 24-25 ਜੂਨ ਨੂੰ ਸ਼ੁਰੂ ਹੋਈ ਸੀ ਜਦ ਉਨ੍ਹਾਂ ਦਾ ਇਕ ਜਹਾਜ਼ ਪੂਰਬੀ ਲੱਦਾਖ ਵਿਚ ਟਕਰਾਅ ਵਾਲੀ ਥਾਂ ਦੇ ਕਾਫ਼ੀ ਨੇੜੇ ਉਡਿਆ ਸੀ। ਭਾਰਤੀ ਸੈਨਾ ਦੇ ਜਹਾਜ਼ ਵੀ ਪੂਰਬੀ ਲੱਦਾਖ ਵਿਚ ਲਗਾਤਾਰ ਉਡਾਣਾਂ ਭਰ ਰਹੇ ਹਨ। ਸੂਤਰਾਂ ਮੁਤਾਬਕ ਕੋਰ ਕਮਾਂਡਰ ਪੱਧਰ ਦੀ 17 ਜੁਲਾਈ ਨੂੰ ਹੋਈ ਵਾਰਤਾ ਵਿਚ ਵੀ ਇਹ ਮੁੱਦਾ ਚੀਨ ਨਾਲ ਉਠਾਇਆ ਗਿਆ ਸੀ।
ਜੰਗ ਹੋਣ ‘ਤੇ ਭਾਰਤ ਹੀ ਜਿੱਤੇਗਾ: ਰਾਜਨਾਥ
ਜੰਮੂ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਵੀ ਮੁਲਕ ‘ਤੇ ਮਾੜੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੂੰਹ ਤੋੜ ਜਵਾਬ ਦੇਣ ਲਈ ਭਾਰਤ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਜੇਕਰ ਕੋਈ ਜੰਗ ਹੋਈ ਤਾਂ ਭਾਰਤ ਹੀ ਜਿੱਤੇਗਾ। ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਮੁੜ ਹਾਸਲ ਕਰਨ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਹਿੱਸਾ ਹੈ। ‘ਕਾਰਗਿਲ ਵਿਜੈ ਦਿਵਸ’ ਦੇ ਸਬੰਧ ‘ਚ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ,”ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੇਕਰ ਕਿਸੇ ਵਿਦੇਸ਼ੀ ਤਾਕਤ ਨੇ ਸਾਡੇ ‘ਤੇ ਬੁਰੀ ਨਜ਼ਰ ਰੱਖੀ ਅਤੇ ਜੰਗ ਹੋਈ ਤਾਂ ਅਸੀਂ ਜਿੱਤਾਂਗੇ।” ਉਨ੍ਹਾਂ ਕਿਹਾ ਕਿ ਭਾਰਤ ਨੇ 1947 ਤੋਂ ਬਾਅਦ ਸਾਰੀਆਂ ਜੰਗਾਂ ‘ਚ ਪਾਕਿਸਤਾਨ ਨੂੰ ਹਰਾਇਆ ਹੈ ਅਤੇ ਇਨ੍ਹਾਂ ਹਾਰਾਂ ਤੋਂ ਬਾਅਦ ਹੀ ਉਸ ਨੇ ਲੁਕਵੀਆਂ ਜੰਗਾਂ ਦਾ ਰਾਹ ਅਪਣਾਇਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਫ਼ੌਜ ਭਵਿੱਖ ਦੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਨਾਲ ਜੰਗ ਦੌਰਾਨ ਜੰਮੂ ਕਸ਼ਮੀਰ ਦੇ ਲੋਕ ਆਪਣੀ ਫ਼ੌਜ ਨਾਲ ਖੜ੍ਹੇ ਰਹੇ ਸਨ। ਇਸ ਦੌਰਾਨ ਰੱਖਿਆ ਮੰਤਰੀ ਨੇ ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਆਗੂਆਂ ਨੂੰ ਕਿਹਾ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲੈਣ। ਉਨ੍ਹਾਂ ਜੰਮੂ ਕਸ਼ਮੀਰ ਦੇ ਭਾਜਪਾ ਆਗੂਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਦੇ ਹਾਲਾਤ, ਵਾਦੀ ‘ਚ ਸਿਆਸਤ ਸਮੇਤ ਹੋਰ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। ਮੀਟਿੰਗ ਦੌਰਾਨ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਵੀ ਹਾਜ਼ਰ ਸਨ।
ਰਾਜਸਥਾਨ ‘ਚ ਮਿਗ-21 ਕਰੈਸ਼, ਦੋਵੇਂ ਪਾਇਲਟਾਂ ਦੀ ਗਈ ਜਾਨ
ਨਵੀਂ ਦਿੱਲੀ : ਰਾਜਸਥਾਨ ਵਿਚ ਬਾੜਮੇਰ ਦੇ ਭੀਮੜਾ ਪਿੰਡ ਵਿਚ ਵੀਰਵਾਰ ਰਾਤ 9 ਵਜੇ ਦੇ ਕਰੀਬ ਹਵਾਈ ਫੌਜ ਦਾ ਇਕ ਫਾਈਟਰ ਜੈਟ ਮਿਗ-21 ਬਾਇਸਨ ਟ੍ਰੇਨਿੰਗ ਜਹਾਜ਼ ਕਰੈਸ਼ ਹੋ ਗਿਆ। ਇਸ ਵਿਚ ਅੱਗ ਲੱਗ ਗਈ ਅਤੇ ਮਲਬਾ ਕਰੀਬ ਅੱਧਾ ਕਿਲੋਮੀਟਰ ਦੇ ਦਾਇਰੇ ਵਿਚ ਖਿੱਲਰ ਗਿਆ। ਹਾਦਸੇ ਦੌਰਾਨ ਜਹਾਜ਼ ਵਿਚ ਸਵਾਰ ਦੋਵੇਂ ਪਾਇਲਟਾਂ ਦੀ ਜਾਨ ਚਲੇ ਗਈ। ਇਹ ਵੀ ਦੱਸਿਆ ਗਿਆ ਕਿ ਜਿੱਥੇ ਇਹ ਜਹਾਜ਼ ਡਿੱਗਿਆ, ਉਥੇ 15 ਫੁੱਟ ਦੇ ਘੇਰੇ ਵਿਚ ਵੱਡਾ ਟੋਆ ਵੀ ਪੈ ਗਿਆ। ਜ਼ਿਕਰਯੋਗ ਹੈ ਕਿ ਬਾੜਮੇਰ ਵਿਚ ਫੌਜ ਦੇ ਜਹਾਜ਼ ਹਾਦਸੇ ਦਾ 9 ਸਾਲਾਂ ਵਿਚ ਇਹ ਅੱਠਵਾਂ ਮਾਮਲਾ ਹੈ। ਹਵਾਈ ਫੌਜ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦਾ ਆਦੇਸ਼ ਦਿੱਤਾ ਹੈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ਸਬੰਧੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨਾਲ ਗੱਲਬਾਤ ਕੀਤੀ ਹੈ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …