Breaking News
Home / ਪੰਜਾਬ / 12ਵੀਂ ਜਮਾਤ ਦੇ ਬੱਚਿਆਂ ਨੂੰ ਗੁਰ ਇਤਿਹਾਸ ਪੜ੍ਹਨ ਤੋਂ ਕੀਤਾ ਵਾਂਝਾ?

12ਵੀਂ ਜਮਾਤ ਦੇ ਬੱਚਿਆਂ ਨੂੰ ਗੁਰ ਇਤਿਹਾਸ ਪੜ੍ਹਨ ਤੋਂ ਕੀਤਾ ਵਾਂਝਾ?

ਨਵੀਂ ਕਿਤਾਬ ‘ਚ ਅਜ਼ਾਦੀ ਲਹਿਰ ਦੌਰਾਨ ਪੰਜਾਬੀਆਂ ਦੇ ਯੋਗਦਾਨ ਨੂੰ ਵੀ ਕੀਤਾ ਨਜ਼ਰਅੰਦਾਜ਼
ਜਲੰਧਰ/ਬਿਊਰੋ ਨਿਊਜ਼ : 12ਵੀਂ ਜਮਾਤ ਨੂੰ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਨਵੀਂ ਕਿਤਾਬ ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੱਚਿਆਂ ਨੂੰ ਗੁਰ ਇਤਿਹਾਸ ਪੜ੍ਹਨ ਤੋਂ ਵਾਂਝਾ ਕਰ ਦਿੱਤਾ ਹੈ। ਇਸ ਨਵੀਂ ਕਿਤਾਬ ਵਿਚ ਅਜ਼ਾਦੀ ਲਹਿਰ ਵਿਚ ਪੰਜਾਬੀਆਂ ਵਲੋਂ ਪਾਏ ਯੋਗਦਾਨ ਨੂੰ ਵੀ ਅਣਗੌਲਿਆ ਕਰ ਦਿੱਤਾ ਗਿਆ ਹੈ। ਪਿਛਲੇ ਵਰ੍ਹੇ ਤੱਕ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ‘ਪੰਜਾਬ ਦਾ ਇਤਿਹਾਸ’ ਸਿਰਲੇਖ ਵਾਲੀ ਪਾਠ ਪੁਸਤਕ ਪੜ੍ਹਾਈ ਜਾਂਦੀ ਰਹੀ ਹੈ। ਇਸ ਕਿਤਾਬ ਦੀ ਸ਼ੁਰੂਆਤ ਹੀ ‘ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦੇ ਇਤਿਹਾਸ ਉੱਪਰ ਪ੍ਰਭਾਵ’ ਦੇ ਵਿਸ਼ੇ ਤੋਂ ਹੁੰਦੀ ਸੀ। ਪਹਿਲੇ ਤਿੰਨ ਲੇਖਾਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸ ਹੀ ਨਹੀਂ ਸਗੋਂ ਭੂਗੋਲਿਕ, ਰਾਜਸੀ, ਸਮਾਜਿਕ ਤੇ ਆਰਥਿਕ ਵਿਕਾਸ ਬਾਰੇ ਵੀ ਜਾਣਕਾਰੀ ਮਿਲਦੀ ਸੀ। ਇਸ ਤੋਂ ਅਗਲੇ 7 ਚੈਪਟਰਾਂ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਦੀ ਸਾਜਨਾ ਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ। ਇਸ ਤੋਂ ਅਗਲੇ 13 ਚੈਪਟਰਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ, ਮੁਗ਼ਲ ਹੁਕਮਰਾਨਾਂ ਦੇ ਸਿੱਖਾਂ ਨਾਲ ਉਨ੍ਹਾਂ ਦੇ ਸਬੰਧ, ਦਲ ਖ਼ਾਲਸਾ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਰਾਜ ਅਤੇ ਪਹਿਲੇ ਤੇ ਦੂਜੇ ਸਿੱਖ ਯੁੱਧਾਂ ਦਾ ਵਰਨਣ ਦਿੱਤਾ ਗਿਆ ਸੀ। ਪਰ ਬੋਰਡ ਵਲੋਂ 11ਵੀਂ ਤੇ 12ਵੀਂ ਜਮਾਤ ਦੀਆਂ ਪਾਠ ਪੁਸਤਕਾਂ ਦੀ ਨਵੀਂ ਵਿਉਂਤਬੰਦੀ ਕਰਦਿਆਂ 12ਵੀਂ ਜਮਾਤ ਦੀ ‘ਪੰਜਾਬ ਦੇ ਇਤਿਹਾਸ’ ਸਿਰਲੇਖ ਨੂੰ ਅਡੋਪਲੇ ਜਿਹੇ ਸਾਧਾਰਨ ‘ਇਤਿਹਾਸ’ ਵਿਚ ਬਦਲ ਦਿੱਤਾ ਗਿਆ ਹੈ। ਵੇਖਣ ਨੂੰ ਇਹ ਸਾਧਾਰਨ ਜਿਹੀ ਗੱਲ ਲੱਗ ਸਕਦੀ ਹੈ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੋਰਡ ਦੇ ਇਮਤਿਹਾਨ ਵਾਲੀ ਕਿਤਾਬ ਦੇ ਨਾਂ ‘ਪੰਜਾਬ ਦਾ ਇਤਿਹਾਸ’ ਵਿਚੋਂ ਪੰਜਾਬ ਸ਼ਬਦ ਹੀ ਕੱਢ ਦੇਣਾ ਡੂੰਘੀ ਸਾਜਿਸ਼ ਦਾ ਨਤੀਜਾ ਹੈ ਤੇ ਕਿਤਾਬ ਦਾ ਸਿਰਲੇਖ ਬਦਲਣਾ ਪੰਜਾਬੀ ਬੱਚਿਆਂ ਨੂੰ ਆਪਣੇ ਹੀ ਇਤਿਹਾਸ ਤੋਂઠਅਣਜਾਣ ਬਣਾਉਣ ਦਾ ਮੁੱਢ ਬੰਨ੍ਹਣ ਵਾਲਾ ਕਦਮ ਹੈ। ਦੇਸ਼ ਅੰਦਰਲੇ ਸਾਰੇ ਗਿਆਨ ਨੂੰ ਕੌਮੀ ਗਿਆਨ ਅਨੁਸਾਰੀ ਬਣਾਉਣ ਜਾਂ ਢਾਲਣ ਦੀ ਚੱਲ ਰਹੀ ਕਵਾਇਦ ਦੇ ਧਾਰਨੀ ਬਣਦਿਆਂ ਬੋਰਡ ਨੇ ਪਾਠ ਪੁਸਤਕ ਵਿਚੋਂ ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ ਦੇ ਸਾਰੇ ਗੁਰ-ਇਤਿਹਾਸ ਨੂੰ ਬਾਹਰ ਕੱਢ ਦਿੱਤਾ ਹੈ। ਏਨਾ ਹੀ ਨਹੀਂ ਪੰਜਾਬ ਦੇ ਸਮਾਜਿਕ, ਰਾਜਸੀ, ਧਾਰਮਿਕ ਤੇ ਆਰਥਿਕ ਵਿਕਾਸ ਦੇ ਇਤਿਹਾਸ ਉੱਪਰ ਵੀ ਪੋਚਾ ਫੇਰ ਦਿੱਤਾ ਹੈ, ਇਥੋਂ ਤੱਕ ਕਿ ਨਵੀਂ ਤਿਆਰ ਕੀਤੀ ਪਾਠ ਪੁਸਤਕ ਵਿਚ ‘ਭਾਰਤ ਵਿਚ ਰਾਸ਼ਟਰਵਾਦ ਦਾ ਉਭਾਰ’ ਅਤੇ ‘ਸੁਤੰਤਰਤਾ ਵੱਲ ਭਾਰਤ’ ਦੇ ਸਿਰਲੇਖ ਵਾਲੇ ਦੋ ਵੱਡੇ ਲੇਖ ਸ਼ਾਮਿਲ ਕੀਤੇ ਗਏ ਹਨ ਪਰ ਇਨ੍ਹਾਂ ਲੇਖਾਂ ਵਿਚ ਭਾਰਤ ਦੀ ਅਜ਼ਾਦੀ ਦੀ ਲਹਿਰ ਵਿਚ ਪੰਜਾਬ ਵਲੋਂ ਪਾਏ ਵੱਡੇ ਯੋਗਦਾਨ ਦੇ ਬਹੁਤ ਵੱਡੇ ਹਿੱਸੇ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਗਿਆ ਹੈ। ਸੁਤੰਤਰਤਾ ਲਈ ਪੰਜਾਬ ਅੰਦਰੋਂ ਉਠਦੀਆਂ ਰਹੀਆਂ ਲਹਿਰਾਂ ਤੇ ਫਾਂਸੀਆਂ ਦੇ ਰੱਸੇ ਚੁੰਮਦੇ ਤੇ ਕੈਦਾਂ ਕੱਟਣ ਵਾਲੇ ਬਹੁਤੇ ਪੰਜਾਬੀਆਂ ਦਾ ਕਿਧਰੇ ਵੀ ਜ਼ਿਕਰ ਤੱਕ ਵੀ ਨਹੀਂ ਹੈ। ਬੋਰਡ ਵਲੋਂ 11ਵੀਂ ਜਮਾਤ ਦੀ ਪਾਠ ਪੁਸਤਕ ਵਿਚ ਗੁਰ-ਇਤਿਹਾਸ ਪੜ੍ਹਾਏ ਜਾਣ ਦੀ ਗੱਲ ਵੀ ਬੜੀ ਬੇਤੁੱਕੀ ਹੈ। ਪਿਛਲੇ ਸਮੇਂ ਤੋਂ 12ਵੀਂ ਜਮਾਤ ਨੂੰ ਗੁਰ-ਇਤਿਹਾਸ ਤੇ ਪੰਜਾਬ ਬਾਰੇ ਭਰਪੂਰ ਜਾਣਕਾਰੀ ਪੜ੍ਹਾਈ ਜਾ ਰਹੀ ਸੀ। 11ਵੀਂ ਦੀ ਪਾਠ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਕੁਝ ਪਾਠ ਸ਼ਾਮਿਲ ਸਨ ਪਰ ਇਹ ਪਾਠ ਬੇਹੱਦ ਸੰਖੇਪ ਸਨ ਜਦ ਕਿ 12ਵੀਂ ਜਮਾਤ ਦੇ ‘ਪੰਜਾਬ ਦਾ ਇਤਿਹਾਸਨਾਮੀ ਪੁਸਤਕ ਵਿਚ ਵਿਸਥਾਰਤ ਜਾਣਕਾਰੀ ਪੜ੍ਹਾਈ ਜਾਂਦੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਬਾਰ੍ਹਵੀਂ ਦਾ ਇਮਤਿਹਾਨ ਬੋਰਡ ਦਾ ਹੁੰਦਾ ਹੈ। ਬਹੁਤ ਸਾਰੇ ਵਿਦਿਆਰਥੀ 10ਵੀਂ ਤੋਂ ਬਾਅਦ ਸਿੱਧਾ ਬੋਰਡ ਦਾ ਇਮਤਿਹਾਨ ਦਿੰਦੇ ਹਨ ਜਾਂ ਫਿਰ ਓਪਨ ਸਕੂਲ ਪੜ੍ਹਾਈ ਵਾਲੇ ਵੀ ਸਿੱਧਾ ਇਮਤਿਹਾਨ ਬੋਰਡ ਦਾ ਹੀ ਦਿੰਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਨਾ ਫਿਰ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਪੜ੍ਹਨ ਦਾ ਮੌਕਾ ਹੀ ਨਹੀਂ ਮਿਲੇਗਾ। ਦੇਸ਼ ਅੰਦਰ ਇਸ ਵੇਲੇ ਇਤਿਹਾਸ ਤੇ ਪੜ੍ਹਾਈ ਨੂੰ ਇਕ ਵੱਖਰੀ ਐਨਕ ਰਾਹੀਂ ਦੇਖਣ ਤੇ ਜਾਨਣ ਦਾ ਸਿਲਸਿਲਾ ਚੱਲ ਰਿਹਾ ਹੈ। ਬੋਰਡ ਵਲੋਂ ਪਾਠ ਪੁਸਤਕ ਦਾ ਤੱਤ ਬਦਲ ਸੁੱਟਣ ਵਿਰੁੱਧ ਵਿਆਪਕ ਰੋਸ ਪਾਇਆ ਜਾ ਰਿਹਾ ਹੈ ਤੇ ਸਕੂਲੀ ਵਿਸ਼ਾ ਸੂਚੀ ਨਾਲ ਵੱਡੀ ਛੇੜ-ਛਾੜ ਦਾ ਮੁੱਦਾ ਵੀ ਸਮਝਿਆ ਜਾ ਰਿਹਾ ਹੈ।

Check Also

ਤੇਜਿੰਦਰ ਪਾਲ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫ਼ਾ

ਬਿੱਟੂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੀ ਉਮੀਦ ਨਵੀਂ ਦਿੱਲੀ/ਬਿਊਰੋ ਨਿਊਜ਼ : ਆਲ …