ਮੋਟਰ ਵਾਹਨ ਵਿਭਾਗ ਦੀ ਲਾਇਸੈਂਸ ਰੱਦ ਕਰਨ ਦੀ ਨੀਤੀ ਰੋਕਣ ਦੀ ਮੰਗ
ਸੈਕਰਾਮੈਂਟੋ/ਬਿਊਰੋ ਨਿਊਜ਼ : ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ‘ਸਿੱਖ ਕੁਲੀਸ਼ਨ’ ਅਤੇ ਸਾਂ ਫਰਾਂਸਿਸਕੋ ਆਧਾਰਿਤ ‘ਏਸ਼ੀਅਨ ਲਾਅ ਕੌਕਸ’ ਨੇ ਕੈਲੀਫੋਰਨੀਆ (ਅਮਰੀਕਾ) ਦੇ ਮੋਟਰ ਵਾਹਨ ਵਿਭਾਗ ਦੀ ਉਸ ਨੀਤੀ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ ਜਿਸ ਤਹਿਤ ਤਕਰੀਬਨ 17 ਹਜ਼ਾਰ ਟਰੱਕ ਚਾਲਕਾਂ ਦੇ ਲਾਇਸੈਂਸ ਰੱਦ ਕਰਨ ਦੀ ਯੋਜਨਾ ਹੈ।
ਸਿੱਖ ਕੁਲੀਸ਼ਨ ਦੀ ਕਾਨੂੰਨੀ ਨਿਰਦੇਸ਼ਕ ਮਨਮੀਤ ਕੌਰ ਨੇ ਕਿਹਾ, ”ਇਨ੍ਹਾਂ ਡਰਾਈਵਰਾਂ ਨੇ ਸਾਲਾਂ ਤੱਕ ਆਪਣੀ ਜ਼ਿੰਦਗੀ ਇਸ ਕਾਰੋਬਾਰ ਨਾਲ ਜੋੜੀ ਹੈ ਅਤੇ ਹੁਣ ਉਨ੍ਹਾਂ ਨੂੰ ਬਿਨਾਂ ਕਿਸੇ ਗ਼ਲਤੀ ਦੇ ਸੰਭਾਵੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਉਨ੍ਹਾਂ ਇਲਜ਼ਾਮ ਲਾਇਆ ਕਿ ਟਰੱਕ ਚਾਲਕਾਂ ਦੇ ਲਾਇਸੈਂਸ ਰੱਦ ਕਰਨ ਦੀ ਰਾਜ ਦੀ ਯੋਜਨਾ ਉਨ੍ਹਾਂ ਦੇ ਹੱਕਾਂ ਦਾ ਉਲੰਘਣ ਕਰਦੀ ਹੈ ਤੇ ਉਨ੍ਹਾਂ ਦੇ ਰੁਜ਼ਗਾਰ ਨੂੰ ਖਤਰੇ ‘ਚ ਪਾਉਂਦੀ ਹੈ। ਉਹ ਅਲਮੇਡਾ ਕਾਊਂਟੀ ਸੁਪੀਰੀਅਰ ਕੋਰਟ ‘ਚ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਰੋਕਣ ਦੀ ਮੰਗ ਕਰ ਰਹੇ ਹਨ। ਕੈਲੀਫੋਰਨੀਆ ਡੀਐੱਮਵੀ ਨੇ ਕਿਹਾ ਕਿ ਉਹ ਸੁਣਵਾਈ ਅਧੀਨ ਮੁਕੱਦਮਿਆਂ ‘ਤੇ ਕੋਈ ਟਿੱਪਣੀ ਨਹੀਂ ਕਰਦਾ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰਾਜ ਨੇ ਤਕਰੀਬਨ 17 ਹਜ਼ਾਰ ਟਰੱਕ ਚਾਲਕਾਂ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾਣਗੇ ਕਿਉਂਕਿ ਉਨ੍ਹਾਂ ਦੀ ਕਾਨੂੰਨੀ ਮਾਨਤਾ ਖਤਮ ਹੋ ਚੁੱਕੀ ਹੈ। ਪਰਵਾਸੀ ਟਰੱਕ ਡਰਾਈਵਰਾਂ ਬਾਰੇ ਚਿੰਤਾਵਾਂ ਉਦੋਂ ਵਧ ਗਈਆਂ ਸਨ ਜਦੋਂ ਅਮਰੀਕਾ ਵਿੱਚ ਰਹਿਣ ਲਈ ਅਣਅਧਿਕਾਰਤ ਇੱਕ ਟਰੈਕਟਰ-ਟਰੇਲਰ ਡਰਾਈਵਰ ਨੇ ਗੈਰ-ਕਾਨੂੰਨੀ ਢੰਗ ਨਾਲ ‘ਯੂ-ਟਰਨ’ ਲਿਆ, ਜਿਸ ਕਾਰਨ ਅਗਸਤ ਮਹੀਨੇ ਵਿੱਚ ਫਲੋਰਿਡਾ ‘ਚ ਇੱਕ ਹਾਦਸਾ ਵਾਪਰ ਗਿਆ ਸੀ ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਕਤੂਬਰ ਵਿੱਚ ਕੈਲੀਫੋਰਨੀਆ ‘ਚ ਵਾਪਰੇ ਇੱਕ ਭਿਆਨਕ ਹਾਦਸੇ ਨੇ ਇਨ੍ਹਾਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਸੀ। ਇਸ ਹਾਦਸੇ ਵਿੱਚ ਵੀ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਹਾਦਸੇ ਵਿੱਚ ਸ਼ਾਮਲ ਟਰੱਕ ਡਰਾਈਵਰ ਵੀ ਦੇਸ਼ ‘ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ।
30 ਭਾਰਤੀ ਟਰੱਕ ਚਾਲਕ ਗ੍ਰਿਫਤਾਰ
ਨਿਊਯਾਰਕ: ਅਮਰੀਕੀ ਬਾਰਡਰ ਪੈਟਰੋਲ ਏਜੰਟਾਂ ਨੇ ਅਮਰੀਕਾ ‘ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਅਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਾਲ ਸੈਮੀ ਟਰੱਕ ਚਲਾ ਰਹੇ 49 ਪਰਵਾਸੀ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ‘ਚ 30 ਭਾਰਤੀ ਨਾਗਰਿਕ ਵੀ ਸ਼ਾਮਲ ਹਨ।
ਦੂਜੇ ਪਾਸੇ, ਗ੍ਰਹਿ ਸੁਰੱਖਿਆ ਵਿਭਾਗ ਨੇ ਐਲਾਨ ਕੀਤਾ ਕਿ ਉਹ ਐੱਚ-1ਬੀ ਵਰਕ ਵੀਜ਼ਾ ਲਈ ਆਪਣੀ ਪੁਰਾਣੀ ਲਾਟਰੀ ਪ੍ਰਣਾਲੀ ਨੂੰ ਨਵੀਂ ਨੀਤੀ ‘ਚ ਤਬਦੀਲ ਕਰ ਰਿਹਾ ਹੈ ਜਿਸ ਤਹਿਤ ਹੁਨਰ ਤੇ ਵਧੇਰੇ ਤਨਖਾਹ ਲੈਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਕੈਲੀਫੋਰਨੀਆ ਦੇ ਸਿੱਖ ਟਰੱਕ ਚਾਲਕਾਂ ਵੱਲੋਂ ਕੇਸ ਦਾਇਰ
RELATED ARTICLES

