ਨੋਟਬੰਦੀ ਤੇ ਜੀਐਸਟੀ ਕਾਰਨ ਆਰਥਿਕ ਮੰਦੀ – ਅਜੇ ਵੀ ਸਿਆਣਿਆਂ ਦੀ ਸਲਾਹ ਲੈ ਲਵੇ ਸਰਕਾਰ : ਮਨਮੋਹਨ ਸਿੰਘ
ਨਵੀਂ ਦਿੱਲੀ : ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਆਰਥਿਕ ਵਾਧੇ ਦੀ ਦਰ ਘਟ ਕੇ 5 ਫੀਸਦੀ ‘ਤੇ ਆਉਣ ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਸਰਕਾਰ ‘ਤੇ ਐਤਵਾਰ ਨੂੰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਹਾਲਤ ਬੇਹੱਦ ਚਿੰਤਾਜਨਕ ਹੈ। ਨੋਟਬੰਦੀ ਅਤੇ ਜੀਐਸਟੀ ਸਬੰਧੀ ਮੋਦੀ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਹੀ ਇਹ ਸਿੱਟਾ ਹੈ। ਇਕ ਬਿਆਨ ਵਿਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਤਿਮਾਹੀ ਵਿਚ 5 ਫੀਸਦੀ ਦੀ ਜੀਡੀਪੀ ਦੇ ਵਾਧੇ ਦੀ ਦਰ ਦਰਸਾਉਂਦੀ ਹੈ ਕਿ ਅਸੀਂ ਲੰਬੇ ਸਮੇਂ ਤੱਕ ਟਿਕੀ ਰਹਿਣ ਵਾਲੀ ਆਰਥਿਕ ਨਰਮੀ ਦੇ ਦੌਰ ਵਿਚ ਹਾਂ। ਭਾਰਤੀ ਅਰਥ ਵਿਵਸਥਾ ਵਿਚ ਤੇਜ਼ੀ ਨਾਲ ਵਧਣ ਦੀ ਸਮਰੱਥਾ ਹੈ। ਭਾਰਤ ਇਸੇ ਦਿਸ਼ਾ ਵਿਚ ਲਗਾਤਾਰ ਨਹੀਂ ਚੱਲ ਸਕਦਾ। ਇਸ ਲਈ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਬਦਲੇ ਦੀ ਸਿਆਸਤ ਛੱਡ ਕੇ ਮਨੁੱਖ ਵਲੋਂ ਬਣੇ ਸੰਕਟ ਵਿਚੋਂ ਮੌਜੂਦਾ ਅਰਥ ਵਿਵਸਥਾ ਨੂੰ ਕੱਢਣ ਲਈ ਸਿਆਣੇ ਲੋਕਾਂ ਦੀ ਅਵਾਜ਼ ਸੁਣੇ। ਮਨਮੋਹਨ ਸਿੰਘ ਨੇ ਕਿਹਾ ਕਿ ਇਹ ਗੱਲ ਵਿਸ਼ੇਸ਼ ਤੌਰ ‘ਤੇ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਨਿਰਮਾਣ ਖੇਤਰ ਵਿਚ ਵਾਧਾ ਸਿਰਫ 0.6 ਫੀਸਦੀ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਸਾਡੀ ਅਰਥ ਵਿਵਸਥਾ ਨੋਟਬੰਦੀ ਅਤੇ ਜਲਦਬਾਜ਼ੀ ਵਿਚ ਜੀਐਸਟੀ ਨੂੰ ਲਾਗੂ ਕਰਨ ਦੀ ਗਲਤੀ ਤੋਂ ਅਜੇ ਤੱਕ ਉਭਰ ਨਹੀਂ ਸਕੀ ਹੈ।
ਭਾਰਤ ਦੀ ਵਿਕਾਸ ਦਰ ਡਿੱਗ ਕੇ 5 ਫੀਸਦੀ ‘ਤੇ ਆਈ
ਨਵੀਂ ਦਿੱਲੀ: ਉਤਪਾਦਨ ਖੇਤਰ ਵਿੱਚ ਤੇਜ਼ੀ ਨਾਲ ਆਏ ਨਿਘਾਰ ਤੇ ਖੇਤੀ ਪੈਦਾਵਾਰ ਵਿੱਚ ਮੰਦੀ ਕਰਕੇ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ ਪਿਛਲੇ ਸੱਤ ਸਾਲਾਂ ਵਿੱਚ 5 ਫੀਸਦ ਨਾਲ ਸਭ ਤੋਂ ਹੇਠਲੇ ਪੱਧਰ ‘ਤੇ ਪੁੱਜ ਗਈ ਹੈ। ਆਰਬੀਆਈ ਵੱਲੋਂ ਇਹ ਖੁਲਾਸਾ ਇਥੇ ਮੁਦਰਾ ਨੀਤੀ ਦੀ ਸਮੀਖਿਆ ਮਗਰੋਂ ਜਾਰੀ ਬਿਆਨ ਵਿੱਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2012-13 ਦੀ ਪਹਿਲੀ ਤਿਮਾਹੀ ਦੌਰਾਨ ਅਰਥਚਾਰੇ ਦੀ ਵਿਕਾਸ ਦਰ 4.9 ਫੀਸਦ ਨਾਲ ਸਭ ਤੋਂ ਹੇਠਲੀ ਪਾਇਦਾਨ ‘ਤੇ ਰਹੀ ਸੀ। ਪਿਛਲੇ ਵਿੱਤੀ ਸਾਲ (2018-19) ਦੀ ਇਸੇ ਤਿਮਾਹੀ ‘ਚ ਵਿਕਾਸ ਦਰ 8 ਫੀਸਦ ਸੀ। ਕੇਂਦਰੀ ਬੈਂਕ ਨੇ ਜੂਨ ਮਹੀਨੇ ਨੀਤੀ ਨਿਰਧਾਰਣ ਲਈ ਰੱਖੀ ਮੀਟਿੰਗ ਮੌਕੇ ਵਿੱਤੀ ਸਾਲ 2019-20 ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ ਸੱਤ ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ, ਜਿਸ ਨੂੰ ਸਮੀਖਿਆ ਮੀਟਿੰਗ ਉਪਰੰਤ 0.1 ਫੀਸਦ ਘਟਾਉਂਦਿਆਂ 6.9 ਫੀਸਦ ਕਰ ਦਿੱਤਾ ਗਿਆ।
ਸੱਤਾ ਦੀ ਐਨਕ ‘ਚ ਭਾਜਪਾ ਨੂੰ ਨਹੀਂ ਨਜ਼ਰ ਆ ਰਹੀ ਮੰਦੀ
ਬੇਸ਼ੱਕ ਸਭ ਰਿਪੋਰਟਾਂ ਵਿਚ ਦੇਸ਼ ‘ਚ ਆਰਥਿਕ ਮੰਦੀ ਦੀ ਗੱਲ ਕਹੀ ਜਾ ਰਹੀ ਹੈ, ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਮੰਨਣ ਨੂੰ ਹੀ ਤਿਆਰ ਨਹੀਂ ਕਿ ਭਾਰਤ ‘ਚ ਆਰਥਿਕ ਮੰਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਤੋਂ ਸਾਫ ਇਨਕਾਰ ਕੀਤਾ ਹੈ। ਮੈਂ ਪਹਿਲਾਂ ਵੀ ਦੋ ਵਾਰ ਇਸ ਪ੍ਰਕਿਰਿਆ ਵਿਚੋਂ ਲੰਘ ਚੁੱਕੀ ਹਾਂ। ਨੌਕਰੀਆਂ ਜਾਣ ਦੇ ਸਵਾਲ ‘ਤੇ ਨਿਰਮਲਾ ਨੇ ਕਿਹਾ ਕਿ ਵਧੇਰੇ ਨੌਕਰੀਆਂ ਗੈਰ ਸੰਗਠਿਤ ਖੇਤਰ ਵਿਚ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਡਾਟਾ ਸਾਡੇ ਕੋਲ ਨਹੀਂ ਹੈ।
ਕਿਸੇ ਅਜਿਹੇ ਵਿਅਕਤੀ ਦੀ ਅੱਜ ਦੇਸ਼ ਨੂੰ ਜ਼ਰੂਰਤ ਹੈ ਜੋ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੁਤਬੇ ਤੋਂ ਭੈਅ ਮੁਕਤ ਹੋ ਕੇ ਉਨ੍ਹਾਂ ਨਾਲ ਤਾਜੇ ਹਲਾਤ ‘ਤੇ ਬੇਝਿਜਕ, ਬੇਖੌਫ ਹੋ ਕੇ ਬਹਿਸ ਕਰ ਸਕੇ।
–ਮੁਰਲੀ ਮਨੋਹਰ ਜੋਸ਼ੀ
ਜੇਕਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਰਥਿਕ ਸਥਿਤੀ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ ਤਾਂ ਕੇਂਦਰ ਨੂੰ ਗੌਰ ਕਰਨਾ ਚਾਹੀਦਾ ਹੈ। ਡਾ.ਮਨਮੋਹਨ ਸਿੰਘ ਦੀ ਗੱਲ ਸੁਣਨਾ ਦੇਸ਼ ਦੇ ਹਿਤ ਵਿਚ ਹੈ। -ਸ਼ਿਵ ਸੈਨਾ
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …