ਚੰਡੀਗੜ੍ਹ : ਹਾਈਕੋਰਟ ਨੇ ਇਨਕਮ ਟੈਕਸ ਵਿਭਾਗ ਦੀ ਅਰਜ਼ੀ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਨੋਟਿਸ ਜਾਰੀ ਕਰਕੇ 24 ਅਪ੍ਰੈਲ ਨੂੰ ਤਲਬ ਕੀਤਾ ਹੈ। ਟੈਕਸ ਚੋਰੀ ਦੇ ਮਾਮਲੇ ਵਿਚ ਦੋਵਾਂ ਨੂੰ ਤਲਬ ਕਰਨ ਦੇ ਨਿਰਦੇਸ਼ਾਂ ਨੂੰ ਰੱਦ ਕਰਨ ਦੇ ਲੁਧਿਆਣਾ ਦੀ ਸੈਸ਼ਨ ਕੋਰਟ ਦੇ ਫੈਸਲੇ ਨੂੰ ਇਨਕਮ ਟੈਕਸ ਵਿਭਾਗ ਨੇ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ। ਇਨਕਮ ਟੈਕਸ ਵਿਭਾਗ ਵਲੋਂ ਅਸਿਸਟੈਂਟ ਸੌਲੀਸਿਟਰ ਜਨਰਲ ਆਫ ਇੰਡੀਆ ਚੇਤਨ ਮਿੱਤਲ ਨੇ ਹਾਈਕੋਰਟ ਨੂੰ ਦੱਸਿਆ ਕਿ 24 ਅਪ੍ਰੈਲ 2017 ਨੂੰ ਲੁਧਿਆਣਾ ਦੀ ਟ੍ਰਾਇਲ ਅਦਾਲਤ ਨੇ ਕੈਪਟਨ ਅਤੇ ਰਣਇੰਦਰ ਸਿੰਘ ਨੂੰ ਸੰਮਣ ਕੀਤਾ ਸੀ। ਸੰਮਣ ਨੂੰ ਦੋਵੇਂ ਨੇ ਸੈਸ਼ਨ ਕੋਰਟ ਵਿਚ ਚੁਣੌਤੀ ਦਿੱਤੀ ਸੀ। 27 ਨਵੰਬਰ ਨੂੰ ਦੋਵਾਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਸੈਸ਼ਨ ਕੋਰਟ ਨੇ ਸੰਮਣ ਰੱਦ ਕਰ ਦਿੱਤੇ ਸਨ। ਸੰਮਣ ਰੱਦ ਕਰਨ ਦੇ ਇਸੇ ਨਿਰਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ। ਮਿੱਤਲ ਨੇ ਕਿਹਾ ਕਿ ਗਲਤ ਤੱਥਾਂ ਨੂੰ ਅਧਾਰ ਬਣਾ ਕੇ ਸੰਮਣਾਂ ਦੇ ਨਿਰਦੇਸ਼ ਰੱਦ ਕਰਵਾਏ ਗਏ ਹਨ। ਅਜਿਹੇ ਵਿਚ ਸੈਸ਼ਨ ਕੋਰਟ ਦੇ ਨਿਰਦੇਸ਼ ਨੂੰ ਰੱਦ ਕਰਕੇ ਸੰਮਣ ਵਾਲੇ ਨਿਰਦੇਸ਼ਾਂ ਨੂੰ ਬਹਾਲ ਕੀਤਾ ਜਾਵੇ।
ਇਨਕਮ ਟੈਕਸ ਵਿਭਾਗ ਦਾ ਆਰੋਪ – ਵਿਦੇਸ਼ਾਂ ‘ਚ ਹੈ ਕਈ ਸੰਪਤੀਆਂ : ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਦੇ ਖਿਲਾਫ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿਚ ਇਨਕਮ ਟੈਕਸ ਵਿਭਾਗ ਦੀ ਸ਼ਿਕਾਇਤ ‘ਤੇ ਹੀ ਕੇਸ ਚੱਲ ਰਿਹਾ ਹੈ। ਇਨਕਮ ਟੈਕਸ ਵਿਭਾਗ ਦੀ ਟੈਕਸ ਚੋਰੀ ਦੀ ਸ਼ਿਕਾਇਤ ਵਿਚ ਆਰੋਪ ਲਗਾਇਆ ਗਿਆ ਹੈ ਕਿ ਉਨ੍ਹਾਂ ਦੀਆਂ ਵਿਦੇਸ਼ਾਂ ਵਿਚ ਕਈ ਚੱਲ ਤੇ ਅਚੱਲ ਸੰਪਤੀਆਂ ਹਨ, ਜਿਸ ਦੇ ਬਾਰੇ ਵਿਚ ਉਨ੍ਹਾਂ ਨੇ ਵਿਭਾਗ ਨੂੰ ਵੀ ਹਨ੍ਹੇਰੇ ਵਿਚ ਰੱਖਦੇ ਹੋਏ ਕਈ ਲਾਭ ਹਾਸਲ ਕੀਤੇ। ਇਨਕਮ ਟੈਕਸ ਵਿਭਾਗ ਦਾ ਆਰੋਪ ਹੈ ਕਿ ਜਾਣ ਬੁਝ ਕੇ ਇਹ ਦਸਤਾਵੇਜ਼ ਇਨਕਮ ਟੈਕਸ ਵਿਭਾਗ ਕੋਲੋਂ ਲੁਕੋਏ ਗਏ ਹਨ। ਇਸੇ ਮਾਮਲੇ ਵਿਚ ਟਰਾਇਲ ਅਦਾਲਤ ਨੇ ਦੋਵਾਂ ਨੂੰ ਸੰਮਣ ਕੀਤਾ ਸੀ।
ਟੈਕਸ ਚੋਰੀ ਕੇਸ ਵਿਚ ਅਮਰਿੰਦਰ ਅਤੇ ਰਣਇੰਦਰ ਨੂੰ ਨੋਟਿਸ
RELATED ARTICLES

